ਔਰਤਾਂ ਦੀ ਹੁੰਦੀ ਏ ਅਹਿਮ ਭੂਮਿਕਾ
ਸਿਰਸਾ, ਮੀਡੀਆ ਬਿਊਰੋ:
ਡੇਰਾ ਸੱਚਾ ਸੌਦਾ (Dera Sacha Sauda) ਦਾ ਸਿਆਸੀ ਵਿੰਗ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਨੂੰ ਲੈ ਕੇ ਸੂਬੇ ’ਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ। ਵਿੰਗ ਦੇ ਆਗੂ ਡੇਰਾ ਪ੍ਰੇਮੀਆਂ (Dera Premi) ਤਕ ਪਹੁੰਚ ਕਰ ਰਹੇ ਹਨ ਤੇ ਉਨ੍ਹਾਂ ਨਾਲ ਚੋਣਾਂ ਨੂੰ ਲੈ ਕੇ ਚਰਚਾ ਕਰ ਰਹੇ ਹਨ। ਪੰਜਾਬ ਦੇ ਕਈ ਸਿਆਸੀ ਆਗੂ ਵੀ ਵਿੰਗ ਦੇ ਮੈਂਬਰਾਂ ਨੂੰ ਮਿਲ ਰਹੇ ਹਨ। ਚੋਣਾਂ ਦੌਰਾਨ ਸਿਆਸੀ ਵਿੰਗ ਦੋ ਤਰ੍ਹਾਂ ਨਾਲ ਹਮਾਇਤ ਕਰਦਾ ਹੈ। ਇਕ ਤਾਂ ਸਿੱਧੇ ਤੌਰ ’ਤੇ ਅਤੇ ਦੂਜੀ ਗੁਪਤ ਹਮਾਇਤ।
ਡੇਰਾ ਸੱਚਾ ਸੌਦਾ ਨੇ 2007 ’ਚ ਸਿਆਸੀ ਮਾਮਲਿਆਂ ਨੂੰ ਲੈ ਕੇ ਸਾਧ-ਸੰਗਤ ਰਾਜਨੀਤਕ ਵਿੰਗ ਨਾਂ ਦਾ ਇਕ ਸੰਗਠਨ ਬਣਾਇਆ ਸੀ। ਇਸ ’ਚ ਜ਼ਿਲ੍ਹੇ ਦੇ 45 ਮੈਂਬਰ, 25 ਮੈਂਬਰ, 15 ਮੈਂਬਰ ਤੇ ਪਿੰਡ ਪੱਧਰ ਦੀ ਪੰਚਾਇਤ ਨੂੰ ਸ਼ਾਮਲ ਕੀਤਾ ਗਿਆ ਹੈ। 45 ਮੈਂਬਰ ਵਿੰਗ ਦੇ ਸਟੇਟ ਆਗੂ ਹੁੰਦੇ ਹਨ, ਜਦੋਂਕਿ 25 ਮੈਂਬਰਾਂ ਦੀ ਡਿਊਟੀ ਤਹਿਸੀਲ ਤੇ ਬਲਾਕ ਪੱਧਰ ’ਤੇ ਲੱਗੀ ਹੁੰਦੀ ਹੈ। ਇਸੇ ਤਰ੍ਹਾਂ 15 ਮੈਂਬਰ ਇਕੱਲੇ ਬਲਾਕ ਦਾ ਕੰਮ ਵੇਖਦੇ ਹਨ। ਪੰਚਾਇਤ ਪਿੰਡ ਪੱਧਰ ’ਤੇ ਕੰਮ ਵੇਖਦੀ ਹੈ।
ਜੇਕਰ ਕਿਸੇ ਪਾਰਟੀ ਜਾਂ ਨੇਤਾ ਨੂੰ ਗੁਪਤ ਢੰਗ ਨਾਲ ਹਮਾਇਤ ਦੇਣੀ ਹੈ ਤਾਂ ਉਸ ਬਾਰੇ ਵਿੰਗ ਦੇ ਆਗੂ 25 ਮੈਂਬਰਾਂ ਨੂੰ ਦੱਸਦੇ ਹਨ। 