ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)– ਕੋਵਿਡ ਕਾਰਨ ਹੱਸਦੇ ਵਸਦੇ ਪਰਿਵਾਰਾਂ ਵਿੱਚ ਸੱਥਰ ਵਿਛ ਗਏ, ਘਰਾਂ ਦੇ ਘਰ ਮੌਤ ਨੇ ਖਾਲੀ ਕਰ ਦਿੱਤੇ। ਅਜਿਹੇ ਭਿਆਨਕ ਸਮੇਂ ਹਰ ਪਾਸੇ ਮੌਤ ਵਰਗੀ ਚੁੱਪ ਛਾਈ ਨਜ਼ਰ ਆਉਂਦੀ ਹੈ। ਮਨੁੱਖ ਮਨੁੱਖ ਤੋਂ ਦੂਰੀ ਬਣਾ ਕੇ ਖੜਦਾ ਹੈ। ਭਿਆਨਕ ਦੌਰ ਵਿੱਚ ਹਰ ਕੋਈ ਆਪੋ ਆਪਣੇ ਅਕੀਦੇ, ਆਪੋ ਆਪਣੇ ਢੰਗ ਅਨੁਸਾਰ ਅਰਦਾਸਾਂ ਕਰਦਾ ਦਿਖਾਈ ਦਿੰਦਾ ਹੈ। ਕਲਾਕਾਰ ਮਨ ਇਹੋ ਜਿਹੇ ਭਿਆਨਕ ਹਲਾਤਾਂ ਵਿੱਚ ਬਿਹਬਲ ਹੋ ਉੱਠਦਾ ਹੈ। ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਸਦੇ ਇੱਕ ਬੱਸ ਡਰਾਈਵਰ ਰਣਜੀਤ ਸਿੰਘ ਵੀਰ ਅੰਦਰਲੇ ਕਲਾਕਾਰ ਵੱਲੋਂ ਕੋਰੋਨਾ ਨਾਲ ਸਵਾਲ ਜਵਾਬ ਕੀਤੇ ਗਏ ਹਨ।
ਗੀਤ ‘ਸੱਚ ਦੱਸ ਵੇ ਕੋਰੋਨਿਆ’ ਰਾਹੀਂ ਰਣਜੀਤ ਸਿੰਘ ਵੀਰ ਨੇ ਜਿੱਥੇ ਆਪਣੇ ਮਨ ਦੀ ਕੋਮਲਤਾ, ਆਪਣੇ ਅੰਦਰ ਛੁਪੇ ਬੈਠੇ ਸੂਝਵਾਨ ਗਾਇਕ ਦੇ ਦੀਦਾਰੇ ਕਰਵਾਏ ਹਨ, ਉੱਥੇ ਇਸ ਗੀਤ ਰਾਹੀਂ ਸੁਣਨ ਵਾਲਿਆਂ ਨੂੰ 1982 ਦੇ ਸੰਗੀਤਕ ਦੌਰ ਵਿੱਚ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਇਸ ਗੀਤ ਰਾਹੀਂ 1982 ‘ਚ ਲੋਕ ਕਚਹਿਰੀ ਵਿੱਚ ਪੇਸ਼ ਹੋਏ ਗੀਤ ‘ਦੱਸ ਮੇਰਿਆ ਦਿਲਬਰਾ ਵੇ’ ਨੂੰ ਮੁਡ਼ ਲੋਕ ਚੇਤਿਆਂ ਵਿੱਚ ਜੀਵਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਦੱਸ ਮੇਰਿਆ ਦਿਲਬਰਾ ਵੇ’ ਗੀਤ ਨੂੰ ਜਨਾਬ ਮੁਹੰਮਦ ਰਫ਼ੀ ਅਤੇ ਆਸ਼ਾ ਭੌਂਸਲੇ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਸੀ।
