ਇਸ ਪਿੰਡ ਦੇ ਲੋਕਾਂ ਨੇ ਗੁਰਦੁਆਰੇ ਵਿੱਚ ਨਸ਼ੇ ਦੇ ਸੌਦਾਗਰਾਂ ਦੀ ਮਦਦ ਨਾ ਕਰਨ ਦੀ ਚੁੱਕੀ ਸਹੁੰ

ਪਾਤੜਾਂ, ਮੀਡੀਆ ਬਿਊਰੋ:

ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦਾ ਪਿੰਡ ਗੁਲਾਹੜ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਿਆਂ ਦੀ ਲਪੇਟ ਵਿਚ ਆਇਆ ਹੋਇਆ ਹੈ। ਪਿੰਡ ਦੇ ਤਿੰਨ ਦਰਜਨ ਦੇ ਕਰੀਬ ਨੌਜਵਾਨ ਜਿੱਥੇ ਨਸ਼ਿਆਂ ਦੇ ਆਦੀ ਹਨ ਉਥੇ ਉਨ੍ਹਾਂ ਵਿਚੋਂ ਕੁਝ ਨਸ਼ਿਆਂ ਦੀ ਤਸਕਰੀ ਦੇ ਕੰਮ ਵਿਚ ਲੱਗ ਚੁੱਕੇ ਹਨ। ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਦਾ ਅਸਰ ਪਿੰਡ ਵਿਚ ਦਿਖਾਈ ਦੇਣ ਲੱਗਾ ਹੈ। ਗੁਲਾਹੜ ਦੇ ਪਤਵੰਤੇ ਵਿਅਕਤੀਆਂ ਨੇ ਪਿੰਡ ਵਿਚ ਬਹੁਤੇ ਨਸ਼ਿਆਂ ਖ਼ਿਲਾਫ਼ ਡਟਣ ਦਾ ਫ਼ੈਸਲਾ ਲਿਆ ਹੈ।

ਪਿੰਡ ਦੇ ਪਤਵੰਤਿਆਂ ਨੇ ਗੁਰੂਘਰ ‘ਚ ਇਕੱਠੇ ਹੋ ਕੇ ਨਸ਼ਿਆਂ ਦੀ ਗਿ੍ਫ਼ਤ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਇਲਾਜ ਅਤੇ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇਕੱਠ ਵਿਚ ਹਾਜ਼ਰ ਪਿੰਡ ਦੇ ਪਤਵੰਤੇ ਵਿਅਕਤੀਆਂ ਨੇ ਸਮੂਹਿਕ ਰੂਪ ਵਿਚ ਸਹੁੰ ਚੁੱਕਦੇ ਹੋਏ ਨਸ਼ਿਆਂ ਖ਼ਿਲਾਫ਼ ਲੜਾਈ ਸ਼ੁਰੂ ਕਰਨ ਦਾ ਬਿਗਲ ਵਜਾਇਆ।

ਗ੍ਰਾਮ ਪੰਚਾਇਤ ਗੁਲਾਹੜ ਦੇ ਸਰਪੰਚ ਬੂਟਾ ਸਿੰਘ, ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਅਜੈਬ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਸਰਪੰਚ ਅਵਤਾਰ ਸਿੰਘ, ਗੁਲਾਹੜ ਖੁਰਦ ਦੇ ਸਰਪੰਚ ਲਖਵਿੰਦਰ ਸਿੰਘ, ਨੰਬਰਦਾਰ ਹਰਬੰਸ ਸਿੰਘ, ਬਲਾਕ ਸੰਮਤੀ ਮੈਂਬਰ ਪਿਆਰ ਰਾਮ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਕੁਮਾਰ ਅਤੇ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਸਰਹੱਦ ਨੇੜਲੇ ਹਰਿਆਣਾ ਦੇ ਪਿੰਡਾਂ ਤੋਂ ਅਫ਼ੀਮ, ਭੁੱਕੀ, ਗੋਲੀਆਂ, ਚਿੱਟਾ ਅਤੇ ਸਮੈਕ ਆਦਿ ਪਿੰਡ ਵਿਚ ਆ ਰਿਹਾ ਹੈ ਜਿਸ ਕਰ ਕੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਦਾ ਡਰ ਬਣਿਆ ਹੋਇਆ ਹੈ।

ਪੁਲਿਸ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਦੱਸਦਿਆਂ ਪਤਵੰਤੇ ਵਿਅਕਤੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਸ਼ੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਸਿਰਫ ਖ਼ਾਨਾਪੂਰਤੀ ਕੀਤੀ। ਸਮੂਹਿਕ ਰੂਪ ਵਿਚ ਸਹੁੰ ਚੁੱਕਦਿਆਂ ਫ਼ੈਸਲਾ ਕੀਤਾ ਕਿਉਂਕਿ ਅੱਗੇ ਤੋਂ ਨਸ਼ੇ ਦੀ ਸਮੱਗਿਲੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੁਡਾਉਣ ਜਾਂ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਲਈ ਕੋਈ ਪਿੰਡ ਵਾਸੀ ਨਹੀਂ ਜਾਵੇਗਾ ਸਗੋਂ ਪਤਵੰਤੇ ਵਿਅਕਤੀ ਤਸਕਰੀ ਕਰਨ ਵਾਲੇ ਦੇ ਘਰ ਜਾ ਕੇ ਉਸ ਨੂੰ ਸਮਝਾ ਕੇ ਕੰਮ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨਗੇ ਨਹੀਂ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਆਗੂਆਂ ਨੇ ਕਿਹਾ ਕਿ ਨਸ਼ੇ ਦੀ ਗਿ੍ਫ਼ਤ ਵਿਚ ਆ ਚੁੱਕੇ ਨੌਜਵਾਨਾਂ ਲਈ ਨਸ਼ਾ ਛੱਡਣ ਲਈ ਕੀਤੇ ਜਾਣ ਵਾਲੇ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਪੰਚਾਇਤਾਂ ਚੁੱਕਣਗੀਆਂ।

ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਪੰਚਾਇਤ ਵਿਚ ਸ਼ਾਮਲ ਕਿਸੇ ਵੀ ਪਤਵੰਤੇ ਵਿਅਕਤੀ ਨੂੰ ਦੱਸ ਸਕਦੇ ਹਨ। ਇਸ ਮੌਕੇ ਕਰਮਜੀਤ ਸਿੰਘ, ਸਵਰਨ ਸਿੰਘ, ਦਲੇਰ ਸਿੰਘ ਪੰਚ, ਰਵਿੰਦਰ ਕੁਮਾਰ, ਜਸਵੰਤ ਸਿੰਘ, ਤਰਸੇਮ ਸਿੰਘ, ਗੁਰਮੇਜ ਸਿੰਘ ਪੰਚ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

Share This :

Leave a Reply