ਮੀਡੀਆ ਬਿਊਰੋ:
ਬਚਪਨ ਤੋਂ ਹੀ ਪੰਜਾਬ ਦੀ ਰਾਜਨੀਤੀ ਨੂੰ ਦੇਖਦੇ ਆ ਰਹੇ ਸੀ ਕਿ ਕਦੇ ਚੋਣਾਂ ਵਿਚ ਧਾਰਮਿਕ ਜਨੂੰਨ ਭਾਰੂ ਪੈਂਦੇ ਤੇ ਕਦੇ ਜਾਤ-ਪਾਤ ਦਾ ਪਲੜਾ ਭਾਰੂ ਹੋ ਜਾਂਦਾ ਸੀ। ਕਦੇ ਪਾਰਟੀਬਾਜ਼ੀ ਤੇ ਕਦੇ ਖਿੱਤਾਵਾਦ, ਪਰ ਪਿਛਲੇ ਲਗਪਗ ਤਿੰਨ-ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਕਿਸੇ ਵੀ ਚੋਣ ਵਿਚ ਪੰਜਾਬੀਅਤ ਦੀ ਝਲਕ ਨਜ਼ਰ ਨਹੀਂ ਆਈ। ਹੁਣ ਤਕ ਲਗਪਗ ਸਾਰੀਆਂ ਹੀ ਪਾਰਟੀਆਂ ਵੱਲੋਂ ਪੰਜਾਬੀਆਂ ਨੂੰ ਧਰਮ, ਜਾਤ-ਪਾਤ ਅਤੇ ਖਿੱਤਿਆਂ ਨੂੰ ਆਧਾਰ ਬਣਾ ਕੇ ਹੀ ਵੋਟਾਂ ਮੰਗੀਆਂ ਜਾਂਦੀਆਂ ਰਹੀਆਂ ਹਨ। ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਪੰਜਾਬ ਦੇ ਵਿਕਾਸ ਦੀ ਗੱਲ ਨਹੀਂ ਕੀਤੀ ਜਾਂਦੀ ਸੀ ਸਗੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਅਤੇ ਲੋਕਾਂ ਨੂੰ ਹੋਰ ਬੇਲੋੜੇ ਮੁੱਦਿਆਂ ਵਿਚ ਉਲਝਾਅ ਕੇ ਸੱਤਾ ’ਤੇ ਕਾਬਜ਼ ਹੁੰਦੀਆਂ ਰਹੀਆਂ। ਜੇ ਲੋਕਾਂ ਨਾਲ ਕੋਈ ਵਾਅਦਾ ਕੀਤਾ ਵੀ ਗਿਆ ਤਾਂ ਸੱਤਾ ਵਿਚ ਆਉਂਦਿਆਂ ਹੀ ਵਿਸਾਰ ਦਿੱਤਾ ਗਿਆ ਜਾਂ ਫਿਰ ਅਗਲੀਆਂ ਚੋਣਾਂ ਦੇ ਨੇੜੇ ਜਾ ਕੇ ਮਾੜਾ-ਮੋਟਾ ਫ਼ਰਜ਼ ਪੂਰਾ ਕੀਤਾ ਜਾਂਦਾ ਰਿਹਾ। ਬੇਵੱਸ ਲੋਕ ਰੌਲਾ-ਰੱਪਾ ਪਾ ਕੇ ਥੱਕ-ਹਾਰ ਕੇ ਕਿਸੇ ਦੂਜੀ ਧਿਰ ਦੇ ਪਿੱਛੇ ਲੱਗਣ ਲਈ ਮਜਬੂਰ ਹੋ ਜਾਂਦੇ ਤੇ ਸਮਾਂ ਆਉਣ ’ਤੇ ਅਗਲੀ ਧਿਰ ਦਾ ਰਵੱਈਆ ਵੀ ਉਹੀ ਹੁੰਦਾ।
ਹੁਣ ਤਕ ਲਗਪਗ ਇਹੀ ਸਿਲਸਿਲਾ ਜਾਰੀ ਰਿਹਾ ਤੇ ਹਰ ਵਾਰ ਲੋਕ ਸਬਰ ਦਾ ਘੁੱਟ ਭਰ ਕੇ ਬਹਿ ਜਾਂਦੇ ਤੇ ਆਪਣੇ ਆਗੂਆਂ ਨੂੰ ਕੋਸਣ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਚਾਰਾ ਨਾ ਹੁੰਦਾ। ਹਰ ਵਾਰ ਉਹ ਲੁੱਟੇ-ਪੁੱਟੇ ਮਹਿਸੂਸ ਕਰਦੇ ਪਰ ਵੀਹ ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਦਸ ਮਾਰਚ ਨੂੰ ਆਏ ਨਤੀਜਿਆਂ ਨੇ ਆਸ ਦੀ ਕਿਰਨ ਵਿਖਾ ਦਿੱਤੀ ਹੈ। ਇਕ ਤਾਂ ਇਨ੍ਹਾਂ ਚੋਣਾਂ ਵਿਚ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਕੇਵਲ ਭਾਵਨਾਵਾਂ ਦੇ ਵੇਗ ਵਿਚ ਨਹੀਂ ਵਗੇ ਸਗੋਂ ਡੂੰਘੀ ਸੂਝ ਨਾਲ ਫ਼ੈਸਲਾ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡੀ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਲੋਕਾਂ ਵੱਲੋਂ ਧਾਰਮਿਕ ਅਤੇ ਜਾਤ-ਪਾਤ ’ਤੇ ਆਧਾਰਤ ਰਾਜਨੀਤੀ ਨੂੰ ਮੁੱਢ ਤੋਂ ਹੀ ਰੱਦ ਕਰਨ ਦੀ ਦਿਸ਼ਾ ਵੱਲ ਕਦਮ ਵਧਾਇਆ ਗਿਆ। ਲੋਕਾਂ ਨੇ ਬੁਨਿਆਦੀ ਲੋੜਾਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਈਆਂ। ਲੋਕਾਂ ਨੇ ਅਥਾਹ ਵਿਸ਼ਵਾਸ ਪ੍ਰਗਟ ਕਰਦੇ ਹੋਏ ‘ਆਪ’ ਦੇ ਹੱਕ ਵਿਚ ਐਡਾ ਵੱਡਾ ਫ਼ਤਵਾ ਦਿੱਤਾ ਹੈ ਜਿਸ ਨਾਲ ਉਸ ਦੇ ਸਿਰ ’ਤੇ ਵੱਡੀ ਜ਼ਿੰਮੇਵਾਰੀ ਪੈ ਗਈ ਹੈ। ਚੋਣ ਨਤੀਜਿਆਂ ਵਿਚ ਜਿੱਤ ਦੇ ਅੰਤਰ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਲੋਕਾਂ ਨੇ ਕੇਵਲ ਵੋਟਾਂ ਹੀ ਨਾ ਪਾਈਆਂ ਹੋਣ, ਸਗੋਂ ਵੋਟਾਂ ਦੀਆਂ ਪੰਡਾਂ ਭਰ-ਭਰ ਕੇ ਜ਼ਿੰਮੇਵਾਰੀ ਦੇ ਰੂਪ ਵਿਚ ਇਨ੍ਹਾਂ ਦੇ ਸਿਰ ਉੱਤੇ ਰੱਖ ਦਿੱਤੀਆਂ ਹੋਣ। ਇਸ ਲਈ ਹੁਣ ਇਸ ਧਿਰ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਨ੍ਹਾਂ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖ਼ਰੀ ਉਤਰੇ। ਉਹ ਬਿਨਾਂ ਕਿਸੇ ਵਿਤਕਰੇ ਤੇ ਦੇਰੀ ਦੇ ਪੰਜਾਬ ਦੇ ਵਿਕਾਸ ਤੇ ਭਲਾਈ ਵਿਚ ਰੁੱਝ ਜਾਵੇ।