ਹੰਡਿਆਇਆ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ

ਬਰਨਾਲਾ, ਮੀਡੀਆ ਬਿਊਰੋ:

ਸੋਮਵਾਰ ਨੂੰ ਜਿੱਥੇ ਗੁਆਂਢੀ ਜ਼ਿਲ੍ਹੇ ਸੰਗਰੂਰ ਦੇ ਪਿੰਡ ਸੂਲਰ ਘਰਾਟ ਨੇੜੇ ਪੀਆਰਟੀਸੀ ਬੱਸ ਦੀ ਲਪੇਟ ‘ਚ ਆਉਣ ਨਾਲ ਇਕ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਤੇ ਤਿੰਨ ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ ਸਨ। ਇਸ ਦੁਖਦਾਇਕ ਘਟਨਾ ਤੋਂ 3 ਦਿਨ ਬਾਅਦ ਵੀਰਵਾਰ ਨੂੰ ਸਥਾਨਕ ਡੀ ਮਾਰਟ ਨੇੜੇ ਹੰਡਿਆਇਆ ਰੋਡ ਬਰਨਾਲਾ ਵਿਖੇ ਇੱਕ ਪੀਆਰਟੀਸੀ ਬੱਸ ਵੱਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਦੋਹਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿੱਠੂ ਸਿੰਘ ਤੇ ਗੁਰਸੰਤ ਸਿੰਘ ਵਾਸੀ ਹੰਡਿਆਇਆ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਨਾਲਾ ਤੋਂ ਵਾਪਸ ਹੰਡਿਆਇਆ ਵੱਲ ਜਾ ਰਹੇ ਸੀ, ਤਾਂ ਜਦੋਂ ਉਹ ਰੋਡ ‘ਤੇ ਸਥਿਤ ਡੀ-ਮਾਰਟ ਨੇੜੇ ਪੁੱਜੇ ਤਾਂ ਹੰਢਿਆਇਆ ਵੱਲੋਂ ਬਰਨਾਲਾ ਸਾਇਡ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਟੀ-2 ਏਐਸਆਈ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

Share This :

Leave a Reply