ਤੋਮਰ ਦਾ ਕਿਸਾਨਾਂ ਬਾਰੇ ਬਿਆਨ ਸ਼ਰਮਨਾਕ

ਚੰਡੀਗੜ੍ਹ (ਮੀਡੀਆ ਬਿਊਰੋ)- ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਬਾਰੇ ਦਿੱਤੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਹਨਾ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਕਿਸਾਨਾਂ ਵਰਗੇ ਹਨ, ਜੋ ਕੇਵਲ ਰੌਲਾ-ਰੱਪਾ ਪਾਉਣਾ ਜਾਣਦੇ ਹਨ, ਗੱਲਬਾਤ ਲਈ ਸਾਰਥਕ ਪ੍ਰਸਤਾਵ ਨਹੀਂ ਲੈ ਕੇ ਆਉਂਦੇ | ਤੋਮਰ ਦਾ ਉਕਤ ਬਿਆਨ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਹੈ, ਜੋ ਪਿਛਲੇ 8 ਮਹੀਨਿਆਂ ਤੋਂ ਅੱਤ ਦੀ ਸਰਦੀ, ਗਰਮੀ ਅਤੇ ਮੀਂਹਾਂ ਵਿੱਚ ਵੀ ਆਪਣੇ ਹੱਕਾਂ ਲਈ ਚਟਾਨ ਦੀ ਤਰ੍ਹਾਂ ਡਟੇ ਹੋਏ ਹਨ |

ਤੋਮਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੌਲਾ-ਰੱਲਾ ਪਾਉਣ ਵਾਲੇ ਕਿਸਾਨ ਸ਼ਹੀਦੀਆਂ ਨਹੀਂ ਪਾਉਂਦੇ | ਭਾਜਪਾ ਆਗੂ ਦਾ ਬਿਆਨ ਭਾਜਪਾ ਦੀ ਮਾਨਸਿਕਤਾ ਨੂੰ ਸਪੱਸ਼ਟ ਕਰਦਾ ਹੈ ਕਿ ਉਹਨਾਂ ਨੂੰ ਕੇਵਲ ਅਡਾਨੀਆਂ/ ਅੰਬਾਨੀਆਂ ਤੋਂ ਬਿਨਾਂ ਦੇਸ਼ ਦੇ ਕਰੋੜਾਂ ਲੋਕਾਂ ਨਾਲ ਕੋਈ ਸਰੋਕਾਰ ਨਹੀਂ | ਅਰਸ਼ੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨਾਲ ਹੋਈਆਂ ਗਿਆਰਾਂ ਦੁਵੱਲੀਆਂ ਮੀਟਿੰਗਾਂ ਵਿੱਚ ਕਿਸਾਨ ਮੋਰਚੇ ਦੇ ਆਗੂਆਂ ਨੇ ਕਾਲੇ ਕਾਨੂੰਨਾਂ ਦੀ ਇਕੱਲੀ-ਇਕੱਲੀ ਮੱਦ ਦੇ ਬਖੀਏ ਉਧੇੜ ਕੇ ਰੱਖ ਦਿੱਤੇ |

ਮੰਤਰੀ ਸਮੇਤ ਸਰਕਾਰੀ ਧਿਰ ਨੂੰ ਹਰ ਵਾਰ ਨਿਰਉੱਤਰ ਹੋਣਾ ਪਿਆ, ਇਸ ਦੇ ਬਾਵਜੂਦ ਕਹਿਣਾ ਕਿ ਪ੍ਰਸਤਾਵ ਲੈ ਕੇ ਆਓ, ‘ਮੈਂ ਨਾ ਮਾਨੂੰ’ ਦੀ ਰੱਟ ਲਾਉਣ ਤੋਂ ਵੱਧ ਕੁਝ ਨਹੀਂ | ਸਫਲ ਕਿਸਾਨ ਸੰਸਦ ਤੇ ਦਿਨੋਂ-ਦਿਨ ਵਿਸ਼ਾਲ ਹੋ ਰਹੇ ਕਿਸਾਨ ਮੋਰਚੇ ਦੀ ਚੜ੍ਹਤ ਨੂੰ ਦੇਖ ਕੇ ਮੋਦੀ ਸਰਕਾਰ ਘਬਰਾਹਟ ਵਿੱਚ ਆ ਕੇ ਹੀ ਅਜਿਹੀ ਘਟੀਆ ਬਿਆਨਬਾਜ਼ੀ ‘ਤੇ ਉੱਤਰ ਆਈ ਹੈ, ਇਸ ਤੋਂ ਸ਼ਰਮਨਾਕ ਨਹੀਂ ਹੋ ਸਕਦਾ ਕਿ ਕਈ ਦਿਨਾਂ ਤੋਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਠੱਪ ਹੈ, ਕਿਉਂਕਿ ਹੰਕਾਰੀ ਮੋਦੀ ਸਰਕਾਰ ਕਿਸਾਨ ਮੁੱਦੇ ‘ਤੇ ਬਹਿਸ ਕਰਵਾਉਣ ਲਈ ਤਿਆਰ ਨਹੀਂ ਹੋਈ, ਜਦੋਂ ਕਿ ਵਿਰੋਧੀ ਧਿਰ ਨੇ ਅਨੇਕਾਂ ਪ੍ਰਸਤਾਵ ਦਿੱਤੇ ਹਨ, ਜੋ ਰੱਦ ਕਰ ਦਿੱਤੇ ਗਏ ਹਨ | ਉਹਨਾ ਐਲਾਨ ਕੀਤਾ ਕਿ ਮੌਜੂਦਾ ਲੜਾਈ ਜਿੱਤਣ ਉਪਰੰਤ ਦੂਜੀ ਵੱਡੀ ਲੜਾਈ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਲੜੀ ਜਾਵੇਗੀ, ਉਸ ਲਈ ਤਿਆਰ ਰਹਿਣਾ ਚਾਹੀਦਾ ਹੈ |

Share This :

Leave a Reply