ਉੱਤਰੀ ਆਇਰਲੈਂਡ ਵਿੱਚ ਘਟੇਗਾ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਵਿਚਕਾਰਲਾ ਸਮਾਂ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਤਹਿਤ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਜਰੂਰੀ ਹਨ। ਇਹ ਖੁਰਾਕਾਂ ਕੁੱਝ ਹਫਤਿਆਂ ਦੇ ਅੰਤਰ ਨਾਲ ਦਿੱਤੀਆਂ ਜਾਂਦੀਆਂ ਹਨ। ਇਸੇ ਸਬੰਧੀ ਉੱਤਰੀ ਆਇਰਲੈਂਡ ਕੋਵਿਡ -19 ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਕਾਰ  ਦੇ ਸਮੇਂ ਨੂੰ ਘੱਟ ਕਰ ਰਿਹਾ ਹੈ।

ਮੌਜੂਦ ਸਮੇਂ ਉੱਤਰੀ ਆਇਰਲੈਂਡ ਵਿੱਚ ਆਕਸਫੋਰਡ / ਐਸਟਰਾਜ਼ੇਨੇਕਾ ਅਤੇ ਫਾਈਜ਼ਰ / ਬਾਇਓਨਟੈਕ ਦੀਆਂ ਦੋ ਖੁਰਾਕਾਂ ਵਿੱਚ ਲੱਗਭਗ 10 ਤੋਂ 12 ਹਫ਼ਤਿਆਂ ਦਾ ਅੰਤਰ ਰੱਖਿਆ ਜਾਂਦਾ ਹੈ ਅਤੇ ਸਿਹਤ ਵਿਭਾਗ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਸ ਸਮੇਂ ਨੂੰ ਹੁਣ ਘੱਟ ਕਰਕੇ ਵੱਧ ਤੋਂ ਵੱਧ ਅੱਠ ਹਫ਼ਤਿਆਂ ਤੱਕ ਕੀਤਾ ਜਾਵੇਗਾ। ਸਿਹਤ ਮਾਹਿਰਾਂ ਅਨੁਸਾਰ ਸਰਕਾਰ ਵੱਲੋਂ ਇਹ ਕਦਮ ਵਾਇਰਸ ਦੇ ਡੈਲਟਾ ਜਾਂ ਭਾਰਤੀ ਰੂਪ ਦੇ ਮਾਮਲਿਆਂ ਵਿੱਚ ਵਧ ਰਹੀ ਗਿਣਤੀ ਦੇ ਮੱਦੇਨਜ਼ਰ  ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।

ਸਿਹਤ ਮਾਹਿਰ ਮੰਨਦੇ ਹਨ ਕਿ ਟੀਕੇ ਦੀ ਪਹਿਲੀ ਖੁਰਾਕ ਇਸਦੇ ਵਿਰੁੱਧ ਸਿਰਫ 30% ਪ੍ਰਭਾਵਸ਼ਾਲੀ ਹੈ, ਜਦੋਂ ਕਿ ਦੂਜੀ ਖੁਰਾਕ  ਲੱਗਭਗ 80% ਤੱਕ ਸੁਰੱਖਿਆ ਦਿੰਦੀ ਹੈ। ਇਸ ਲਈ ਜਿਨ੍ਹਾਂ ਨੂੰ ਅਜੇ ਟੀਕਾ ਨਹੀਂ ਲਗਾਇਆ ਗਿਆ ਹੈ, ਦੂਜੀ ਖੁਰਾਕ ਲਈ ਅਪਾਇੰਟਮੈਂਟਸ ਦਾ ਸਮਾਂ ਪਹਿਲੀ ਖੁਰਾਕ ਤੋਂ ਅੱਠ ਹਫ਼ਤਿਆਂ ਬਾਅਦ ਤਹਿ ਕੀਤਾ ਜਾਵੇਗਾ, ਜਦਕਿ ਜਿਨ੍ਹਾਂ ਨੇ ਪਹਿਲਾਂ ਹੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲਈ ਹੈ, ਦੂਜੀ ਖੁਰਾਕਾਂ ਲਈ ਨਿਰਧਾਰਤ ਮੁਲਾਕਾਤਾਂ ਪ੍ਰਭਾਵਿਤ ਨਹੀਂ ਹੋਣਗੀਆਂ। ਸਿਹਤ ਵਿਭਾਗ ਅਨੁਸਾਰ ਇਹ ਕਦਮ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕਰੇਗਾ ਅਤੇ ਕੋਰੋਨਾ ਵਾਇਰਸ ਦੇ ਵੇਰੀਐਂਟਜ਼ ਤੋਂ ਸੁਰੱਖਿਆ ਵੀ ਪ੍ਰਦਾਨ ਕਰੇਗਾ।

Share This :

Leave a Reply