ਰਾਜੌਰੀ, ਮੀਡੀਆ ਬਿਊਰੋ: ਜੰਮੂ ਦੇ ਰਾਜੌਰੀ ਦੇ ਸਰਹੱਦੀ ਖੇਤਰ ’ਚ ਚੱਲੀ ਗੋਲ਼ੀ ਨਾਲ ਫ਼ੌਜ ਦੀ 14 ਪੰਜਾਬ ਯੂਨਿਟ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਦੋਵੇਂ ਜਵਾਨ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਵੀਰਵਾਰ ਦੁਪਹਿਰ ਨੂੰ ਸਰਹੱਦ ’ਤੇ ਅਚਾਨਕ ਗੋਲ਼ੀਆਂ ਚੱਲਣ ਦੀ ਆਵਾਜ਼ ਆਈ। ਉਸੇ ਸਮੇਂ ਜਵਾਨ ਤੇ ਫ਼ੌਜੀ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਦੇਖਿਆ ਕਿ ਸਿਪਾਹੀ ਸਰਬਜੀਤ ਸਿੰਘ ਤੇ ਸਿਪਾਹੀ ਨਵਰਾਜ ਸਿੰਘ ਦੋਵੇਂ ਖੂਨ ਨਾਲ ਲਥਪਥ ਪਏ ਹੋਏ ਹਨ।
ਦੋਵਾਂ ਨੂੰ ਤੁਰੰਤ ਨਜ਼ਦੀਕੀ ਫ਼ੌਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਦੋਵਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਜੌਰੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ, ਦੋਵਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਯੂਨਿਟ ਹੈੱਡਕੁਆਰਟਰ ’ਚ ਰੱਖਿਆ ਗਿਆ ਹੈ। ਸਵੇਰੇ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਮੈਡੀਕਲ ਕਾਲਜ ਰਾਜੌਰੀ ’ਚ ਕਰਵਾਇਆ ਜਾਵੇਗਾ। ਫ਼ਿਲਹਾਲ ਗੋਲ਼ੀ ਚੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਉੱਥੇ, ਫ਼ੌਜ ਨੇ ਵੀ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਉੱਥੇ, ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਜਵਾਨਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਨੂੰ ਗੋਲ਼ੀ ਮਾਰ ਦਿੱਤੀ। ਫ਼ਿਲਹਾਲ ਇਸ ਗੱਲ ਦੀ ਹਾਲੇ ਤਕ ਫ਼ੌਜ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ।