ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦਾ ਸਭ ਤੋਂ ਲੰਬੇ ਸਮੇਂ ਤੋਂ ਕੋਰੋਨਾ ਪੀੜਤ ਵਿਅਕਤੀ ਜੋ ਕਿ ਤਕਰੀਬਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਹਸਪਤਾਲ ਵਿੱਚ ਵਾਇਰਸ ਦਾ ਇਲਾਜ ਕਰਵਾ ਰਿਹਾ ਸੀ, ਦੁਆਰਾ ਇਲਾਜ ਕਰਵਾਉਣ ਤੋਂ ਇਨਕਾਰ ਕਰਨ ਦੇ ਬਾਅਦ ਮੌਤ ਹੋ ਗਈ ਹੈ। 49 ਸਾਲਾ ਜੇਸਨ ਕੈਲਕ ਨੇ ਪਿਛਲੇ ਲੱਗਭਗ 14 ਮਹੀਨੇ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਕਰਵਾਉਂਦਿਆਂ ਬਿਤਾਏ ਹਨ, ਮਾਰਚ 2020 ਵਿੱਚ ਲੀਡਜ਼ ਦੇ ਸੇਂਟ ਜੇਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੇ ਆਖਰੀ ਦਿਨਾਂ ਵਿੱਚ ਉਸਨੂੰ ਨਜ਼ਦੀਕੀ ਸੇਂਟ ਜੇਮਜ਼ ਹਾਸਪੀਸ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸਨੇ ਸ਼ੁੱਕਰਵਾਰ ਨੂੰ ਆਪਣਾ ਆਖਰੀ ਸਾਹ ਲਿਆ।
ਉਸ ਦੀ ਪਤਨੀ ਸੂ ਕੇਲਕ ਨੇ ਫੇਸਬੁੱਕ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਸਨ ਦੀ ਦੁਪਹਿਰ 12:40 ਵਜੇ ਸੇਂਟ ਜੇਮਜ਼ ਵਿਖੇ ਮੌਤ ਹੋ ਗਈ ਹੈ। ਜੇਸਨ ਦੀ ਪਤਨੀ ਨੇ ਦੱਸਿਆ ਕਿ ਲੰਬਾ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਹਨਿਰਾਸ਼ ਹੋ ਗਿਆ ਸੀ ਅਤੇ ਇਲਾਜ ਨਾ ਕਰਵਾਉਣ ਦਾ ਫੈਸਲਾ ਕੀਤਾ। ਕੈਲਕ ਨੂੰ ਟਾਈਪ 2 ਸ਼ੂਗਰ ਅਤੇ ਦਮਾ ਸੀ। ਉਸਨੂੰ 31 ਮਾਰਚ ਨੂੰ ਕੋਵਿਡ -19 ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਤੋਂ ਤਿੰਨ ਦਿਨਾਂ ਬਾਅਦ ਹੀ ਉਸ ਨੂੰ ਇੰਟੈਂਸਿਵ ਕੇਅਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਉਸ ਦੇ ਫੇਫੜਿਆਂ ਅਤੇ ਗੁਰਦਿਆਂ ‘ਤੇ ਵਾਇਰਸ ਨੇ ਹਮਲਾ ਕੀਤਾ ਸੀ ਤੇ ਉਹ ਆਪਣੀ ਜ਼ਿੰਦਗੀ ਲਈ ਲੜ ਰਿਹਾ ਸੀ। ਫਰਵਰੀ ਵਿੱਚ ਕੈਲਕ ਦੀ ਸਿਹਤ ਵਿੱਚ ਕੁੱਝ ਸੁਧਾਰ ਹੋਇਆ ਅਤੇ ਮਾਰਚ ਵਿੱਚ ਉਸਨੇ ਵੈਂਟੀਲੇਟਰ ਤੋਂ ਬਿਨਾਂ ਵੀ ਵੱਧ ਦਿਨ ਗੁਜਾਰੇ। ਪਰ ਮਈ ਦੀ ਸ਼ੁਰੂਆਤ ਵਿੱਚ ਉਸਦੀ ਸਥਿਤੀ ਵਿਗੜ ਗਈ ਅਤੇ ਉਸ ਨੂੰ ਵੈਂਟੀਲੇਟਰ ਦੀ ਵਰਤੋਂ ਮੁੜ ਕਰਨੀ ਪਈ। ਜਿਸ ਉਪਰੰਤ ਉਸਨੇ ਫੈਸਲਾ ਲਿਆ ਕਿ ਉਹ ਹੁਣ ਆਪਣਾ ਇਲਾਜ ਜਾਰੀ ਨਹੀਂ ਰੱਖਣਾ ਚਾਹੁੰਦਾ। ਹਸਪਤਾਲ ਦੇ ਕਰਮਚਾਰੀਆਂ ਦੁਆਰਾ ਉਸਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।