ਚੰਡੀਗੜ੍ਹ, ਮੀਡੀਆ ਬਿਊਰੋ:
ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਪੱਚੀ ਦਿਨ ਹੋ ਗਏ ਹਨ, ਪਰ ਸਰਕਾਰ ਪ੍ਰਸ਼ਾਸਨਿਕ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਦਾ ਕੰਮ ਪੂਰਾ ਨਹੀਂ ਕਰ ਸਕੀ। ਆਮ ਤੌਰ ’ਤੇ ਸੂਬੇ ਵਿਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਨਵੀਂ ਸਰਕਾਰ ਪਹਿਲੇ ਦੋ ਚਾਰ ਦਿਨਾਂ ਵਿਚ ਹੀ ਵੱਡੇ ਪੱਧਰ ’ਤੇ ਫੇਰਬਦਲ ਕਰ ਦਿੰਦੀ ਹੈ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਜਿਸ ਕਰਕੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿਚ ਬਦਲੀ ਨੂੰ ਲੈ ਕੇ ਚਿੰਤਾਂ ਵਾਲਾ ਮਾਹੌਲ ਬਣਿਆ ਹੋਇਆ ਹੈ। ਦਫ਼ਤਰਾਂ ਵਿਚ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਵਿਭਾਗਾਂ ਦੇ ਮੁਖੀਆ ਤੱਕ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਕੰਮ ਕਰਨ ਜਾਂ ਨਹੀਂ। ਬਦਲੀਆਂ ਨੂੰ ਲੈ ਕੇ ਸੱਤਾ ਦੇ ਗਲਿਆਰਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਹੈਰਾਨੀ ਦੀ ਗੱਲ ਹੈ ਕਿ ਪਿਛਲੇ ਦਿਨਾਂ ਦੌਰਾਨ ਸਰਕਾਰ ਨੇ ਇਕ ਦਰਜ਼ਨ ਦੇ ਕਰੀਬ ਜਿਹਡ਼ੇ ਪ੍ਰਸ਼ਾਸਨਿਕ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਸਨ, ਉਨ੍ਹਾਂ ਦੀ ਮੁਡ਼ ਪੋਸਟਿੰਗ ਦੇ ਅਜੇ ਤੱਕ ਆਰਡਰ ਜਾਰੀ ਨਹੀਂ ਕੀਤੇ ਗਏ। ਚਾਰ ਦਿਨ ਪਹਿਲਾਂ ਸਰਕਾਰ ਨੇ 1994 ਬੈਚ ਦੇ ਆਈ.ਪੀ.ਐੱਸ ਅਧਿਕਾਰੀ ਪਰਵੀਨ ਕੁਮਾਰ ਸਿਨਹਾ, ਜੋ ਕਿ ਡੀ.ਜੀ.ਪੀ ਜੇਲ੍ਹਾਂ ਤਾਇਨਾਤ ਸਨ, ਦੀ ਜਗ੍ਹਾ ਵਰਿੰਦਰ ਕੁਮਾਰ ਨੂੰ ਡੀ.ਜੀ.ਪੀ ਜੇਲ੍ਹ ਦਾ ਵਾਧੂ ਚਾਰਜ਼ ਦੇ ਦਿੱਤਾ , ਪਰ ਹੁਣ ਤੱਕ ਸ੍ਰੀ ਸਿਨਹਾ ਦੇ ਨਵੀਂ ਪੋਸਟਿੰਗ ਸਬੰਧੀ ਹੁਕਮ ਜਾਰੀ ਨਹੀਂ ਕੀਤੇ ਗਏ। ਇਸੀ ਤਰ੍ਹਾਂ ਹੋਰਨਾਂ ਆਈ.ਪੀ.ਐੱਸ ਅਧਿਕਾਰੀਆਂ ’ਚ ਨੌਨਿਹਾਲ ਸਿੰਘ (1997) ਸੁਖਚੈਨ ਸਿੰਘ ਗਿੱਲ (2003), ਪਾਟਿਲ ਕੇਟਨ ਬਾਲੀਰਾਮ (2010), ਅਮਨੀਤ ਕੌਂਡਲ (2010), ਦੀਪਕ ਪਾਰੀਕ (2012), ਸਚਿਨ ਗੁਪਤਾ (2014) ਅਤੇ ਸਤਿੰਦਰ ਸਿੰਘ (2014) ਵੀ ਨਵੇਂ ਹੁਕਮਾਂ ਦਾ ਇੰਤਜਾਰ ਕਰ ਰਹੇ ਹਨ।
ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਹੁਕਮਾਂ ਦਾ ਇੰਤਜ਼ਾਰ
