ਚੰਡੀਗੜ੍ਹ (ਮੀਡੀਆ ਬਿਊਰੋ) ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੇ ਛੇਵੇਂ ਤਨਖ਼ਾਹ ਕਮਿਸ਼ਨ ਵਿਚਲੀਆਂ ਮੁਲਾਜ਼ਮ ਵਿਰੋਧੀ ਮੱਦਾਂ ਰੱਦ ਕਰਵਾਉਣ,ਪੁਰਾਣੀ ਪੈਨਸ਼ਨ ਬਹਾਲੀ ਤੇ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਖ਼ਿਲਾਫ਼ ਹੱਲਾ ਬੋਲਿਆ। ਅਧਿਆਪਕਾਵਾਂ ਦੀ ਭਰਵੀਂ ਸ਼ਮੂਲੀਅਤ ਵਾਲੇ ਭਰੇ ਪੰਡਾਲ ਵਿੱਚ ਸਰਕਾਰ ਖ਼ਿਲਾਫ਼ ਅਧਿਆਪਕਾਂ ਦਾ ਰੋਹ ਸਿਖਰਾਂ ਤੇ ਸੀ।ਅਧਿਆਪਕ ਫਰੰਟ ਵਿੱਚ ਸ਼ਾਮਲ ਜਥੇਬੰਦੀਆ ਡੈਮੋਕਰੇਟਿਕ ਟੀਚਰਜ਼ ਫਰੰਟ,6060 ਮਾਸਟਰ ਕੇਡਰ ਯੂਨੀਅਨ ,5178 ਮਾਸਟਰ ਕੇਡਰ ਯੂਨੀਅਨ ,3582 ਅਧਿਆਪਕ ਯੂਨੀਅਨ ,ਸਰੀਰਕ ਸਿੱਖਿਆ ਅਧਿਆਪਕ ਐਸੋਸ਼ੀਏਸ਼ਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ,ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਦਿਗਵਿਜੇਪਾਲ ਸ਼ਰਮਾ,ਵਿਕਾਸ ਗਰਗ ਰਾਮਪੁਰਾ, ਜੋਗਿੰਦਰ ਸਿੰਘ ਵਰ੍ਹੇ ਤੇ ਰਾਜਪਾਲ ਖਨੋਰੀ ਨੇ ਰੈਲੀ ਵਿੱਚ ਜੁੜੇ ਹਜ਼ਾਰਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਕੇਂਦਰ ਵਿਚਲੀ ਮੋਦੀ ਹਕੂਮਤ ਦੀ ਤਰਜ਼ ਤੇ ਪੱਕਾ ਰੁਜ਼ਗਾਰ ਛਾਂਗਣ,ਬੇਰੁਜ਼ਗਾਰਾਂ ਦਾ ਭਵਿੱਖ ਡੋਬਣ ਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਦੀ ਲੋਕ,ਮੁਲਾਜ਼ਮ ਵਿਰੋਧੀ ਨੀਤੀ ਤੇ ਅਮਲ ਕਰ ਰਹੀ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਬੁਲਾਰਿਆਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਸਾਲਾਂ ਬੱਧੀ ਮੁਲਾਜ਼ਮਾਂ ਦੀਆਂ ਡੀ.ਏ.