ਚੰਡੀਗੜ੍ਹ (ਮੀਡੀਆ ਬਿਊਰੋ) ਮੰਗਲਵਾਰ ਰਾਤ ਅੰਮ੍ਰਿਤਸਰ ਦੇ ਸਰਕੂਲਰ ਰੋਡ ਉਤੇ ਸਥਿਤ ਕੇ ਡੀ ਹਸਪਤਾਲ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਉਤੇ ਗੈਂਗਸਟਰ ਰਣਵੀਰ ਸਿੰਘ ਰਾਣਾ ਕੰਦੋਵਾਲੀਆ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆ ਵਿਚ ਰਾਣਾ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦਾ ਸਾਥੀ ਤੇਜਬੀਰ ਸਿੰਘ ਤੇਜਾ ਤੇ ਹਸਪਤਾਲ ਦਾ ਇਕ ਸੁਰੱਖਿਆ ਗਾਰਡ ਸ਼ਾਮਲ ਹੈ। ਰੋਣਾ ਕੰਦੋਵਾਲੀਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਕੰਦੋਵਾਲੀਆ ਵਾਸੀ ਪਿੰਡ ਕੰਦੋਵਾਲੀਆ ਦੀ ਨਜ਼ਦੀਕੀ ਰਿਸ਼ਤੇਦਾਰ ਹਸਪਤਾਲ ਵਿਚ ਦਾਖਲ ਸੀ। ਰਾਣਾ ਕੰਦੋਵਾਲੀਆ ਆਪਣੇ ਸਾਥੀ ਤੇਜਬੀਰ ਸਿੰਘ ਤੇਜੀ ਵਾਸੀ ਨੰਗਲੀ ਨਾਲ ਉਸ ਦਾ ਪਤਾ ਲੈਣ ਆਇਆ ਸੀ। ਇਸੇ ਦੌਰਾਨ ਦੋ ਅਣਪਛਾਤੇ ਵਿਅਕਤੀ ਆਏ ਤੇ ਉਨ੍ਹਾਂ ਨੇ ਰਾਣਾ ਕੰਦੋਵਾਲੀਆ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਨਾਲ ਰਾਣਾ ਕੰਦੋਵਾਲੀਆ ਤੇ ਉਸ ਦਾ ਸਾਥੀ ਤੇਜਬੀਰ ਸਿੰਘ ਤੇਜੀ ਜ਼ਖ਼ਮੀ ਹੋ ਗਏ। ਹਸਪਤਾਲ ਵਿਚੋਂ ਫਰਾਰ ਹੁੰਦੇ ਸਮੇਂ ਹਮਲਾਵਰਾਂ ਨੇ ਹਸਪਤਾਲ ਦੇ ਬਾਹਰ ਵੀ ਗੋਲੀ ਚਲਾਈ ਜੋ ਸੁਰੱਖਿਆ ਗਾਰਡ ਅਰੁਣ ਕੁਮਾਰ ਦੇ ਲੱਗਣ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਤੇਜਬੀਰ ਸਿੰਘ ਤੇਜੀ ਤੇ ਅਰੁਣ ਕੁਮਾਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ, ਏਸੀਪੀ ਨਾਰਥ ਸਰਬਜੀਤ ਸਿੰਘ ਅਤੇ ਪੁਲਸ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਘਟਨਾ ਸਥਾਨ ਉਤੇ ਪਹੁੰਚ ਗਏ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਮਲਾਵਰ ਕਾਰ ਉਤੇ ਆਏ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਚਾਰ ਦੇ ਕਰੀਬ ਸੀ। ਏਸੀਪੀ ਨਾਰਥ ਸਰਬਜੀਤ ਸਿੰਘ ਨੇ ਰਾਣਾ ਕੰਦੋਵਾਲੀਆ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਣਾ ਕੰਦੋਵਾਲੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਜੱਗੂ ਭਗਵਾਨਪੁਰੀਆ ਦਾ ਹੱਥ ਹੋ ਸਕਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰੇਣੂ ਕੰਦੋਵਾਲੀਆ ਉਤੇ ਵੀ ਕਈ ਮਾਮਲੇ ਦਰਜ ਸਨ ਅਤੇ ਉਹ ਦਸੰਬਰ 2019 ਵਿਚ ਜ਼ਮਾਨਤ ਉਤੇ ਬਾਹਰ ਆਇਆ ਸੀ।






















