ਹਰ ਵੋਟਰ ਦੇ ਫੋਨ ਸੁਣਨ ਜਾਂ ਕਰਨ ਤੋਂ ਪਹਿਲਾਂ ਆ ਰਿਹੈ ਇਹ ਆਡੀਓ ਮੈਸੇਜ
ਜਲੰਧਰ, ਮੀਡੀਆ ਬਿਊਰੋ:
ਲੋਕਤੰਤਰ ਦੇ ਇਸ ਮਹਾਕੁੰਭ ’ਚ ਹਰ ਵੋਟਰ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਪੰਜਾਬ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ’ਚ ਸਵੀਪ ਪ੍ਰੋਗਰਾਮਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ ਅਤੇ ਥਾਂ-ਥਾਂ ਪੋਸਟਰਾਂ, ਬੈਨਰਾਂ, ਪਰਚਿਆਂ ਅਤੇ ਗ੍ਰੈਫਟੀਜ਼ ਬਣਾ ਕੇ ਵੋਟਰਾਂ ਨੂੰ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਪੰਜਾਬ ਨੇ ਵੀ ਸੋਸ਼ਲ ਮੀਡੀਆ ਤੇ ਮੋਬਾਈਲ ਦਾ ਸਹਾਰਾ ਵੀ ਲੈਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਇਲਾਵਾ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਪੱਧਰ ’ਤੇ ਆਪੋ-ਆਪਣੀਆਂ ਵੈੱਬਸਾਈਟਾਂ ’ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਨ੍ਹੀਂ ਦਿਨੀਂ ਵੋਟਰਾਂ ਨੂੰ ਮੋਬਾਈਲ ’ਤੇ ਆਡੀਓ ਮੈਸੇਜ ਭੇਜਿਆ ਜਾ ਰਿਹਾ ਹੈ ਜੋ ਇਸ ਵਾਰ ਚੋਣਾਂ ਦੌਰਾਨ ਪਹਿਲੀ ਵਾਰ ਨਵਾਂ ਤਜਰਬਾ ਕੀਤਾ ਜਾ ਰਿਹਾ ਹੈ। ਜਦੋਂ ਵੀ ਕੋਈ ਵੋਟਰ ਫੋਨ ਕਾਲ ਕਰਦਾ ਹੈ ਜਾਂ ਫੋਨ ਸੁਣਦਾ ਹੈ ਤਾਂ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਆਡੀਓ ਮੈਸੇਜ ਚੱਲਦਾ ਹੈ, ਜਿਸ ’ਚ ਕਿਹਾ ਜਾਂਦਾ ਹੈ ਕਿ ‘20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸ ਲਈ ਵੋਟਰ ਆਪਣੇ ਇਲਾਕੇ ਦੇ ਪੋਲਿੰਗ ਬੂਥ ’ਤੇ ਜਾ ਕੇ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰਨ। ਵੋਟ ਪਾਉਣ ਵੇਲੇ ਬੂਥ ’ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।’
ਵੋਟਰਾਂ ਨੂੰ ਜਾਗਰੂਕ ਕਰਨਾ ਹੀ ਮੁੱਖ ਮੰਤਵ : ਸੀਈਓ
ਇਸ ਸਬੰਧੀ ਮੁੱਖ ਚੋਣ ਅਧਿਕਾਰੀ ਪੰਜਾਬ ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵੱਲੋਂ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਜਾਗਰੂਕਤਾ ਕਰਨ ਦੇ ਨਾਲ ਹੀ ਮੋਬਾਈਲ ਆਪ੍ਰੇਟਰਾਂ ਨਾਲ ਟਾਈਅਪ ਕੀਤਾ ਗਿਆ ਹੈ ਜਿਸ ਤਹਿਤ ਵੋਟਰਾਂ ਦੇ ਮੋਬਾਈਲ ਫੋਨ ਸੁਣਨ ਮੌਕੇ ਚੋਣ ਕਮਿਸ਼ਨ ਦਾ ਆਡੀਓ ਮੈਸੇਜ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਇਸ ਆਡੀਓ ਮੈਸੇਜ ’ਚ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਦਾ ਮੁੱਖ ਮੰਤਵ ਵੋਟਰਾਂ ਨੂੰ ਯਾਦ ਦਿਵਾਉਣਾ ਹੈ, ਇਸ ਲਈ ਸਮੇਂ-ਸਮੇਂ ’ਤੇ ਅਖਬਾਰਾਂ, ਟੀਵੀ, ਰੇਡੀਓ ਤੇ ਮੋਬਾਈਲ ਮੈਸੇਜਾਂ ਰਾਹੀਂ ਵੋਟਰਾਂ ਤਕ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਦਾ ਹਰ ਵੋਟਰ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰੇ।
ਫਲਾਇੰਗ ਟੀਮਾਂ ਦੀਆਂ ਗੱਡੀਆਂ ’ਤੇ ਚੱਲੇਗਾ ਆਡੀਓ ਮੈਸੇਜ
ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ’ਤੇ ਸਾਰੇ ਜ਼ਿਲ੍ਹਿਆਂ ’ਚ ਤਾਇਨਾਤ ਚੋਣ ਕਮਿਸ਼ਨ ਦੀਆਂ ਫਲਾਇੰਗ ਟੀਮਾਂ ਦੀਆਂ ਗੱਡੀਆਂ ’ਤੇ ਵੋਟਰਾਂ ਨੂੰ ਆਪੋ-ਆਪਣੇ ਪੋਲਿੰਗ ਬੂਥ ’ਚ ਜਾ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨਗੀਆਂ। ਜ਼ਿਲ੍ਹਾ ਚੋਣ ਕਮਿਸ਼ਨ ਦਫਤਰ ਦੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਫਲਾਇੰਗ ਟੀਮਾਂ ਦੀਆਂ ਗੱਡੀਆਂ ’ਚ ਚਲਾਉਣ ਲਈ ਆਡੀਓ ਮੈਸੇਜ ਤਿਆਰ ਕਰ ਲਿਆ ਗਿਆ ਹੈ ਜੋ ਕਿ ਅਗਲੇ ਦੋ ਦਿਨਾਂ ਤਕ ਸਾਰੀਆਂ ਟੀਮਾਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਹ ਆਡੀਓ ਮੈਸੇਜ ਗੱਡੀਆਂ ’ਚ ਲਗਾਤਾਰ ਵੱਜੇਗਾ ਤਾਂ ਜੋ ਵੋਟਰਾਂ ਨੂੰ ਆਪਣੇ ਪੋਲਿੰਗ ਬੂਥ ’ਤੇ ਜਾ ਕੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।