ਪਿਛਲੇ ਸਮੇਂ ਦੌਰਾਨ ਚਰਚਾ ਵਿਚ ਰਹੇ ਸੀਨੀਅਰ ਆਈ.ਪੀ.ਐੱਸ ਅਧਿਕਾਰੀਆਂ ਡੀਜੀਪੀ ਵੀ.ਕੇ ਉਪਲ, ਏਡੀਜੀਪੀ ਐੱਸ.ਕੇ ਅਸਥਾਨਾ ਤੇ ਏ.ਆਈ.ਜੀ ਰਾਜਜੀਤ ਸਿੰਘ ਨੂੰ ਚੰਨੀ ਸਰਕਾਰ ਦੇ ਸਮੇਂ ਤੋ ਹੀ ਨਵੀਂ ਜ਼ੁੰਮੇਵਾਰੀ ਦਾ ਇੰਤਜਾਰ ਹੈ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਵੀ.ਕੇ ਉੱਪਲ ਨੂੰ ਲੰਬੀ ਛੁੱਟੀ ’ਤੇ ਭੇਜ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ’ਤੇ ਐਸ ਚਟੋਪਧਿਆਏ ਨੂੰ ਵਿਜੀਲੈਂਸ ਮੁਖੀ ਲਗਾ ਦਿੱਤਾ ਗਿਆ । ਇਸੀ ਤਰ੍ਹਾਂ ਏਡੀਜੀਪੀ ਐਸ.ਕੇ ਅਸਥਾਨਾ ਜੋ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਸਨ, ਦਾ ਚੰਨੀ ਸਰਕਾਰ ਨਾਲ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ਼ ਮਾਮਲਾ ਦਰਜ਼ ਕਰਨ ਨੂੰ ਲੈ ਕੇ ਪੇਚਾ ਫਸ ਗਿਆ। ਅਸਥਾਨਾ ਨੇ ਤਤਕਾਲੀ ਡੀ.ਜੀ.ਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਲੰਬੀ ਚੌਡ਼ੀ ਚਿੱਠੀ ਲਿਖ ਦਿੱਤੀ ਤੇ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਵਿਚ ਭਰਤੀ ਹੋ ਗਏ ਸਨ। ਜਿਸ ਨਾਲ ਚੰਨੀ ਸਰਕਾਰ ਦੀ ਬਹੁਤ ਕਿਰਕਰੀ ਹੋਈ ਸੀ। ਉਸ ਸਮੇਂ ਸਰਕਾਰ ਨੇ ਅਸਥਾਨਾ ਦੀ ਥਾਂ ਨਵੇਂ ਅਧਿਕਾਰੀ ਦੀ ਤੈਨਾਤੀ ਤਾਂ ਕਰ ਦਿੱਤੀ ਸੀ, ਪਰ ਅਸਥਾਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ। ਇਸੀ ਤਰ੍ਹਾਂ ਰਾਜਜੀਤ ਸਿੰਘ ਵਿਜੀਲੈਂਸ ਵਿਭਾਗ ਵਿਚ ਤਾਇਨਾਤ ਸੀ,ਜਿਸਦੀ ਵਿਵਾਦ ਵਿਚ ਫਸਣ ਕਾਰਨ ਪੋਸਟਿੰਗ ਨਹੀਂ ਕੀਤੀ ਗਈ।
ਪੰਜ ਮਹਿਲਾਂ ਅਧਿਕਾਰੀਆਂ ਨੂੰ ਨਹੀਂ ਮਿਲੀ ਪੋਸਟਿੰਗ
ਆਈ.ਏ.ਐੱਸ ਅਧਿਕਾਰੀਆਂ ’ਚ 2009 ਬੈਚ ਦੀ ਸੋਨਾਲੀ ਗਿਰੀ, ਇਸ਼ਾ ਕਾਲੀਆ (2009 ਬੈਚ), ਬਬੀਤਾ ਕਲੇਰ(2009 ਬੈਚ), ਮਾਧਵੀ ਕਟਾਰੀਆ (2010 ਬੈਚ) ਅਤੇ ਅਪਨੀਤ ਰਿਆਡ਼ (2011ਬੈਚ) ਨੂੰ ਅਜੇ ਤੱਕ ਸਰਕਾਰ ਨੇ ਨਵੀਂ ਪੋਸਟਿੰਗ ਦੇ ਆਰਡਰ ਜਾਰੀ ਨਹੀਂ ਕੀਤੇ। ਇਹਨਾਂ ਮਹਿਲਾ ਅਧਿਕਾਰੀਆਂ ਦੀ ਬਦਲੀ 31ਮਾਰਚ ਨੂੰ ਕੀਤੀ ਗਈ ਸੀ, ਜੋ ਕਿ ਕ੍ਰਮਵਾਰ ਜਿਲ੍ਹਾ ਰੂਪਨਗਰ, ਮੋਹਾਲੀ, ਫਾਜੀਲਿਕਾ, ਮਲੇਰਕੋਟਲਾ ਤੇ ਹੁਸ਼ਿਆਰਪੁਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ।