ਸਿੱਧੂ ਚੁੱਪ,ਚੰਨੀ ਨਿਭਾ ਰਹੇ ਹਨ ਸਿੱਧੂ ਦੀ ਭੂੁਮਿਕਾ
ਚੰਡੀਗੜ੍ਹ, ਮੀਡੀਆ ਬਿਊਰੋ:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਹਾਡ਼ ਇਸ ਵਾਰ ਚੋਣ ਰੈਲੀਆਂ ਤੇ ਪ੍ਰਚਾਰ ਵਿਚ ਸੁਣੀ ਨਹੀਂ ਜਾ ਰਹੀ ਹੈ। ਰੈਲੀਆਂ ਵਿਚ ਉਹ ਪੰਜਾਬ ਦੇ ਸਰਹੱਦੀ ਸੂਬਾ ਹੋਣ ਦਾ ਮੁੱਦਾ ਚੁੱਕ ਕੇ ਸੁਰੱਖਿਆ ਦੀ ਗੱਲ ਕਰਦੇ ਹਨ। ਇਸ ਵਾਰ ਉਨ੍ਹਾਂ ਦਾ ਅੰਦਾਜ਼ ਵੱਖਰਾ ਹੈ। ਸੂਬੇ ਦੇ ਵੋਟਰ ਉਨ੍ਹਾਂ ਨੂੰ ‘ਖੂੰਡਾ ਖਡ਼ਕਾਉਣ’ ਵਾਲੇ ਸਿਆਸਤਦਾਨ ਵਜੋਂ ਵੇਖਦੇ ਹਨ। ਇਸ ਵਾਰ ਉਨ੍ਹਾਂ ਦੇ ਭਾਸ਼ਣਾਂ ਵਿਚ ਉਹ ਧਾਰ ਨਜ਼ਰ ਨਹੀਂ ਆ ਰਹੀ। ਕੈਪਟਨ ਪਿਛਲੀਆਂ ਚੋਣਾਂ ਵਿਚ ਆਪਣੇ ਧਾਰਦਾਰ ਭਾਸ਼ਣਾਂ ਸਦਕਾ ਲੋਕਾਂ ਵਿਚ ਭਰੋਸਾ ਬਣਾ ਗਏ ਸਨ। 117 ਵਿੱਚੋਂ 77 ਸੀਟਾਂ ਜਿੱਤਣ ਪਿੱਛੇ ਇਹੀ ਢੰਗ ਕੰਮ ਕਰ ਰਿਹਾ ਸੀ।
ਇਸ ਵਾਰ ਕੈਪਟਨ ਨੇ ਸਿਰਫ਼ ਅਕਸ ਨਹੀਂ ਬਦਲਿਆ ਸਗੋਂ ਕਈ ਸਟਾਰ ਪ੍ਰਚਾਰਕ ਅਕਸ ਬਦਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਇਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਗਵੰਤ ਮਾਨ ਹੈ। ਭਗਵੰਤ ਅਕਸਰ ਰੈਲੀਆਂ ਵਿਚ ਕਾਮੇਡੀ ਢੰਗ ਨਾਲ ਵਿਅੰਗ ਕਰ ਕੇ ਵਿਰੋਧੀਆਂ ਨੂੰ ਢਾਹੁੰਦੇ ਰਹੇ ਹਨ। 2014 ਦੀਆਂ ਸੰਸਦੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਤਾਸ਼ ਦੇ ਪੱਤਿਆਂ ਦੇ ਨਾਂ ’ਤੇ ਵਿਰੋਧੀਆਂ ਦੇ ਨਾਂ ਰੱਖੇ ਸਨ। ਉਹ ਵਿਸ਼ੇਸ਼ ਅੰਦਾਜ਼ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਅਹੁਦੇਦਾਰਾਂ ’ਤੇ ਵਾਰ ਕਰਦੇ ਸਨ। ਉਨ੍ਹਾਂ ਦਾ ਅਕਸ ਕਾਮੇਡੀਅਨ ਆਗੂ ਦਾ ਬਣ ਗਿਆ ਸੀ। ਫਿਰ ਜਦੋਂ ਪਾਰਟੀ ਨੇ ਮੁੱਖ ਮੰਤਰੀ ਚਿਹਰਾ ਬਣਾਇਆ ਤਾਂ ਉਨ੍ਹਾਂ ਨੇ ਅੰਦਾਜ਼ ਬਦਲ ਦਿੱਤਾ।
