UK: ਮੁੜ ਹੋਇਆ ਕੋਰੋਨਾ ਧਮਾਕਾ, 1 ਦਿਨ ‘ਚ ਦਰਜ ਹੋਏ 42,000 ਤੋਂ ਵੱਧ ਕੇਸ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਇੱਕ ਵਾਰ ਫਿਰ ਤੋਂ ਵਾਇਰਸ ਦੇ ਮਾਮਲੇ ਵਧ ਰਹੇ ਹਨ। ਕੋਰੋਨਾ ਵਾਇਰਸ ਸਬੰਧੀ ਅੰਕੜਿਆਂ ਅਨੁਸਾਰ 14 ਜੁਲਾਈ ਨੂੰ ਤਕਰੀਬਨ 42,302 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ ਹਨ ਜੋ ਕਿ ਜਨਵਰੀ ਦੇ ਅੱਧ ਵਿੱਚ ਵਾਇਰਸ ਦੀ ਦੂਜੀ ਲਹਿਰ ਦੇ ਸਿਖਰ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸਦੇ ਨਾਲ ਹੀ ਸਕਾਰਾਤਮਕ ਟੈਸਟ ਤੋਂ 28 ਦਿਨਾਂ ਦੇ ਅੰਦਰ 49 ਹੋਰ  ਕੋਰੋਨਾ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਬਾਵਜੂਦ ਵੀ ਵਾਇਰਸ ਦੀ ਲਾਗ ਵਧ ਰਹੀ ਹੈ। ਕੋਰੋਨਾ ਵੈਕਸੀਨ ਸਬੰਧੀ 13 ਜੁਲਾਈ ਤੱਕ ਦੇ ਅੰਕੜੇ ਦਰਸਾਉਂਦੇ ਹਨ ਕਿ ਵੈਕਸੀਨ ਦੀਆਂ ਤਕਰੀਬਨ 81,192,857 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਹਨਾਂ ਵਿੱਚੋਂ 46,037,090 ਪਹਿਲੀਆਂ ਅਤੇ ਲੱਗਭਗ 35,155,767 ਦੂਜੀਆਂ ਖੁਰਾਕਾਂ ਹਨ।

ਇਸ ਦੌਰਾਨ ਪਬਲਿਕ ਹੈਲਥ ਇੰਗਲੈਂਡ ਦੀ ਮੈਡੀਕਲ ਡਾਇਰੈਕਟਰ ਡਾ.ਵੋਇਨ ਡੋਇਲ ਨੇ ਵਧ ਰਹੇ ਵਾਇਰਸ ਦੇ ਕੇਸਾਂ, ਮੌਤਾਂ ਅਤੇ ਹਸਪਤਾਲ ਵਿੱਚ ਦਾਖਲੇ ਨੂੰ ਰੋਕਣ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਡੋਇਲ ਅਨੁਸਾਰ ਵਾਇਰਸ ਅਜੇ ਵੀ ਮੌਜੂਦ ਹੈ ਅਤੇ ਸੋਮਵਾਰ ਤੋਂ ਪਾਬੰਦੀਆਂ ਹਟਾਏ ਜਾਣ ਦੇ ਬਾਅਦ ਵੀ ਕਈ ਅਜਿਹੇ  ਕਦਮ ਹਨ ਜੋ ਅਸੀਂ ਸਾਰੇ ਆਪਣੇ ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਲੈ ਸਕਦੇ ਹਾਂ। ਇੰਗਲੈਂਡ ਵਿੱਚ ਬਹੁਤੀਆਂ ਕੋਰੋਨਾ ਵਾਇਰਸ ਪਾਬੰਦੀਆਂ ਸੋਮਵਾਰ ਨੂੰ ਖਤਮ ਕਰਨੀਆਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿਚ ਸੰਪਰਕਾਂ ਦੀਆਂ ਸੀਮਾਵਾਂ ਅਤੇ ਚਿਹਰੇ ਨੂੰ ਮਾਸਕ ਨਾਲ ਢਕਣਾ ਵੀ ਸ਼ਾਮਲ ਹੈ।

Share This :

Leave a Reply