ਦੀਆਂ ਕਿਸ਼ਤਾਂ/ਬਕਾਇਆ ਰੋਕ ਕੇ ਮੁਲਾਜ਼ਮ ਮਾਰੂ ਤਨਖ਼ਾਹ ਕਮਿਸ਼ਨ ਜਾਰੀ ਕਰਕੇ ਰਾਜ ਦੇ ਕੁੱਲ ਸਰਕਾਰੀ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ। ਆਗੂਆਂ ਨੇ ਆਖਿਆ ਕਿ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਉਲਟ ਮੈਡੀਕਲ ਭੱਤਾ ਇੱਕ ਹਜ਼ਾਰ ਦੀ ਬਜਾਏ ਪੰਜ ਸੌ ਰੁਪਏ ਹੀ ਦੇਣਾ,ਐਕਸਗਰੇਸ਼ੀਆ ਗਰਾਂਟ ਵਿੱਚ ਸਿਫਾਰਸ਼ ਕੀਤੇ 20 ਲੱਖ ਦੀ ਬਜਾਏ ਕੇਵਲ 2 ਲੱਖ ਰੁਪਏ ਦੇਣਾ, ਲਗਾਤਾਰ ਵਧ ਰਹੀ ਮਹਿੰਗਾਈ ਦੇ ਬਾਵਜੂਦ ਮਹਿੰਗਾਈ ਭੱਤੇ ਦੀ ਦਰ ਘਟਾਉਣਾ,ਸਾਰੇ ਵਰਗਾਂ ਦੇ ਮਕਾਨ ਕਿਰਾਏ ਵਿੱਚ ਕਟੌਤੀ ਆਦਿ ਅਨੇਕਾਂ ਮੱਦਾਂ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਧੋਖੇ ਦੇ ਪੁਖ਼ਤਾ ਸਬੂਤ ਹਨ।ਅਧਿਆਪਕ ਫਰੰਟ ਦੇ ਆਗੂਆਂ ਜਗਸੀਰ ਸਹੋਤਾ,ਜਗਦੀਸ਼ ਕੁਮਾਰ,ਦੀਪ ਰਾਜਾ, ਅਮਨਦੀਪ ਸ਼ਰਮਾ, ਬਲਬੀਰ ਚੰਦ ਲੌਂਗੋਵਾਲ ਤੇ ਨਵਚਰਨਪ੍ਰੀਤ ਕੌਰ ਨੇ ਰੋਸ ਰੈਲੀ ਵਿੱਚ ਬੋਲਦਿਆਂ ਆਖਿਆ ਕਿ ਵਿੱਤ ਵਿਭਾਗ ਨੇ ਤਨਖ਼ਾਹ ਕਮਿਸ਼ਨ ਦੁਆਰਾ ਦਸੰਬਰ 2011 ਤੋਂ ਬਾਅਦ ਮੁਲਾਜ਼ਮਾਂ ਨੂੰ ਮਿਲੇ ਗਰੇਡ ਪੇਅ ਦੇ ਲਾਭ ਨੂੰ ਖੋਹਣ ਲਈ 2. 59 ਦੇ ਗੁਣਾਂਕ ਨੂੰ 2.25 ਦੇ ਗੁਣਾਂਕ ਵਿੱਚ ਬਦਲ ਕੇ ਆਪਣੇ ਮੁਲਾਜ਼ਮ ਵਿਰੋਧੀ ਚਿਹਰੇ ਨੂੰ ਜੱਗ ਜ਼ਾਹਰ ਕੀਤਾ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਮਰਾਜੀ ਮੁਲਕਾਂ ਨਾਲ ਕੀਤੇ ਵਿਸ਼ਵ ਵਪਾਰ ਸਮਝੌਤਿਆਂ ਤਹਿਤ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਤੇ ਉਤਾਰੂ ਸਰਕਾਰ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰਾਂ ਤੇ ਰੈਗੂਲਰ ਰੁਜ਼ਗਾਰ ਲਈ ਜੂਝ ਰਹੇ ਕੱਚੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਲਾਠੀ,ਗੋਲੀ ਦੇ ਸਰਕਾਰੀ ਦਮਨ ਤੇ ਉੱਤਰ ਆਈ ਹੈ,ਜਿਸਦਾ ਜੁਆਬ ਸੰਘਰਸ਼ਾਂ ਨਾਲ ਦਿੱਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਸੁਆਲ ਕੀਤਾ ਕਿ ਮੁਲਾਜ਼ਮਾਂ ਤੇ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਤੇ ਚਲਦਾ ਸਰਕਾਰੀ ਖਜ਼ਾਨਾ ਵਿਧਾਇਕਾਂ,ਮੰਤਰੀਆਂ ਤੇ ਅਫਸਰਸ਼ਾਹੀ ਦੇ ਖੁੱਲ੍ਹੇ ਗੱਫਿਆਂ ਵਾਸਤੇ ਭਰਪੂਰ ਰਹਿੰਦਾ ਹੈ ਪਰ ਮੁਲਾਜ਼ਮਾਂ ਲਈ ਸਰਕਾਰੀ ਖਜ਼ਾਨਾ ਹਮੇਸ਼ਾ ਖ਼ਾਲੀ ਕਿਉਂ ਹੁੰਦਾ ਹੈ ?