
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਕਾਰਨ ਪੈਦਾ ਹੋਏ ਤੇਲ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਪੈਟਰੋਲ ਪੰਪਾਂ ਤੱਕ ਤੇਲ ਸਪਲਾਈ ਕਰਨ ਲਈ ਫੌਜ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਫੌਜ ਨੇ ਤਾਇਨਾਤੀ ਉਪਰੰਤ ਸੋਮਵਾਰ ਤੋਂ ਪੈਟਰੋਲ ਸਟੇਸ਼ਨਾਂ ਨੂੰ ਤੇਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਹਾਇਤਾ ਲਈ ਲਗਭਗ 200 ਫੌਜੀ ਕਰਮਚਾਰੀ, ਜਿਨ੍ਹਾਂ ਵਿੱਚੋਂ ਅੱਧੇ ਟੈਂਕਰ ਡਰਾਈਵਰ ਹਨ ਜੋ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ਨੂੰ ਤੇਲ ਪਹੁੰਚਾਉਣ ਲਈ ‘ਆਪਰੇਸ਼ਨ ਐਸਕਲਿਨ’ ਦੇ ਤਹਿਤ ਸੜਕਾਂ ‘ਤੇ ਆ ਗਏ ਹਨ। ਹਾਲਾਂਕਿ ਸਰਕਾਰ ਦਾ ਮੰਨਣਾ ਹੈ ਕਿ ਪੂਰੇ ਯੂਕੇ ਵਿੱਚ ਤੇਲ ਦੀ ਮੰਗ ਸਥਿਰ ਹੋ ਗਈ ਹੈ ਅਤੇ ਫੌਜੀ ਕਰਮਚਾਰੀ ਲੰਡਨ ਤੇ ਦੱਖਣੀ ਇੰਗਲੈਂਡ ਵਿੱਚ ਧਿਆਨ ਕੇਂਦ੍ਰਿਤ ਕਰ ਰਹੇ ਹਨ, ਜਿੱਥੇ ਰਿਕਵਰੀ ਰੇਟ ਘੱਟ ਹੈ। ਸਰਕਾਰ ਦੇ ਇਸ ਕਦਮ ਦਾ ਸੁਤੰਤਰ ਰਿਟੇਲਰਾਂ ਦੀ ਪ੍ਰਤੀਨਿਧਤਾ ਕਰਦੀ ਪੈਟਰੋਲ ਰਿਟੇਲਰ ਐਸੋਸੀਏਸ਼ਨ (ਪੀ ਆਰ ਏ) ਨੇ ਸਵਾਗਤ ਕੀਤਾ ਹੈ। ਇਸ ਸੰਸਥਾ ਅਨੁਸਾਰ ਤੇਲ ਸੰਕਟ ਨਾਲ ਨਜਿੱਠਣ ਲਈ ਫੌਜ ਦੀ ਵਰਤੋਂ ਇੱਕ ਵੱਡੀ ਸਹਾਇਤਾ ਸਾਬਤ ਹੋਵੇਗੀ।