ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)– ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਇੱਕ ਵਾਰ ਗਿਰਾਵਟ ਆਉਣ ਤੋਂ ਬਾਅਦ ਬਰਮਿੰਘਮ ਦੇ ਹਸਪਤਾਲਾਂ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾਖਲ ਹੋ ਰਹੇ ਹਨ । ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਤੋਂ ਪੀੜਤ ਛੇ ਲੋਕ ਇਸ ਸਮੇਂ ਬਰਮਿੰਘਮ ਦੇ ਹਸਪਤਾਲਾਂ ਵਿੱਚ ਗੰਭੀਰ ਸਥਿਤੀ ਨਾਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਹਨ ਅਤੇ ਇਸਦੇ ਨਾਲ ਹੀ ਕੁਈਨ ਐਲਿਜ਼ਾਬੇਥ, ਹਾਰਟਲੈਂਡਜ਼ ਅਤੇ ਗੁੱਡ ਹੋਪ ਹਸਪਤਾਲਾਂ ਵਿੱਚ ਵੀ ਲੱਗਭਗ 26 ਕੋਵਿਡ ਪਾਜ਼ੇਟਿਵ ਨਵੇਂ ਮਰੀਜ਼ ਦਾਖਲ ਹਨ। ਇਸ ਤੋਂ ਤਕਰੀਬਨ 15 ਦਿਨ ਪਹਿਲਾਂ ਤਿੰਨਾਂ ਹਸਪਤਾਲਾਂ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਬਿਮਾਰ ਕੋਵਿਡ ਮਰੀਜ਼ ਨਹੀਂ ਸਨ।
ਹਾਲਾਂਕਿ ਸਿਹਤ ਮਾਹਿਰਾਂ ਅਨੁਸਾਰ ਦੋਵੇਂ ਟੀਕੇ ਲੱਗੇ ਹੋਏ ਲੋਕਾਂ ਦੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਚਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਅਤੇ ਇਸ ਵੇਲੇ ਰਾਸ਼ਟਰੀ ਪੱਧਰ ‘ਤੇ ਹਸਪਤਾਲਾਂ ਵਿੱਚ ਇਲਾਜ ਕੀਤੇ ਜਾ ਰਹੇ ਬਹੁਤੇ ਮਰੀਜ਼ਾਂ ਨੂੰ ਕੋਈ ਟੀਕਾ ਨਹੀਂ ਲੱਗਿਆ ਹੈ। ਐੱਨ ਐੱਚ ਐੱਸ ਦੇ ਤਾਜ਼ਾ ਅੰਕੜਿਆਂ ਅਨੁਸਾਰ 3 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ ਬਰਮਿੰਘਮ ‘ਚ 683 ਨਵੇਂ ਕੇਸ ਸਾਹਮਣੇ ਆਏ ਹਨ। ਪਬਲਿਕ ਹੈਲਥ ਇੰਗਲੈਂਡ ਅਨੁਸਾਰ ਬਰਮਿੰਘਮ, ਵਾਲਸਲ ਅਤੇ ਸਟਾਫੋਰਡਸ਼ਾਇਰ ਮੂਰਲੈਂਡਜ਼ ਖੇਤਰਾਂ ਵਿੱਚ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸੰਬੰਧੀ ਰਾਸ਼ਟਰੀ ਅਧਿਐਨ ਵਿੱਚ, ਡੈਲਟਾ ਵੇਰੀਐਂਟ ਦੇ ਪ੍ਰਭਾਵ ਤਹਿਤ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ।