ਮੋਹਾਲੀ, ਮੀਡੀਆ ਬਿਊਰੋ:
ਜਨਵਰੀ ਮਹੀਨੇ ਸੀਨੀਆਰਤਾ ਦੇ ਆਧਾਰ ‘ਤੇ ਮਾਸਟਰ ਕਾਡਰ ਤੋਂ ਪਦਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਹੁਣ ਪੱਕੀ ਤਾਇਨਾਤੀ ਲਈ ਤਿੰਨ ਦਿਨਾਂ ‘ਚ ਸਟੇਸ਼ਨ ਚੁਣਨ ਦੇ ਹੁਕਮ ਦਿੱਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਨ੍ਹਾਂ ਲੈਕਚਰਾਰਾਂ ਨੂੰ 27 ਅਪ੍ਰੈਲ ਤਕ ਆਪਣੀ ਲੌਗਇਨ ਆਈਡੀ ਤੋਂ ਵਿਭਾਗ ਵੱਲੋਂ ਤਿਆਰ ਸਾਫਟਵੇਅਰ ਰਾਹੀਂ ਸਟੇਸ਼ਨ ਸਿਲੈਕਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਆਨਲਾਈਨ ਇੰਝ ਕਰੋ ਸਟੇਸ਼ਨ ਦੀ ਚੋਣ
ਪਦਉੱਨਤ ਮੁਲਾਜ਼ਮ ਆਪਣੀ ਸਟਾਫ ਲੌਗਇਨ ਆਈਡੀ ‘ਚ ਲੌਗਇਨ ਕਰਨ ਉਪਰੰਤ ‘ਸਟੇਸ਼ਨ ਚੋਣ’ ਦੇ ਲਿੰਕ ‘ਤੇ ਕਲਿੱਕ ਕਰਨਗੇ। ਸਟੇਸ਼ਨ ਚੋਣ ਦੇ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਦੇਵੇਗੀ। ਪੱਤਰ ‘ਚ ਸਾਰੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਿਸ਼ੇ ਨਾਲ ਸੰਬੰਧਤ ਆਪਣੀ ਤਰਜੀਹ ਅਨੁਸਾਰ ਵੱਧ ਤੋਂ ਵੱਧ ਸਟੇਸ਼ਨਾਂ ਦੀ ਚੋਣ ਕਰਨ। ਜੇਕਰ ਕਿਸੇ ਮੁਲਾਜ਼ਮਾਂ ਵੱਲੋਂ ਤਰਜੀਹ ਅਨੁਸਾਰ ਚੁਣੇ ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਮੁਲਾਜ਼ਮਾਂ ਵੱਲੋਂ ਚੋਣ ਕਰ ਲਈ ਜਾਂਦੀ ਹੈ ਤਾਂ ਉਸ ਸਥਿਤੀ ‘ਚ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਆਪਣੇ ਪੱਧਰ ‘ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ। ਸਟੇਸ਼ਨ ਸਿਲੈਕਟ ਕਰਨ ਉਪਰੰਤ ‘ਸਬਮਿਟ’ ਬਟਨ ‘ਤੇ ਕਲਿੱਕ ਕਰ ਦਿਉ।