ਟਰਾਂਸਪੋਰਟ ਮੰਤਰੀ ਨੇ ਅਚਨਚੇਤ ਚੈਕਿੰਗ ਦੌਰਾਨ 20 ਪ੍ਰਾਈਵੇਟ ਬੱਸਾਂ ਦੇ ਕੀਤੇ ਚਲਾਨ

ਅੰਮ੍ਰਿਤਸਰ, ਮੀਡੀਆ ਬਿਊਰੋ:

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਦੇ ਵੱਲੋਂ ਟਰਾਂਸਪੋਰਟ ਦੇ ਵਿਸ਼ੇਸ਼ਕਰ ਨਿੱਜੀ ਟਰਾਂਸਪੋਰਟ ਦੇ ਸਮੁੱਚੇ ਸਿਲਸਿਲੇ ਨੂੰ ਆਨਲਾਈਨ ਪ੍ਰਣਾਲੀ ਨਾਲ ਜੋੜੇ ਜਾਣ ਤੋਂ ਬਾਅਦ ਨਿੱਜੀ ਤੌਰ ‘ਤੇ ਵਿੱਢੀ ਗਈ ਮੁਹਿੰਮ ਤਹਿਤ ਬੀਤੀ ਦੇਰ ਰਾਤ ਸਿਟੀ ਸੈਂਟਰ ਮਾਰਕੀਟ ਵਿਖੇ ਮਾਰੇ ਗਏ ਛਾਪੇ ਤੇ ਅਚਨਚੇਤ ਚੈਕਿੰਗ ਦੌਰਾਨ 20 ਦੇ ਕਰੀਬ ਨਿੱਜੀ ਬੱਸਾਂ ਦੇ ਚਲਾਨ ਕੱਟੇ ਗਏ। ਦਰਅਸਲ ਇਹ ਕਾਰਵਾਈ ਦਸਤਾਵੇਜ਼ੀ ਤਰੁੱਟੀਆਂ ਪਾਏ ਜਾਣ ਤੋਂ ਬਾਅਦ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਨਿੱਜੀ ਬੱਸਾਂ ਦੇ ਮਾਲਕ ਟਰਾਂਸਪੋਰਟਰਾਂ ਦੇ ਵੱਲੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਾਜ਼ਰੀ ‘ਚ ਆਰਟੀਏ ਸੈਕਟਰੀ ਦੇ ਡਰਾਈਵਰ ਤੇ ਸਿੱਧੇ ਰੂਪ ‘ਚ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਰੂਟਾਂ ‘ਤੇ ਬੱਸਾਂ ਦੁੜਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਗੱਲ ਵੀ ਆਖੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਬੱਸਾਂ ਉਹ ਕਈ ਵਰ੍ਹਿਆਂ ਤੋਂ ਸੂਬੇ ਅਤੇ ਸੂਬੇ ਤੋਂ ਬਾਹਰਲੇ ਕਈ ਰੂਟਾਂ ‘ਤੇ ਵਿਭਾਗ ਦੇ ਕਈ ਮੁਲਾਜ਼ਮਾਂ ਨੂੰ ਕਥਿਤ ਤੌਰ ‘ਤੇ ਮਹੀਨੇ ਭਰ ਕੇ ਚਲਾਉਂਦੇ ਆ ਰਹੇ ਹਨ। ਉਹ ਟੈਕਸ ਭਰਨ ਤੋਂ ਵੀ ਬਚਦੇ ਆ ਰਹੇ ਹਨ। ਦੂਜੇ ਪਾਸੇ ਇਸ ਸਮੁੱਚੇ ਘਟਨਾਕ੍ਰਮ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਆਰਟੀਏ ਸੈਕਟਰੀ ਦੇ ਡਰਾਈਵਰ ਨੇ ਇਸ ਨੂੰ ਸਚਾਈ ਤੋਂ ਕੋਹਾਂ ਦੂਰ ਦੱਸਦਿਆਂ ਇਸ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਟਰਾਂਸਪੋਰਟ ਮੰਤਰੀ ਨੇ ਰਿਸ਼ਵਤ ਲੈਣ ਵਰਗੇ ਸੰਗੀਨ ਮਾਮਲਿਆਂ ‘ਚ ਘਿਰੇ ਮੁਲਾਜ਼ਮਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਗੱਲ ਕਹੀ ਹੈ ਜਿਸ ਨਾਲ ਇਨ੍ਹਾਂ ਦੇ ਪਿੱਛੇ ਕੰਮ ਕਰ ਰਹੀਆਂ ਸਰਕਾਰੀ ਤੇ ਸਿਆਸੀ ਤਾਕਤਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨਿੱਜੀ ਬੱਸ ਮਾਲਕਾਂ ਨੂੰ ਜਲਦ ਤੋਂ ਜਲਦ ਟੈਕਸ ਭਰਨ ਦੀ ਚਿਤਾਵਨੀ ਦਿੱਤੀ ਹੈ ਤੇ ਕਿਹਾ ਕਿ ਨਹੀਂ ਤਾਂ ਵਿਭਾਗੀ ਹੁਕਮਅਦੂਲੀ ਕਰਨ ਤੇ ਇਨ੍ਹਾਂ ਬੱਸਾਂ ਨੂੰ ਜ਼ਬਤ ਕਰ ਲਿਆ ਜਾਵੇਗਾ।

