35 ਲੱਖ ਦੀ ਲੁੱਟ ਨੂੰ ਪੁਲਸ ਨੇ ਕੁੱਝ ਘੰਟਿਆਂ ‘ਚ ਸੁਲਝਾਇਆ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

ਲੁਧਿਆਣਾ (ਮੀਡੀਆ ਬਿਊਰੋ) : ਲੁਧਿਆਣਾ ਪੁਲਸ ਨੇ ਬੀਤੇ ਦਿਨੀਂ ਹੋਈ 35 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕੁਝ ਘੰਟਿਆਂ ਵਿਚ ਹੀ ਸੁਲਝਾਅ ਲਿਆ ਹੈ। ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਸੇ ਹੋਰ ਨੇ ਨਹੀਂ ਸਗੋਂ ਕੰਪਨੀ ਦੇ ਮੁਲਾਜ਼ਮ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ। ਪੁਲਸ ਨੇ ਕੰਪਨੀ ਦੇ ਇਕ ਕਰਮਚਾਰੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ‘ਚੋਂ ਲੁੱਟ ਦੇ 35 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਪਿੰਡ ਹਲਵਾਰਾ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ, ਸਤਨਾਮ ਸਿੰਘ ਸੈਂਡੀ ਪਿੰਡ ਢਿੱਲਵਾਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਅਤੇ ਸੰਦੀਪ ਸਿੰਘ ਉਰਫ ਸੀਪਾ ਨਿਵਾਸੀ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਰੂਪ ਵਿਚ ਹੋਈ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ ਕੱਲ੍ਹ ਲੁਧਿਆਣਾ ਦੇ ਵਿਸ਼ਵਕਰਮਾ ਚੌਕ ਨਜ਼ਦੀਕ ਸਥਿਤ ਕਿਸਮਤ ਕੰਪਲੈਕਸ ਵਿਚ ਇਕ ਸੋਨਾ ਵਪਾਰੀ ਦੇ ਪੈਸੇ ਜਮ੍ਹਾਂ ਕਰਾਉਣ ਆਏ ਕਰਿੰਦੇ ਤੋਂ 35 ਲੱਖ ਦੀ ਲੁੱਟ ਹੋਈ ਸੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਕੰਪਨੀ ਦੇ ਕਰਮਚਾਰੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲੁੱਟ ਦੇ ਪੈਂਤੀ ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਕਰਮਚਾਰੀ ਗਗਨਦੀਪ ਵੱਲੋਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਗਗਨਦੀਪ ਵਪਾਰੀ ਕੋਲ ਬਤੌਰ ਬਾਊਂਸਰ ਕੰਮ ਕਰਦਾ ਸੀ ਅਤੇ ਜ਼ਿਆਦਾ ਪੈਸੇ ਦੇਖ ਕੇ ਉਸ ਦੀ ਨੀਅਤ ਖ਼ਰਾਬ ਹੋ ਗਈ ਸੀ ਤੇ ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫੜੇ ਗਏ ਦੋਸ਼ੀਆਂ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਹੀਂ ਹੈ।

Share This :

Leave a Reply