ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਟਰੈਕਟਰ ਚਾਲਕ ਦੇ ਹੋਏ ਦੋ ਟੁਕੜੇ

ਹੁਸ਼ਿਆਰਪੁਰ, ਮੀਡੀਆ ਬਿਊਰੋ:

ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਹੋਏ ਦਰਦਨਾਕ ਹਾਦਸੇ ‘ਚ ਟਰੈਕਟਰ ਚਾਲਕ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਥਾਣਾ ਬੁੱਲ੍ਹੋਵਾਲ ਪੁਲਿਸ ਨੂੰ ਦਿੱਤੈ ਬਿਆਨ ਵਿੱਚ ਸੁਖਵਿੰਦਰ ਸਿੰਘ ਪੁੱਤਰ ਬੰਤ ਰਾਮ ਵਾਸੀ ਬਸੀ ਬਾਬੂ ਖਾਨ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਕੁਲਵਿੰਦਰ ਸਿੰਘ ਪਿੰਡ ਚਡਿਆਲ ਦੇ ਨਵਦੀਪ ਕੁਮਾਰ ਪੁੱਤਰ ਹਰੀਸ਼ ਚੰਦਰ ਵਾਸੀ ਚਡਿਆਲ ਦੇ ਟਰੈਕਟਰ ਤੇ ਬਤੌਰ ਡਰਾਇਵਰ ਕੰਮ ਕਰਦਾ ਸੀ।

ਲੰਘੇ ਵੀਰਵਾਰ ਦੀ ਰਾਤ ਕੁਲਵਿੰਦਰ ਸਿੰਘ ਪਿੰਡ ਲਿੱਤਰਾਂ ਤੋਂ ਪਾਪੂਲਰ ਦੇ ਦਰਖ਼ਤਾਂ ਦੀ ਕਟਵਾਈ ਤੋਂ ਬਾਅਦ ਟਰੈਕਟਰ ਟਰਾਲੀ ਲੋਡ ਕਰਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਨੈਣੋਵਾਲ ਵੈਦ ਦੇ ਪੁਲ਼ ਤੋਂ ਥੋੜਾ ਪਿੱਛੇ ਹੀ ਸੀ ਤਾਂ ਟਾਂਡਾ ਪਾਸੇ ਤੋਂ ਤੇਜ਼ੀ ਨਾਲ ਆਇਆ ਬਜ਼ਰੀ ਨਾਲ ਭਰੇ ਇੱਕ ਟਿੱਪਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੈਕਟਰ ਦਾ ਚਾਲਕ ਕੁਲਵਿੰਦਰ ਸਿੰਘ ਟਿੱਪਰ ਦੀ ਲਪੇਟ ਵਿੱਚ ਆ ਗਿਆ ਤੇ ਉਸਦਾ ਧੜ ਤੇ ਲੱਤਾਂ ਵੱਖ ਹੋ ਗਈਆਂ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਦਰਸ਼ਨ ਸਿੰਘ ਵਾਸੀ ਹਿਯਾਤਪੁਰ ਥਾਣਾ ਮੁਕੇਰੀਆਂ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਉਕਤ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

Share This :

Leave a Reply