ਚੰਡੀਗੜ੍ਹ, ਮੀਡੀਆ ਬਿਊਰੋ:
ਰਿਕਾਰਡ 92 ਸੀਟਾਂ ਜਿੱਤਣ ਪਿੱਛੋਂ ਆਮ ਆਦਮੀ ਪਾਰਟੀ (ਆਪ) ਨੇ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਤੇ ਨਵੇਂ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਰਾਜ ਭਵਨ ’ਚ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਸਮਾਮਗ 16 ਮਾਰਚ ਨੂੰ ਹੋਵੇਗਾ, ਜਦਕਿ ਪੰਜਾਬ ਦੇ ਸਾਰੇ ਚੁਣੇ ਵਿਧਾਇਕ 17 ਮਾਰਚ ਨੂੰ ਸਹੁੰ ਚੁੱਕਣਗੇ। ਨਵੀਂ ਸਰਕਾਰ ਨੇ ਇਸੇ ਦਿਨ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾ ਲਿਆ ਹੈ। ਸੈਸ਼ਨ ਛੇਤੀ ਬੁਲਾਉਣ ਦਾ ਕਾਰਨ ਆਉਂਦੀਆਂ ਰਾਜ ਸਭਾ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ। ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਚੋਣਾਂ ਦੀ ਪ੍ਰਕਿਰਿਆ 21 ਮਾਰਚ ਨੂੰ ਸ਼ੁਰੂ ਹੋਵੇਗੀ। ਇਸ ਦਿਨ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। 22 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ। 24 ਮਾਰਚ ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਚੋਣ 31 ਮਾਰਚ ਨੂੰ ਹੋਵੇਗੀ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵਿਧਾਇਕਾਂ ਨੂੰ ਸਹੁੰ ਚੁਕਾਉਣਾ ਚਾਹੁੰਦੀ ਹੈ ਤਾਂ ਜੋ ਉਹ ਚੋਣ ਪ੍ਰਕਿਰਿਆ ’ਚ ਹਿੱਸਾ ਲੈ ਸਕਣ।
ਵਿਧਾਨ ਸਭਾ ਚੋਣ ’ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਹੈ। ਭਗਵੰਤ ਮਾਨ ਨੂੰ ਸ਼ੁੱਕਰਵਾਰ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਨਵਾਂਸ਼ਹਿਰ ਦੇ ਖਟਕਡ਼ ਕਲਾਂ ’ਚ ਸਹੁੰ ਚੁੱਕਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ’ਚ ਰੋਡ ਸ਼ੋਅ ਕਰੇਗੀ, ਜਿਸ ਵਿਚ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜਣਗੇ। ਉਹ ਲੋਕਾਂ ਦਾ ਧੰਨਵਾਦ ਕਰਨਗੇ। ਇਸ ਤੋਂ ਪਹਿਲਾਂ ਉਹ ਪ੍ਰਮੁੱਖ ਧਾਰਮਿਕ ਸਥਾਨਾਂ ’ਚ ਮੱਥਾ ਟੇਕਣਗੇ ਤੇ ਜਲ੍ਹਿਆਂਵਾਲਾ ਬਾਗ਼ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਨਗੇ।
ਏ ਵੇਣੂਪ੍ਰਸਾਦ ਹੋਣਗੇ ਮਾਨ ਦੇ ਪ੍ਰਿੰਸੀਪਲ ਸਕੱਤਰ
1991 ਬੈਚ ਦੇ ਆਈਏਐੱਸ ਅਫਸਰ ਤੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਟੈਕਸੇਸ਼ਨ ਦੇ ਅਹੁਦੇ ’ਤੇ ਤਾਇਨਾਤ ਏ ਵੇਣੂਪ੍ਰਸਾਦ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਹੋਣਗੇ। ਉਹ ਅਹੁਦਾ ਛੱਡ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਦੀ ਥਾਂ ਲੈਣਗੇ। ਵੇਣੂਪ੍ਰਾਸਦ ਲੰਬੇ ਸਮੇਂ ਤਕ ਪੰਜਾਬ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੀ ਰਹੇ ਹਨ।