ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰਾਂ ਨੂੰ ਲੋਕਾਂ ਨੇ ਧੂਫ਼ ਦਿੱਤੀ

ਖੰਨਾ (ਪਰਮਜੀਤ ਸਿੰਘ ਧੀਮਾਨ)  – ਇਥੋਂ ਦੇ ਲਾਈਨੋਂਪਾਰ ਇਲਾਕੇ ਵਿਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕੰਮਾਂ ਦੇ ਨੀਂਹ ਪੱਥਰਾਂ ਦੀ ਝੜੀ ਲਾਈ ਗਈ ਸੀ, ਪ੍ਰਤੂੰ ਕੋਈ ਵੀ ਕੰਮ ਹੁਣ ਤੱਕ ਸਿਰੇ ਨਹੀਂ ਚੜਿਆ। ਜਿਸ ਦੇ ਰੋਸ ਵਜੋਂ ਲੋਕਾਂ ਨੇ ਚਿੱਕੜ ਵਿਚ ਲੱਗੇ ਕਰੀਬ ਇਕ ਕਰੋੜ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਨੂੰ ਧੂਫ਼ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਦੱਸਣਯੋਗ ਹੈ ਕਿ ਬਾਰਿਸ਼ ਕਾਰਨ ਇਸ ਇਲਾਕੇ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ ਅਤੇ ਵਿਕਾਸ ਕੰਮਾਂ ਲਈ ਲੰਬੇ ਸਮੇਂ ਤੋਂ ਪੁੱਟੀਆਂ ਗਲੀਆਂ ਕਾਰਨ ਲੋਕਾਂ ਨੂੰ ਘਰਾਂ ਵਿਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਚਿੱਕੜ ਕਾਰਨ ਰੋਜ਼ਾਨਾ ਕਈ ਹਾਦਸੇ ਵੀ ਵਾਪਰਦੇ ਹਨ ਅਤੇ ਫੈਲੀ ਬਦਬੂ ਕਾਰਨ ਲੋਕਾਂ ਨੂੰ ਹਰ ਸਮੇਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।

ਤੇਜਿੰਦਰ ਸਿੰਘ ਆਰਟਿਸਟ ਅਤੇ ਕੁਲਦੀਪ ਕੌਰ ਗਗਨ ਕਾਲੀਰਾਓ ਨੇ ਕਿਹਾ ਕਿ ਵਿਧਾਇਕ ਕੋਟਲੀ ਪਿਛਲੇ ਪੰਜ ਸਾਲਾਂ ਤੋਂ ਵਿਕਾਸ ਕੰਮਾਂ ਦਾ ਦਾਅਵਾ ਕਰਦੇ ਆ ਰਹੇ ਹਨ, ਪ੍ਰਤੂੰ ਸੱਚ ਕੁੱਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਕੰਮ ਬਹੁਤ ਧੀਮੀ ਗਤੀ ਨਾਲ ਚੱਲਣ ਕਾਰਨ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿਚ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।

ਇਸ ਮੌਕੇ ਅਕਾਲੀ ਦਲ ਦੇ ਪੀਏਸੀ ਮੈਂਬਰ ਇਕਬਾਲ ਸਿੰਘ ਚੰਨੀ ਅਤੇ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਨੀਂਹ ਪੱਥਰਾਂ ਨੂੰ ਰੋਸ ਵਜੋਂ ਧੂਫ਼ ਦੇ ਕੇ ਵਿਧਾਇਕ ਤੇ ਪ੍ਰਸਾਸ਼ਨ ਨੂੰ ਗਹਿਰੀ ਨੀਂਦ ਵਿਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਹਰਬੀਰ ਸਿੰਘ, ਓਮਕਾਰ ਸਿੰਘ ਸੱਤੂ, ਪ੍ਰੀਤਮ ਸਿੰਘ, ਵਿੱਕੀ ਵਡੇਰਾ, ਤਰਨਪ੍ਰੀਤ ਸਿੰਘ ਸੌਂਦ, ਅਜੈ ਗੁਪਤਾ, ਲਲਿਤ ਸ਼ਰਮਾ, ਡਾ. ਬੇਅੰਤ ਵਰਮਾ, ਹਰਪ੍ਰੀਤ ਕੌਰ, ਮਹੰਤ ਕਸ਼ਮੀਰ ਗਿਰੀ, ਮੁਖਤਿਆਰ ਸਿੰਘ, ਰਾਕੇਸ਼ ਕੁਮਾਰ, ਨਰਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਅਜੈ ਸ਼ਰਮਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Share This :

Leave a Reply