IMD ਦੀ ਬਾਰਿਸ਼ ਦੀ ਚੇਤਾਵਨੀ

ਮੀਡੀਆ ਬਿਊਰੋ:
ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਭਾਰਤ ਵਿੱਚ ਅਗਲੇ 5 ਦਿਨਾਂ ਯਾਨੀ 1 ਅਪ੍ਰੈਲ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਅਨੁਮਾਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਗਲੇ 4-5 ਦਿਨਾਂ ਤਕ ਉੱਤਰੀ-ਪੱਛਮੀ, ਮੱਧ ਅਤੇ ਪੱਛਮੀ ਭਾਰਤ ਵਿੱਚ ਤੇਜ਼ ਗਰਮੀ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਅਗਲੇ ਕੁਝ ਦਿਨਾਂ ਤਕ ਦੱਖਣੀ ਭਾਰਤ ਦੇ ਕੁਝ ਇਲਾਕਿਆਂ ‘ਚ ਛਿੜਕਾਅ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮਾਰਚ ਮਹੀਨੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਗਰਮੀ ਦਾ ਕਹਿਰ ਤੇਜ਼ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਮਈ-ਜੂਨ ਦੀ ਗਰਮੀ ਨੂੰ ਮਾਰਚ ‘ਚ ਹੀ ਮਹਿਸੂਸ ਕਰਨ ਲੱਗ ਪਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗਰਮੀ ਹੋਰ ਵੀ ਜ਼ਿਆਦਾ ਝੱਲਣੀ ਪਵੇਗੀ।
ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਮੁੰਬਈ ਸਮੇਤ ਕਈ ਰਾਜਾਂ ਵਿੱਚ ਮਈ-ਜੂਨ ਦੇ ਮਹੀਨੇ ਵਾਂਗ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਗਰਮੀ ਦਾ ਵੱਧਦਾ ਪਾਰਾ ਲੋਕਾਂ ਲਈ ਮੁਸੀਬਤ ਬਣਨ ਲੱਗਾ ਹੈ। ਆਈਐਮਡੀ ਨੇ ਕਿਹਾ ਕਿ 30 ਮਾਰਚ ਤੋਂ 1 ਅਪ੍ਰੈਲ ਦੌਰਾਨ ਉੱਤਰ-ਪੂਰਬੀ ਖੇਤਰ ‘ਚ ਗਰਜ/ਬਿਜਲੀ/ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਕਾਫ਼ੀ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ‘ਚ ਵੀ ਇਸੇ ਸਮੇਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਕੇਰਲ-ਮਾਹੇ, ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਤੇ ਤੱਟਵਰਤੀ ਤੇ ਦੱਖਣੀ ਅੰਦਰੂਨੀ ਕਰਨਾਟਕ ‘ਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਅਨੁਸਾਰ 28 ਤੇ 29 ਮਾਰਚ ਨੂੰ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਤੇ ਲਕਸ਼ਦੀਪ ‘ਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਗਰਮੀ ਦੀ ਭਵਿੱਖਬਾਣੀ
– ਆਈਐਮਡੀ ਨੇ ਕਿਹਾ ਕਿ ਅਗਲੇ 2 ਦਿਨਾਂ ਦੌਰਾਨ ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼ ਤੇ ਸੌਰਾਸ਼ਟਰ ਅਤੇ ਗੁਜਰਾਤ ਦੇ ਕੱਛ ‘ਚ ਅਲੱਗ ਥਲੱਗ ਸਥਿਤੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ। ਪੱਛਮੀ ਮੱਧ ਪ੍ਰਦੇਸ਼, ਵਿਦਰਭ ਤੇ ਰਾਜਸਥਾਨ ਨੂੰ ਵੀ ਅਗਲੇ 4-5 ਦਿਨਾਂ ਦੌਰਾਨ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ।
– 30 ਮਾਰਚ ਤੋਂ 1 ਅਪ੍ਰੈਲ ਦੇ ਦੌਰਾਨ, ਦੱਖਣੀ ਹਰਿਆਣਾ, ਦੱਖਣੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਓਡੀਸ਼ਾ, ਗੰਗਾ ਪੱਛਮੀ ਬੰਗਾਲ, ਪੂਰਬੀ ਮੱਧ ਪ੍ਰਦੇਸ਼ ਦੇ ਉੱਤਰੀ ਹਿੱਸੇ, ਉੱਤਰੀ ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ‘ਚ ਗਰਮੀ ਦੀਆਂ ਲਹਿਰਾਂ ਹੋਣ ਦੀ ਸੰਭਾਵਨਾ ਹੈ।
– ਆਈਐਮਡੀ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਮਹਾਰਾਸ਼ਟਰ ‘ਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 2-3 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਧਿਕਾਰੀਆਂ ਮੁਤਾਬਕ ਮਾਰਚ ਦੇ ਮਹੀਨੇ ਮੀਂਹ ਨਾ ਪੈਣ ਕਾਰਨ ਗਰਮੀ ਵਧਣ ਦੀ ਸੰਭਾਵਨਾ ਹੈ।