ਦੱਸਣਾ ਬਣਦਾ ਹੈ ਕਿ ਇਨ੍ਹਾਂ 20 ਬੱਸਾਂ ਦੀ ਕਾਰਜਸ਼ੈਲੀ ਤੋਂ ਇਕ ਗੱਲ ਸਾਫ਼ ਤੇ ਸਪੱਸ਼ਟ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦਾ ਇਹ ਕਮਾਊ ਪੁੱਤ ਮਹਿਕਮਾ ਬੀਤੇ ਕਈ ਵਰ੍ਹਿਆਂ ਤੋਂ ਕਰੋੜਾਂ ਰੁਪਏ ਦਾ ਘਾਟਾ ਖਾਂਦਾ ਆ ਰਿਹਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਇਸ ਝਕਾਨੀ ਛਾਪਾਮਾਰੀ ਨੂੰ ਲੈ ਕੇ ਜਿੱਥੇ ਪੂਰਾ ਦਿਨ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ, ਉੱਥੇ ਹੀ ਗ਼ੈਰਕਾਨੂੰਨੀ ਢੰਗ ਨਾਲ ਵਿਭਾਗ ਦੀਆਂ ਕਾਲੀਆਂ ਭੇਡਾਂ ਨਾਲ ਮਿਲੀਭੁਗਤ ਕਰ ਕੇ ਟਰਾਂਸਪੋਰਟ ਦਾ ਕਾਰੋਬਾਰ ਚਲਾ ਰਹੇ ਨਿੱਜੀ ਬੱਸ ਟਰਾਂਸਪੋਰਟਰਾਂ ‘ਚ ਡਰ ‘ਤੇ ਸਹਿਮ ਛਾਇਆ ਰਿਹਾ। ਇਸ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਰਟੀਏ ਅਰਸ਼ਦੀਪ ਸਿੰਘ ਲੁਬਾਣਾ ਅਤੇ ਮੋਟਰ ਵਹੀਕਲ ਇੰਸਪੈਕਟਰ ਗੁਰਮੀਤ ਸਿੰਘ ਨੂੰ ਇਸ ਮਾਮਲੇ ਤੇ ਸਖ਼ਤੀ ਨਾਲ ਵਿਚਰਨ ਤੇ ਨਜਿੱਠਣ ਦੇ ਦਿਸ਼ਾ-ਨਿਰਦੇਸ਼ ਦਿੱਤੇ।

Share This :

Leave a Reply