UK: ਕੋਰੋਨਾ ਨੇ ਲਈ 1,500 ਤੋਂ ਵੱਧ ਐੱਨ ਐੱਚ ਐੱਸ ਅਤੇ ਦੇਖਭਾਲ ਕਰਮਚਾਰੀਆਂ ਦੀ ਜਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕੰਮ ਦੌਰਾਨ ਵਾਇਰਸ ਦੀ ਲਾਗ ਲੱਗਣ ਕਾਰਨ 1,500 ਤੋਂ ਵੱਧ ਸਿਹਤ ਅਤੇ ਸ਼ੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋਈ ਹੈ। ਲੇਬਰ ਸੰਸਦ ਮੈਂਬਰ ਡੈਮ ਡਾਇਨਾ ਜਾਨਸਨ ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ 9 ਮਾਰਚ ਤੋਂ ਇਸ ਸਾਲ 7 ਮਈ ਦਰਮਿਆਨ ਕੁੱਲ 922 ਸਮਾਜ ਸੇਵਕ ਕਰਮਚਾਰੀਆਂ ਦੀ ਅਤੇ ਇਸੇ ਅਰਸੇ ਦੇ ਅੰਦਰ 639 ਐੱਨ ਐੱਚ ਐੱਸ ਕਰਮਚਾਰੀਆਂ ਦੀ ਕੋਰੋਨਾ ਵਾਇਰਸ ਕਰਕੇ ਜਾਨ ਗਈ।

ਡੇਮ ਡਾਇਨਾ ਨੇ 1561 ਦੇ ਕਰੀਬ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਜੁੜੀਆਂ ਇਹਨਾਂ ਮੌਤਾਂ ਨੂੰ ਇੱਕ ‘ਰਾਸ਼ਟਰੀ ਦੁਖਾਂਤ’ ਦੱਸਿਆ ਹੈ। ਇਸ ਸੰਸਦ ਮੈਂਬਰ ਨੇ ਸਰਕਾਰ ਨੂੰ ਐੱਨ ਐੱਚ ਐੱਸ, ਸਮਾਜਿਕ ਦੇਖਭਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਸਟਾਫ ਲਈ ਇੱਕ ਨਵੀਂ ਨੀਤੀ ਤਿਆਰ ਕਰਨ ਦੀ ਬੇਨਤੀ ਕੀਤੀ, ਜੋ ਕਿ ਇਹਨਾਂ ਕਰਮਚਾਰੀਆਂ ਦੀ ਸੈਨਿਕਾਂ ਵਾਂਗ ਸੁਰੱਖਿਆ ਕਰੇ।

ਇਸਦੇ ਇਲਾਵਾ ਡੇਮ ਅਨੁਸਾਰ ਇਹਨਾਂ ਕਰਮਚਾਰੀਆਂ ਨੂੰ ਆਪਣੇ ਕੰਮ ਦੌਰਾਨ ਪੀ ਪੀ ਈ ਉਪਕਰਨਾਂ ਜਾਂ ਕੋਰੋਨਾ ਟੈਸਟਾਂ ਦੀ ਘਾਟ ਕਰਕੇ ਆਪਣੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ ਅਤੇ ਇਹਨਾਂ ਦੇ ਕੰਮ ਦੇ ਮੁੱਢਲੇ ਸੁਰੱਖਿਆ ਮਾਪਦੰਡਾਂ ਦੀ ਗਰੰਟੀ ਹੋਣੀ ਚਾਹੀਦੀ ਹੈ। ਜਨਰਲ ਟਰੇਡ ਯੂਨੀਅਨ (ਜੀ ਟੀ ਯੂ) ਦੀ ਕੌਮੀ ਕੇਅਰ ਲੀਡ, ਕੈਲੀ ਐਂਡਰਿਊਜ਼ ਨੇ ਵੀ ਸਹਿਮਤੀ ਦਿੰਦਿਆਂ ਯੂਕੇ ਵਾਸੀਆਂ ਅਤੇ ਸਰਕਾਰ ਨੂੰ ਐੱਨ ਐੱਚ ਐੱਸ ਕਰਮਚਾਰੀਆਂ ਦੇ ਯੋਗਦਾਨ ਨੂੰ ਨਾ ਭੁੱਲਣ ਦੀ ਅਪੀਲ ਕੀਤੀ।

Share This :

Leave a Reply