ਨਾਰਕੋ ਟੈਰੋਰਿਜ਼ਮ ਦਾ ਲੱਕ ਤੋੜੇ ਸਰਕਾਰ
ਜਲੰਧਰ, ਮੀਡੀਆ ਬਿਊਰੋ:
ਪੰਜਾਬ ’ਚ ਭਾਈਚਾਰਕ ਸਾਂਝ ਤੇ ਰਾਸ਼ਟਰੀ ਸੁਰੱਖਿਆ ’ਚ ਸਭ ਤੋਂ ਵੱਡੀ ਰੁਕਾਵਟ ਨਾਰਕੋ ਟੈਰੋਰਿਜ਼ਮ ਬਣ ਰਿਹਾ ਹੈ। ਨਸ਼ੇ ਨਾਲ ਹੋਣ ਵਾਲੀ ਕਮਾਈ ਨੂੰ ਸੂਬੇ ਤੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਲਗਾਇਆ ਜਾ ਰਿਹਾ ਹੈ। ਇਸ ’ਚ ਨਾ ਸਿਰਫ਼ ਜੇਲ੍ਹਾਂ ’ਚ ਬੈਠੇ ਅਪਰਾਧੀ ਸਹਿਯੋਗ ਕਰ ਰਹੇ ਹਨ, ਬਲਕਿ ਪੰਜਾਬੀ ਗਾਣਿਆਂ ਤੇ ਫਿਲਮਾਂ ਰਾਹੀਂ ਗੰਨ ਕਲਚਰ ਨੂੰ ਦਿੱਤਾ ਜਾ ਰਿਹਾ ਬਡ਼੍ਹਾਵਾ ਵੀ ਓਨਾ ਹੀ ਜ਼ਿੰਮੇਵਾਰ ਹੈ। ਨਾਰਕੋ ਟੈਰੋਰਿਜ਼ਮ ਰੋਕਣ ਨਈ ਹੁਣ ਤਕ ਕਈ ਯਤਨ ਹੋਏ। ਵਿਸ਼ੇਸ਼ ਟੀਮਾਂ ਵੀ ਬਣੀਆਂ, ਪਰ ਇਸ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਨਵੀਂ ਸਰਕਾਰ ਨੂੰ ਇਸ ਪੂਰੇ ਨੈੱਟਵਰਕ ਨੂੰ ਤੋਡ਼ਨ ਲਈ ਇੱਛਾਸ਼ਕਤੀ ਦਿਖਾਉਣੀ ਪਵੇਗੀ ਤੇ ਸਖ਼ਤ ਕਦਮ ਚੁੱਕਣੇ ਪੈਣਗੇ। ਅਜਿਹੇ ਗੀਤਾਂ ’ਤੇ ਰੋਕ ਲਾਉਣੀ ਪਵੇਗੀ, ਜਿਸ ’ਚ ਹਥਿਆਰ, ਨਸ਼ਾ ਤੇ ਅਪਰਾਧੀ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪੰਜਾਬ ’ਚ ਰਾਸ਼ਟਰੀ ਭਾਈਚਾਰਕ ਸਾਂਝ ਤੇ ਸੁਰੱਖਿਆ ਦੇ ਮੁੱਦੇ ’ਤੇ ਨੌਂ ਜ਼ਿਲ੍ਹਿਆਂ ’ਚ ਕਰਵਾਏ ਗਏ ਫੇਸਬੁੱਕ ਲਾਈਵ ’ਚ ਫ਼ੌਜ ਤੇ ਪੁਲਿਸ ਦੇ ਸਾਬਕਾ ਅਧਿਕਾਰੀਆਂ ਤੇ ਲੋਕਾਂ ਨੇ ਇਸ ਮਾਮਲੇ ’ਤੇ ਚਿੰਤਾ ਪ੍ਰਗਟਾਈ। ਨਾਲ ਹੀ ਨਵੀਂ ਆਉਣ ਵਾਲੀ ਸਰਕਾਰ ਨੂੰ ਸੁਝਾਅ ਵੀ ਦਿੱਤੇ।
ਅੰਮ੍ਰਿਤਸਰ ਤੋਂ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਵੀ ਪਤਾ ਹੈ ਕਿ ਗੈਂਗਸਟਰ ਜੇਲ੍ਹਾਂ ਤੋਂ ਨੈੱਟਵਰਕ ਚਲਾਉਂਦੇ ਹਨ। ਇਸਦੇ ਬਾਵਜੂਦ ਅੱਜ ਤਕ ਜੇਲ੍ਹਾਂ ’ਚ ਨਾ ਜੈਮਰ ਲੱਗੇ ਹਨ ਤੇ ਨਾ ਨੈੱਟਵਰਕ ਟੁੱਟਿਆ। ਸਰਕਾਰ ਨੂੰ ਇਸ ਬਾਰੇ ਸੋਚਣਾ ਪਵੇਗਾ। ਅਮਰੀਕ ਸਿੰਘ ਬੱਗਾ ਨੇ ਕਿਹਾ ਕਿ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਤੇ ਹਥਿਆਰਾਂ ’ਤੇ ਰੋਕ ਲਾਉਣ ਲਈ ਸਰਕਾਰ ਨੂੰ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਪਠਾਨਕੋਟ ਦੇ ਪੀਆਰ ਪਾਸੀ ਦਾ ਮੰਨਣਾ ਹੈ ਕਿ ਨਾਰਕੋ ਟੈਰੋਰਿਜ਼ਮ ਦੇਸ਼ ਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਨਵੀਂ ਸਰਕਾਰ ਤੋਂ ਇਹੀ ਉਮੀਦ ਹੈ ਕਿ ਇਸ ਗੰਭੀਰ ਵਿਸ਼ੇ ’ਤੇ ਪਹਿਲਾਂ ਦੀਆਂ ਸਰਕਾਰਾਂ ਵਾਂਗ ਲਾਪਰਵਾਹ ਰਵੱਈਆ ਨਾ ਅਪਣਾਏ।
ਖੱਤਰੀ ਸਭਾ ਦੇ ਪ੍ਰਧਾਨ ਰਾਜੇਸ਼ ਪੁਰੀ ਵੀ ਇਨ੍ਹਾਂ ਲਾਲ ਸਹਿਮਤ ਦਿਸੇ। ਕਿਹਾ, ਅੱਧਾ ਮਾਹੌਲ ਤਾਂ ਗਾਇਕਾਂ ਨੇ ਖ਼ਰਾਬ ਕੀਤਾ ਹੋਇਆ ਹੈ। ਹਥਿਆਰ ਤੇ ਗੈਂਗਸਟਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਸਰਕਾਰ ਵੀ ਚੁੱਪ ਰਹਿੰਦੀ ਹੈ। ਪਟਿਆਲਾ ’ਚ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਵਡ਼ੈਚ ਨੇ ਕਿਹਾ ਕਿ ਗੁਪਤ ਸੂਚਨਾ ਦੇਣ ਵਾਲਿਆਂ ਦੀ ਸੂਚਨਾ ਵੀ ਲੀਕ ਨਹੀਂ ਕਰਨੀ ਚਾਹੀਦੀ। ਹਾਲੇ ਲੋਕ ਇਸੇ ਡਰ ਤੋਂ ਸਹਿਯੋਗ ਨਹੀਂ ਕਰ ਰਹੇ ਹਨ।
ਜਲੰਧਰ ਦੀ ਸੈਂਟਰਲ ਟਾਊਨ ਮਾਰਕੀਟ ’ਚ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਤਾਂ ਹੀ ਬਣ ਸਕਦੀ ਹੈ, ਜਦੋਂ ਸੁਰੱਖਿਆ ਦੀ ਕਮਾਨ ਇਮਾਨਦਾਰ ਹੱਥਾਂ ’ਚ ਹੋਵੇ। ਕੁਲਬੀਰ ਸਿੰਘ ਬੋਲੇ ਕਿ ਸੁਰੱਖਿਆ ’ਚ ਨਸ਼ਾ ਹੀ ਸਭ ਤੋਂ ਵੱਡੀ ਸੰਨ੍ਹ ਲਾਉਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਨੂੰ ਚਲਾਨ ਕੱਟਣ ਦੀ ਬਜਾਏ ਸੁਰੱਖਿਆ ’ਤੇ ਧਿਆਨ ਦੇਣ ਲਈ ਲਾਉਣਾ ਚਾਹੀਦਾ ਹੈ।
ਬਟਾਲਾ ਤੋਂ ਜੇਐੱਨ ਸ਼ਰਮਾ ਨੇ ਕਿਹਾ ਕਿ ਸੁਰੱਖਿਆ ਦੇ ਮਾਮਲੇ ’ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਨੇ ਬੀਐੱਸਐੱਫ ਦਾ 50 ਕਿਲੋਮੀਟਰ ਦਾ ਜੋ ਏਰੀਆ ਵਧਾਇਆ ਹੈ, ਉਹ ਸਹੀ ਹੈ। ਗੱਲ ਕਿਸੇ ਨੂੰ ਨੀਵਾਂ ਦਿਖਾਉਣ ਦੀ ਨਹੀਂ, ਬਲਕਿ ਦੇਸ਼ ਦੀ ਸੁਰੱਖਿਆ ਦੀ ਹੈ। ਉਸ ਤੋਂ ਉੱਪਰ ਕੁਝ ਨਹੀਂ ਹੈ। ਨੇਤਾ ਖ਼ੁਦ ਦੇਸ਼ ਤੇ ਦੇਸ਼ ਸੇਵਾ ਦੀ ਅਹਿਮੀਅਤ ਸਮਝਣ।