25 ਮੈਂਬਰ ਅੱਗੇ 15 ਮੈਂਬਰਾਂ ਨੂੰ ਤੇ 15 ਮੈਂਬਰ ਅੱਗੇ ਪਿੰਡ ’ਚ ਡੇਰਾ ਪ੍ਰੇਮੀਆਂ ਦੀ ਪੰਚਾਇਤ ਨੂੰ ਸੂਚਿਤ ਕਰਦੇ ਹਨ। ਪਿੰਡ ਪੱਧਰ ’ਤੇ ਪੂਰੀ ਵੋਟ ਭੁਗਤਾਈ ਜਾਂਦੀ ਹੈ। ਉਸ ਦੀ ਪੂਰੀ ਸੂਚਨਾ ਵਿੰਗ ਦੇ ਸਟੇਟ ਮੈਂਬਰਾਂ ਤਕ ਪਹੁੰਚਦੀ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਵਿੰਗ ਨੇ ਗੁਪਤ ਹਮਾਇਤ ਦਿੱਤੀ ਸੀ।
ਦੂਜੀ ਪ੍ਰਕਿਰਿਆ ਇਹ ਹੈ ਕਿ ਜੇਕਰ ਵਿੰਗ ਨੇ ਕਿਸੇ ਪਾਰਟੀ ਨੂੰ ਸਿੱਧੇ ਤੌਰ ’ਤੇ ਹਮਾਇਤ ਦੇਣੀ ਹੁੰਦੀ ਹੈ ਤਾਂ ਵਿੰਗ ਉਸ ਸਿਆਸੀ ਪਾਰਟੀ ਦੇ ਉਮੀਦਵਾਰਾਂ ਨੂੰ ਇਕੱਠੇ ਕਰ ਕੇ ਨਾਮ ਚਰਚਾ ਘਰਾਂ ’ਚ ਬੁਲਾਉਂਦਾ ਹੈ ਅਤੇ ਸਾਧ-ਸੰਗਤ ਨੂੰ ਉਨ੍ਹਾਂ ਨੂੰ ਵੋਟਾਂ ਪਾਉਣ ਬਾਰੇ ਐਲਾਨ ਕਰ ਦਿੰਦਾ ਹੈ। 2007 ’ਚ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਉਦੋਂ ਵਿੰਗ ਨੇ ਕਾਂਗਰਸ ਨੂੰ ਸਿੱਧੀ ਹਮਾਇਤ ਦਿੱਤੀ ਸੀ। ਉਸ ਸਮੇਂ ਵਿੰਗ ਦੇ ਆਗੂਆਂ ਨੇ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਪੰਜਾਬ ਦੇ ਨਾਮ ਚਰਚਾ ਘਰਾਂ ’ਚ ਬੁਲਾਇਆ ਸੀ ਤੇ ਸਾਧ-ਸੰਗਤ ਨੂੰ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਭਾਵੇਂ ਉਸ ਸਮੇਂ ਪੰਜਾਬ ’ਚ ਅਕਾਲੀ ਦਲ-ਭਾਜਪਾ ਗਠਜੋਡ਼ ਦੀ ਸਰਕਾਰ ਬਣ ਗਈ ਪਰ ਪੂਰੇ ਮਾਲਵੇ ’ਚ ਕਾਂਗਰਸ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਜਦੋਂ 2017 ’ਚ ਅਕਾਲੀ-ਭਾਜਪਾ ਗਠਜੋਡ਼ ਨੂੰ ਹਮਾਇਤ ਦਿੱਤੀ ਸੀ ਤਾਂ ਬਠਿੰਡਾ ਦੇ ਇਕ ਹੋਟਲ ’ਚ ਸਾਰੇ ਉਮੀਦਵਾਰ ਬੁਲਾਏ ਸਨ ਤੇ ਉਨ੍ਹਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ।
ਸਿਆਸੀ ਵਿੰਗ ਦੇ ਵੋਟਾਂ ਭੁਗਤਾਉਣ ਦੇ ਕੰਮ ’ਚ ਹੁੰਦੀ ਹੈ ਔਰਤਾਂ ਦੀ ਅਹਿਮ ਭੂਮਿਕਾ