ਹੁਣ ਰਣਜੀਤ ਸਿੰਘ ਵੀਰ ਵੱਲੋਂ ਇਸ ਧੁਨ ਨੂੰ ਆਧਾਰ ਬਣਾ ਕੇ ਗਾਇਆ ਗੀਤ ਜਿੱਥੇ ਸੁਣਨ ਵਾਲੇ ਨੂੰ ਕੋਰੋਨਾ ਨਾਲ ਕੀਤੇ ਸੰਵਾਦ ਬਾਰੇ ਜਾਣਨ ਦੀ ਇੱਛਾ ਪੈਦਾ ਕਰਦਾ ਹੈ ਉੱਥੇ ਰਣਜੀਤ ਸਿੰਘ ਵੀਰ ਦੀ ਪੁਖ਼ਤਾ ਗਾਇਕੀ ਦੀ ਝਲਕ ਵੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਵੀਰ ਮਾਛੀਵਾੜਾ ਲਾਗਲੇ ਪਿੰਡ ਲੁਬਾਣਗੜ੍ਹ ਦੇ ਜੰਮਪਲ ਹਨ ਅਤੇ ਉਨ੍ਹਾਂ ਨੂੰ ਸੰਗੀਤ ਨਾਲ ਮੋਹ ਪਿਤਾ ਗਿਆਨੀ ਸਵਰਨ ਸਿੰਘ ਰਾਗੀ ਜੀ ਕੋਲੋਂ ਵਿਰਾਸਤ ਵਿੱਚ ਮਿਲਿਆ। ਪਿਤਾ ਜੀ ਕੋਲੋਂ ਗੁਰਬਾਣੀ ਤੇ ਕੀਰਤਨ ਸਿੱਖ ਕੇ ਉਹ ਵੱਖ ਵੱਖ ਦੇਸ਼ਾਂ ਵਿੱਚ ਸੇਵਾਵਾਂ ਨਿਭਾਉਂਦੇ ਰਹੇ। 1999 ਤੋਂ 2007 ਤੱਕ ਉਨ੍ਹਾਂ ਇੰਗਲੈਂਡ ਦੇ ਬਰਮਿੰਘਮ ਸ਼ਹਿਰ (ਸੈਂਡਵਿਲ) ਵਿਖੇ ਗੁਰੂ ਘਰ ਵਿੱਚ ਗੁਰਬਾਣੀ ਕੀਰਤਨ ਕਰਨ ਦੀ ਸੇਵਾ ਨਿਭਾਈ। 2007 ਤੋਂ ਹੁਣ ਤੱਕ ਉਹ ਬੱਸ ਡਰਾਈਵਰ ਵਜੋਂ ਕਿਰਤਸ਼ੀਲ ਹਨ।
ਗਾਇਕੀ ਵਰਗੀ ਕੋਮਲ ਕਲਾ ਨਾਲੋਂ ਬਿਲਕੁਲ ਵੱਖਰੇ ਕਿੱਤੇ ਬੱਸ ਡਰਾਈਵਰ ਵਜੋਂ ਵਿਚਰਦਿਆਂ ਹੋਇਆਂ ਵੀ ਉਨ੍ਹਾਂ ਗੁਰਬਾਣੀ, ਕੀਰਤਨ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਗਾਇਕੀ ਨੂੰ ਆਪਣੀ ਵਿਰਾਸਤ ਬਣਾਇਆ ਹੋਇਆ ਹੈ। ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਵੀਰ ਨੇ ਕਿਹਾ ਕਿ ਉਹ ਮਾਨਸਿਕ ਤ੍ਰਿਪਤੀ ਲਈ ਵਧੇਰੇ ਸਮਾਂ ਸ਼ਬਦ ਗਾਇਨ ਕਰਦੇ ਹਨ। ਡਰਾਈਵਰ ਵਜੋਂ ਹੁਣ ਤੱਕ ਦੀ ਨੌਕਰੀ ਦੌਰਾਨ ਲੱਖਾਂ ਮਹਿਮਾਨ ਯਾਤਰੀਆਂ ਨੇ ਉਨ੍ਹਾਂ ਨਾਲ ਸਫ਼ਰ ਕੀਤਾ ਹੈ, ਪਰ ਕੋਰੋਨਾ ਦੌਰ ਵਿੱਚ ਲੋਕਾਂ ਦੇ ਚਿਹਰਿਆਂ ‘ਤੇ ਜੋ ਹਾਵ ਭਾਵ ਨਜ਼ਰ ਆਉਂਦੇ ਹਨ, ਉਹ ਬੇਹੱਦ ਤਕਲੀਫ਼ਦੇਹ ਹਨ। ‘ਸੱਚ ਦੱਸ ਵੇ ਕੋਰੋਨਿਆ’ ਗੀਤ ਉਸੇ ਤਕਲੀਫ਼ ਵਿੱਚੋਂ ਉਪਜਿਆ ਹੈ।