ਲੁਧਿਆਣਾ ’ਚ ਹਰਦਿਆਲ ਸਿੰਘ, ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਵਿਦੇਸ਼ ਦੀ ਤਰਜ਼ ’ਤੇ ਸੁਰੱਖਿਆ ਚਾਹੁੰਦੇ ਹੋ ਤਾਂ ਪੁਲਿਸ ਮੁਲਾਜ਼ਮ ਵੀ ਉਸੇ ਤਰ੍ਹਾਂ ਤਿਆਰ ਕਰਨੇ ਪੈਣਗੇ। ਸਿਆਸੀ ਦਬਾਅ ਕਾਰਨ ਹੀ ਅਪਰਾਧ ਦਾ ਗ੍ਰਾਫ ਵਧਦਾ ਹੈ, ਕਿਉਂਕਿ ਅਪਰਾਧੀ ਨੂੰ ਸਿਆਸੀ ਸਰਪ੍ਰਸਤੀ ਮਿਲਣ ਨਾਲ ਵੀ ਅਪਰਾਧ ’ਚ ਵਾਧਾ ਹੁੰਦਾ ਹੈ। ਬਠਿੰਡਾ ’ਚ ਆਰਮੀ ਏਰੀਆ ’ਚ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਅਪੀਲ ਕਰ ਕੇ ਅਧਿਕਾਰੀਆਂ ਨੇ ਕਿਹਾ ਕਿ ਆਗੂਆਂ ਨੂੰ ਪਹਿਲਾਂ ਖ਼ੁਦ ਨੂੰ ਬਦਲਣ ਦੀ ਲੋਡ਼ ਹੈ। ਸਰਕਾਰ ਨੂੰ ਅਜਿਹੀ ਪਾਲਿਸੀ ਬਣਾਉਣੀ ਚਾਹੀਦੀ ਹੈ, ਜੋ ਇਸ ’ਤੇ ਖ਼ਰੀ ਉਤਰੇ। ਉਨ੍ਹਾਂ ਨੂੰ ਦੇਸ਼, ਦੇਸ਼ ਸੇਵਾ ਤੇ ਦੇਸ਼ ਦੀ ਸੁਰੱਖਿਆ ਦੀ ਅਹਿਮੀਅਤ ਸਮਝਣੀ ਪਵੇਗੀ।
ਜ਼ੀਰੋ ਲਾਈਨ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਵੀ ਦਿੱਤੇ ਸੁਝਾਅ
ਬਾਰਡਰ ਨਾਲ ਲੱਗੇ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਢਾਲਾ ਦੇ ਕੇਹਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਮਾਮਲੇ ’ਚ ਸਰਹੱਦੀ ਇਲਾਕੇ ਦੇ ਪਿੰਡ ਬਿਨਾਂ ਵਜ੍ਹਾ ਬਦਨਾਮ ਹਨ। ਨੌਜਵਾਨ ਲਗਾਤਾਰ ਨਸ਼ੇ ਤੋਂ ਤੌਬਾ ਕਰ ਕੇ ਆਪਣੇ ਕੰਮਕਾਜ ’ਚ ਲੱਗੇ ਹਨ। ਅਜਿਹੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਦੀ ਲੋਡ਼ ਹੈ। ਗੁਰਦਾਸਪੁਰ ਦੇ ਰਾਜੇਸ਼ ਤੇ ਕਪਿਲ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਸਰਹੱਦ ਕੋਲ ਰਹਿੰਦੇ ਹਨ, ਉਨ੍ਹਾਂ ਨੂੰ ਵਿਸ਼ਵਾਸ ’ਚ ਲੈ ਕੇ ਨਕੇਲ ਕੱਸੀ ਜਾਵੇ। ਇਨ੍ਹਾਂ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਬਾਰਡਰ ਪਾਰੋਂ ਕੌਣ ਲਿਆ ਰਿਹਾ ਹੈ ਤੇ ਕਿਵੇਂ ਆ ਰਿਹਾ ਹੈ। ਹਾਲੇ ਬਹੁਤ ਲੋਕ ਪੁਲਿਸ ਦੇ ਡਰ ਤੋਂ ਚੁੱਪ ਰਹਿੰਦੇ ਹਨ। ਪਠਾਨਕੋਟ ਦੇ ਖੱਤਰੀ ਸਭਾ ਯੂਥ ਵਿੰਗ ਪ੍ਰਧਾਨ ਚੰਦਨ ਮਹੇਂਦਰੂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਲੋਡ਼ ਹੈ ਨਸ਼ੇ ਦੇ ਸਿੰਡੀਕੇਟ ਤੋਡ਼ਨ ਦੀ। ਇਸ ’ਚ ਵਿਦੇਸ਼ ਤੋਂ ਆ ਰਹੀ ਫੰਡਿੰਗ ’ਤੇ ਲਗਾਮ ਲਾਉਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋਡ਼ ਹੈ।