ਪਿਛਲੇ ਦਿਨੀਂ ਜਦੋਂ ਉਹ ਧੂਰੀ ਵਿਧਾਨ ਸਭਾ ਦੇ 21 ਪਿੰਡਾਂ ’ਚ ਰੋਡ ਸ਼ੋਅ ਕਰ ਰਹੇ ਸਨ ਤਾਂ ਈਸਡ਼ਾ ਪਿੰਡ ਦੇ ਲੋਕਾਂ ਨੂੰ ਕਿਹਾ, ‘‘ਇਸ ਵਾਰ ਆਪਣੀ ਕਿਸਮਤ ਖ਼ੁਦ ਲਿਖ ਲੈਣਾ, ਇਹ ਕਲਮ ਕਿਸੇ ਹੋਰ ਨੂੰ ਨਾ ਦੇਣਾ।’’ ਉਹ ਲੋਕਾਂ ਨੂੰ ਇਹ ਦੱਸਣਾ ਵੀ ਨਹੀਂ ਭੁੱਲਦੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੀ ਦੇ ਪੁੱਤ ਤੋਂ 3 ਮਹੀਨਿਆਂ ਦੌਰਾਨ 10 ਕਰੋਡ਼ ਰੁਪਏ ਮਿਲੇ ਹਨ। ਜੇ ਪੰਜ ਸਾਲ ਰਹਿ ਜਾਂਦੇ ਤਾਂ ਵੇਖ ਲਓ, ਕਿੰਨੇ ਨਿਕਲਣੇ ਸਨ।
ਨਵਜੋਤ ਸਿੱਧੂ ਨੂੰ ਜਦੋਂ ਸਪੱਸ਼ਟ ਹੋ ਗਿਆ ਕਿ ਉਹ ਅਪਾਰਟੀ ਦਾ ਮੁੱਖ ਮੰਤਰੀ ਚਿਹਰਾ ਨਹੀਂ ਹਨ ਤਾਂ ਉਹ ਚੁੱਪ ਕਰ ਗਏ। 2017 ਦੀਆਂ ਚੋਣਾਂ ਵਿਚ ਸਿਰਫ਼ ਦਸ ਦਿਨਾਂ ਵਿਚ 70 ਰੈਲੀਆਂ ਕਰਨ ਵਾਲੇ ਸਿੱਧੂ ਲੰਘੇ 15 ਦਿਨਾਂ ਵਿਚ ਆਪਣੇ ਹਲਕੇ ਵਿਚ ਸੀਮਤ ਹੋ ਕੇ ਰਹਿ ਗਏ ਹਨ। ਉਹ ਉਦੋਂ ਹੀ ਘਰੋਂ ਨਿਕਲਦੇ ਹਨ ਜਦੋਂ ਕੋਈ ਵੱਡਾ ਲੀਡਰ ਆਇਆ ਹੋਵੇ। ਧੂਰੀ ਵਿਚ ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਉਹ ਆਏ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਨਾਂਹ ਕਰ ਦਿੱਤੀ।
ਰਿਸ਼ਤੇਦਾਰਾਂ ਲਈ ਵੀ ਪ੍ਰਚਾਰ ਨਹੀਂ ਕੀਤਾ
ਅਮਰਗਡ਼੍ਹ ਤੋਂ ਖਡ਼੍ਹੇ ਰਿਸ਼ਤੇਦਾਰ ਸੁਮਿਤ ਸਿੰਘ ਮਾਨ ਦੇ ਪੱਖ ਵਿਚ ਪ੍ਰਚਾਰ ਕਰਨ ਲਈ ਬਹੁਤਾ ਨਹੀਂ ਨਿਕਲ ਰਹੇ। ਇਹੀ ਵਜ੍ਹਾ ਹੈ ਕਿ ਅਮਰਗਡ਼੍ਹ ਵਿਚ ਸੁਮਿਤ ਦੇ ਪੋਸਟਰਾਂ ’ਤੇ ਸਿੱਧੂ ਦੀ ਬਜਾਏ ਮੁੱਖ ਮੰਤਰੀ ਚੰਨੀ ਦੀ ਫੋਟੋ ਲੱਗੀ ਹੈ। ਸਿੱਧੂ ਦੀ ਅੰਮ੍ਰਿਤਸਰ ਪੂਰਬੀ ਸੀਟ ਤੋਂ ਬਿਕਰਮ ਸਿੰਘ ਮਜੀਠੀਆ ਨੇ ਘੇਰਿਆ ਹੋਇਆ ਹੈ।
ਚੰਨੀ ਨਿਭਾ ਰਹੇ ਹਨ ਸਿੱਧੂ ਦੀ ਭੂੁਮਿਕਾ
2017 ਵਿਚ ਦੂਜੇ ਸਟਾਰ ਪ੍ਰਚਾਰਕਾਂ ਨੂੰ ਆਪਣੀ ਸੀਟ ’ਤੇ ਪ੍ਰਚਾਰ ਲਈ ਸੱਦਣ ਵਾਲੇ ਮੁੱਖ ਮੰਤਰੀ ਚੰਨੀ ਇਸ ਵਾਰ ਕਾਂਗਰਸ ਦੇ ਸਿਤਾਰਾ ਪ੍ਰਚਾਰਕ ਹਨ, ਹਰ ਸੀਟ ਦੇ ਉਮੀਦਵਾਰ ਉਨ੍ਹਾਂ ਦੀ ਮੰਗ ਕਰ ਰਹੇ ਹਨ। ਉਹ ਖ਼ੁਦ ਦੋ ਸੀਟਾਂ ਤੋਂ ਕਿਸਮਤ ਅਜ਼ਮਾ ਰਹੇ ਹਨ। ਇਸ ਦੇ ਬਾਵਜੂਦ ਪ੍ਰਚਾਰ ਕਰ ਰਹੇ ਹਨ। ਚੰਨੀ ਇਨ੍ਹਾਂ ਚੋਣਾਂ ਵਿਚ ਉਸ ਭੂਮਿਕਾ ਵਿਚ ਹਨ, ਜਿਸ ਵਿਚ ਪਿਛਲੀ ਵਾਰ ਸਿੱਧੂ ਸੀ।