ਆਗੂਆਂ ਨੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਨਵੀਂ ਭਰਤੀ ਪੰਜਾਬ ਪੈਟਰਨ ਤੇ ਕਰਨ, ਠੇਕਾ ਭਰਤੀ ਦੀ ਥਾਂ ਰੈਗੂਲਰ ਭਰਤੀ ਕਰਨ,ਪੇ ਗਰੇਡਾਂ ਦੀਆਂ ਤਰੁਟੀਆਂ ਦੂਰ ਕਰਕੇ ਸਮੂਹ ਮੁਲਾਜ਼ਮਾਂ ਨੂੰ 3.75 ਦਾ ਗੁਣਾਂਕ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਵਿੱਤ ਵਿਭਾਗ ਦੁਆਰਾ ਜਾਰੀ ਕੀਤੀਆਂ ਮੁਲਾਜ਼ਮ ਵਿਰੋਧੀ ਤਜਵੀਜ਼ਾਂ ਰੱਦ ਕਰਨ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ।
ਰੋਸ ਰੈਲੀ ਵਿੱਚ ਸੂਬਾਈ ਅਧਿਆਪਕ ਆਗੂਆਂ ਸਰਵਣ ਸਿੰਘ ਔਜਲਾ, ਜਸਵਿੰਦਰ ਬਠਿੰਡਾ, ਰੇਸ਼ਮ ਸਿੰਘ ਤੋਂ ਇਲਾਵਾ ਠੇਕਾ ਮੁਲਾਜ਼ਮ ਮੋਰਚਾ, ਐੱਨ.ਐੱਸ.ਕਿਊ.ਐੱਫ., ਈ. ਜੀ.ਐੱਸ.ਵਾਲੰਟੀਅਰ, ਕੰਪਿਊਟਰ ਅਧਿਆਪਕ ਯੂਨੀਅਨ, ਟੀ.ਐੱਸ.ਯੂ.6505 ਅਧਿਆਪਕ ਯੂਨੀਅਨ ਦੇ ਆਗੂ ਜਗਰੂਪ ਲਹਿਰਾ ਮੁਹੱਬਤ, ਸਵਰਨਜੀਤ ਸਿੰਘ ਵਿਰਦੀ, ਵੀਰਪਾਲ ਕੌਰ ਸਿਧਾਣਾ, ਮਨਦੀਪ ਸਿੰਘ, ਏਕਮ ਉਂਕਾਰ ਸਿੰਘ, ਰੰਗ ਸਿੰਘ,ਅਮਰਜੀਤ ਸਿੰਘ, ਜਗਪ੍ਰੀਤ ਸਿੰਘ ਖੋਖਰ ਭਰਾਤਰੀ ਜਥੇਬੰਦੀਆਂ ਆਗੂਆਂ ਵਜੋਂ ਮੌਜੂਦ ਸਨ। ਅੱਤ ਦੀ ਗਰਮੀ ਡਟੇ ਅਧਿਆਪਕਾਂ ਨੇ ਬਠਿੰਡੇ ਦੀਆਂ ਸੜਕਾਂ ਤੇ ਰੋਹ ਭਰਪੂਰ ਮਾਰਚ ਕਰਦਿਆਂ ਸਰਕਾਰ ਨੂੰ ਲੋਕ ਵਿਰੋਧੀ ਨੀਤੀਆਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਰੈਲੀ ਵਿੱਚ ਸ਼ਾਮਲ ਅਧਿਆਪਕਾਂ ਨੇ ਮੰਚ ਕਾਲੇ ਖ਼ੇਤੀ ਕਾਨੂੰਨ, ਨਵੇਂ ਕਿਰਤ ਕਾਨੂੰਨ, ਨਵੀਂ ਸਿੱਖਿਆ ਨੀਤੀ 2020 ਰੱਦ ਕਰਨ, ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਰੱਦ ਕਰਨ ਤੇ ਰੈਗੂਲਰ ਭਰਤੀ ਕਰਨ ਦੇ ਪੜ੍ਹੇ ਗਏ ਮਤਿਆਂ ਨੂੰ ਪ੍ਰਵਾਨਗੀ ਦਿੱਤੀ।