ਡੇਰੇ ਦੀਆਂ ਔਰਤਾਂ ਲਈ ਇਕ ਨੈਸ਼ਨਲ ਤੇ ਸਟੇਟ ਪੱਧਰ ’ਤੇ ਕਮੇਟੀ ਬਣੀ ਹੋਈ ਹੈ। ਇਨ੍ਹਾਂ ’ਚ ਔਰਤਾਂ ਹੀ ਆਗੂ ਚੁਣੀਆਂ ਹੁੰਦੀਆਂ ਹਨ, ਜੋ ਡੇਰੇ ਨਾਲ ਜੁਡ਼ੀਆਂ ਗਤੀਵਿਧੀਆਂ ਦੌਰਾਨ ਔਰਤਾਂ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਜ਼ਿਲ੍ਹਾ ਪੱਧਰ ’ਤੇ ਇਨ੍ਹਾਂ ਨੂੰ ਸੁਜਾਨ ਭੈਣਾਂ ਦਾ ਨਾਂ ਦਿੱਤਾ ਗਿਆ ਹੈ। ਜ਼ਿਲ੍ਹੇ ਦੀ ਆਗੂ ਦਾ ਬਲਾਕ ਦੀਆਂ ਸੁਜਾਨ ਭੈਣਾਂ ਨਾਲ ਤਾਲਮੇਲ ਹੁੰਦਾ ਹੈ। ਡੇਰੇ ਵੱਲੋਂ ਚਲਾਏ ਭਲਾਈ ਕਾਰਜਾਂ ਜਿਵੇਂ ਵੈਕਸੀਨੇਸ਼ਨ ਕੈਂਪ ਲਾਉਣ, ਭਰੂਣ ਹੱਤਿਆ ਵਿਰੋਧੀ ਰੈਲੀਆਂ ਕੱਢਣਾ, ਲੋਡ਼ਵੰਦਾਂ ਦੀ ਮਦਦ ਕਰਨਾ ਆਦਿ ’ਚ ਔਰਤਾਂ ਨੂੰ ਅੱਗੇ ਲਿਆਉਣ ਲਈ ਇਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਕਮੇਟੀ ’ਚ ਤਿੰਨ-ਚਾਰ ਬੁਲਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਭਾਸ਼ਣ ਦਾ ਵਧੀਆ ਪ੍ਰਭਾਵ ਪੈਂਦਾ ਹੈ। ਇਨ੍ਹਾਂ ’ਚ ਗੁਰਚਰਨ ਕੌਰ ਇੰਸਾਂ ਤੇ ਕੁਲਦੀਪ ਕੌਰ ਇੰਸਾਂ ਆਦਿ ਸ਼ਾਮਲ ਹਨ। ਚੋਣਾਂ ਦੌਰਾਨ ਇਹ ਕਮੇਟੀ ਮੈਂਬਰ ਸਿਆਸੀ ਵਿੰਗ ਦੇ ਕੰਮਾਂ ’ਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਸਟੇਟ ਮੈਂਬਰ ਗੁਰਚਰਨ ਕੌਰ ਇੰਸਾਂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਜੋ 137 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ, ਉਹ ਬਾਖ਼ੂਬੀ ਚਲਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤਕ ਵਿੰਗ ਡੇਰੇ ਵੱਲੋਂ ਬਣਾਇਆ ਗਿਆ ਹੈ ਅਤੇ ਸਾਡਾ ਉਨ੍ਹਾਂ ਨੂੰ ਪੂਰਾ ਸਹਿਯੋਗ ਹੈ।