ਕਾਬੁਲ (ਮੀਡੀਆ ਬਿਊਰੋ) : ਕਾਬੁਲ ‘ਚ ਤਿੰਨ ਅੱਤਵਾਦੀ ਹਮਲਿਆਂ ਨਾਲ ਅਫ਼ਗਾਨਿਸਤਾਨ ‘ਚ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਇੱਥੇ ਦੋ ਬੰਬ ਧਮਾਕਿਆਂ ਸਣੇ ਤਿੰਨ ਅੱਤਵਾਦੀ ਹਮਲਿਆਂ ‘ਚ ਕੁਲ 15 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਹਨ। ਹੇਲਮੰਦ ਸੂਬੇ ਦੀ ਲਸ਼ਕਰ ਗਾਹ ਚੈੱਕ ਪੋਸਟ ‘ਚ ਵੜ ਕੇ ਕਿ ਅੰਦਰੂਨੀ ਹਮਲੇ ‘ਚ ਅੱਠ ਅਫ਼ਗਾਨ ਪੁਲਿਸ ਵਾਲਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਬੁਲ ਦੇ ਸ਼ੀਆ ਬਹੁਗਿਣਤੀ ਇਲਾਕਿਆਂ ‘ਚ ਅੱਤਵਾਦੀ ਸੰਗਠਨ ਆਈਐੱਸ ਦੇ ਦੋ ਮਿੰਨੀ ਵੈਨਾਂ ‘ਚ ਕੀਤੇ ਗਏ ਬੰਬ ਧਮਾਕਿਆਂ ‘ਚ ਸੱਤ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਹਨ।
ਹੇਲਮੰਦ ਸੂਬੇ ਦੀ ਪੁਲਿਸ ਦੇ ਬੁਲਾਰੇ ਮੁਹੰਮਦ ਜਮਾਨ ਹਮਦਰਦ ਨੇ ਦੱਸਿਆ ਕਿ ਐਤਵਾਰ ਨੂੰ ਤਾਲਿਬਾਨੀ ਘੁਸਪੈਠੀਏ ਨੇ ਕਲਾਈ ਬਸਤ ਖੇਤਰ ਦੀ ਲਸ਼ਕਰ ਗਾਹ ਪੁਲਿਸ ਚੈੱਕ ਪੋਸਟ ਵਿਚ ਵੜ ਕੇ ਹਮਲਾ ਕਰ ਦਿੱਤਾ। ਉਸ ਨੇ ਪੁਲਿਸ ਮੁਲਾਜ਼ਮ ਦਾ ਭੇਸ ਧਾਰਿਆ ਹੋਇਆ ਸੀ। ਇਸ ਮਗਰੋਂ ਤਾਲਿਬਾਨੀਆਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਗੋਲ਼ੀਬਾਰੀ ਹੋਈ।
ਇਸ ਤੋਂ ਇਲਾਵਾ ਅੱਤਵਾਦੀ ਸੰਗਠਨ ਆਈਐੱਸ ਨੇ ਕਾਬੁਲ ਦੇ ਸ਼ੀਆ ਬਹੁਗਿਣਤੀ ਇਲਾਕੇ ਵਿਚ ਦੋ ਮਿੰਨੀ ਵੈਨਾਂ ‘ਚ ਸਟਿਕੀ ਬੰਬਾਂ ਨਾਲ ਹਮਲਾ ਕਰਕੇ ਖ਼ਾਸ ਤੌਰ ‘ਤੇ ਸ਼ੀਆਵਾਂ ‘ਤੇ ਹੀ ਨਿਸ਼ਾਨਾ ਸਾਧਨ ਦੀ ਕੋਸ਼ਿਸ਼ ਕੀਤੀ ਹੈ। ਇਸ ਹਮਲੇ ਤੋਂ ਬਾਅਦ ਫਿਲਮ ਨਿਰਦੇਸ਼ਕ ਸਹਰਾ ਕਰੀਮੀ ਨੇ ਟਵੀਟ ਕਰਕੇ ਦੱਸਿਆ ਕਿ ਫਾਤਿਮਾ ਮੁਹੰਮਦੀ ਅਤੇ ਤੈਯਾਬਾ ਮਸੂਬੀ ਇਸ ਹਮਲੇ ਵਿਚ ਮਾਰੇ ਗਏ ਹਨ। ਦੋਵੇਂ ਅਫ਼ਗਾਨ ਫਿਲਮ ਸੰਗਠਨ ਲਈ ਕੰਮ ਕਰਦੇ ਸਨ ਅਤੇ ਬੱਚਿਆਂ ਲਈ ਕਾਰਟੂਨ ਫਿਲਮ ਬਣਾਉਂਦੇ ਸਨ। ਪੱਛਮੀ ਕਾਬੁਲ ‘ਚ ਇਸ ਘਟਨਾ ਸਥਾਨ ਤੋਂ ਦੋ ਕਿਲੋਮੀਟਰ ਦੂਰ ਇਕ ਹੋਰ ਬੰਬ ਧਮਾਕੇ ਵਿਚ ਇਕ ਕੋਰੋਨਾ ਮਰੀਜ਼ ਮਾਰਿਆ ਗਿਆ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਮੁਹੰਮਦ ਅਲੀ ਜਿਨਾਹ ਹਸਪਤਾਲ ਦੇ ਸਾਹਮਣੇ ਹੋਇਆ ਸੀ।