ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸਕੂਲਾਂ ਵਿੱਚ ਜਿਆਦਾਤਰ ਵਿਦਿਆਰਥੀਆਂ ਲਈ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜਰੂਰਤ ਫਿਲਹਾਲ ਜਾਰੀ ਰਹੇਗੀ। ਇਸ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸਕੂਲਾਂ ਵਿੱਚ ਫੇਸ ਮਾਸਕ ਅਤੇ ਸਰੀਰਕ ਦੂਰੀ ਦੇ ਨਿਯਮਾਂ ਨੂੰ ਫਿਲਹਾਲ ਵਧਾਇਆ ਜਾ ਰਿਹਾ ਹੈ। ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸੈਕੰਡਰੀ ਸਕੂਲ ਦੇ ਕਲਾਸ ਰੂਮਾਂ ਵਿੱਚ ਵਿਦਿਆਰਥੀਆਂ ਦੁਆਰਾ ਫੇਸ ਮਾਸਕ ਦੀ ਵਰਤੋਂ , ਸਟਾਫ ਮੈਂਬਰਾਂ ਅਤੇ ਸਟਾਫ ਅਤੇ ਵਿਦਿਆਰਥੀਆਂ ਦੇ ਵਿਚਕਾਰ ਇੱਕ ਮੀਟਰ ਦੀ ਦੂਰੀ ਦੇ ਨਿਯਮ ਘੱਟੋ ਘੱਟ ਅਕਤੂਬਰ ਦੀਆਂ ਛੁੱਟੀਆਂ ਤੱਕ ਸਕੂਲਾਂ ਵਿੱਚ ਜਾਰੀ ਰਹਿਣਗੇ।
ਇਸਦੇ ਇਲਾਵਾ ਸਕਾਟਲੈਂਡ ਦੀ ਸਰਕਾਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਸਕਾਟਲੈਂਡ ਵਿੱਚ 12-15 ਸਾਲ ਦੇ ਸਾਰੇ ਬੱਚਿਆਂ ਨੂੰ ਸੋਮਵਾਰ ਤੋਂ ਟੀਕੇ ਲਗਾਉਣੇ ਸ਼ੁਰੂ ਕੀਤੇ ਜਾਣਗੇ। ਸਕਾਟਲੈਂਡ ਵਿੱਚ ਮੰਗਲਵਾਰ ਨੂੰ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ 3375 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ 21 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਦਕਿ 1064 ਲੋਕ ਕੋਵਿਡ ਦੇ ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਹਨਾਂ ਵਿੱਚੋਂ 89 ਲੋਕ ਆਈ ਸੀ ਯੂ ਵਿੱਚ ਹਨ।