ਮੌਸਮ ਵਿਭਾਗ ਨੇ ਇਨ੍ਹਾਂ 6 ਸ਼ਹਿਰਾਂ ‘ਚ ਜਾਰੀ ਕੀਤਾ ਯੈਲੋ ਅਲਰਟ

ਲੁਧਿਆਣਾ, ਮੀਡੀਆ ਬਿਊਰੋ:

ਪੰਜਾਬ ’ਚ ਅਕਸਰ ਲੂ ਦੀ ਸ਼ੁਰੂਆਤ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਬਾਅਦ ਹੁੰਦੀ ਹੈ ਪਰ ਇਸ ਵਾਰੀ ਹੁਣੇ ਤੋਂ ਹੀ ਲੂ ਚੱਲਣ ਲੱਗੀ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ’ਚ ਸੱਤ ਤੋਂ ਨੌਂ ਡਿਗਰੀ ਸੈਲਸੀਅਸ ਦਾ ਉਛਾਲ ਆ ਗਿਆ ਹੈ। ਬਠਿੰਡਾ ਤੇ ਬਰਨਾਲਾ ’ਚ ਅਪ੍ਰੈਲ ਦੇ ਪਹਿਲੇ ਹਫ਼ਤੇ ’ਚ ਹੀ ਲੂ ਚੱਲਣ ਲੱਗੀ ਸੀ ਜਦਕਿ ਸ਼ੁੱਕਰਵਾਰ ਤੋਂ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਮੋਗਾ, ਮਾਨਸਾ, ਸੰਗਰੂਰ ਤੇ ਪਟਿਆਲਾ ’ਚ ਵੀ ਲੂ ਚੱਲਣੀ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਮੰਗਲਵਾਰ ਨੂੰ ਇਨ੍ਹਾਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਛੇ ਤੋਂ ਨੌਂ ਡਿਗਰੀ ਜ਼ਿਆਦਾ ਰਿਹਾ।

ਭਾਰਤੀ ਮੌਸਮ ਵਿਭਾਗ ਚੰਡੀਗਡ਼੍ਹ ਦੇ ਮੁਤਾਬਕ ਮੁਕਤਸਰ ’ਚ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਰਿਹਾ, ਜਿਹਡ਼ਾ ਸਾਧਾਰਨ ਤੋਂ 11 ਡਿਗਰੀ ਜ਼ਿਆਦਾ ਸੀ ਜਦਕਿ ਫਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ ਤੇ ਬਰਨਾਲਾ ’ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਰਿਹਾ, ਜਿਹਡ਼ਾ ਸਾਧਾਰਨ ਤੋਂ 8 ਡਿਗਰੀ ਜ਼ਿਆਦਾ ਸੀ।

ਮੌਸਮ ਵਿਭਾਗ ਦੇ ਮੁਤਾਬਕ, 13 ਅਪ੍ਰੈਲ ਤਕ ਪੰਜਾਬ ਦੇ ਪੂਰਬੀ ਮਾਲਵਾ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਾਲੇਰਕੋਟਲਾ, ਫਤਹਿਗਡ਼੍ਹ ਸਾਹਿਬ, ਰੂੁਪਨਗਰ, ਪਟਿਆਲਾ ਤੇ ਮੋਹਾਲੀ ਤੇ ਪੱਛਮੀ ਮਾਲਵਾ ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਤੇ ਬਠਿੰਡਾ ’ਚ ਪ੍ਰਚੰਡ ਲੂ ਚੱਲੇਗੀ। ਮੌਸਮ ਮਾਹਿਰਾਂ ਮੁਤਾਬਕ ਪ੍ਰਚੰਡ ਗਰਮੀ ਸਿਹਤ ਲਈ ਬਹੁਤ ਖ਼ਤਰਨਾਕ ਸਾਬਿਤ ਹੁੰਦੀ ਹੈ। ਜ਼ਿਆਦਾ ਦੇਰ ਤਕ ਪ੍ਰਚੰਡ ਗਰਮੀ ’ਚ ਰਹਿਣ ’ਤੇ ਬੇਹੋਸ਼ੀ ਵੀ ਹੋ ਸਕਦੀ ਹੈ ਤੇ ਦੌਰੇ ਵੀ ਪੈ ਸਕਦੇ ਹਨ। ਸਿਹਤ ਮਾਹਿਰਾਂ ਦੇ ਮੁਤਾਬਕ, ਲੂ ਚੱਲਣ ਦੌਰਾਨ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਨਿਕਲਣਾ ਪਵੇ ਤਾਂ ਧੁੱਪ ਤੋਂ ਬਚਾਅ ਦੇ ਪੂਰੇ ਇੰਤਜ਼ਾਮ ਹੋਣੇ ਚਾਹੀਦੇ ਹਨ। ਲੂ ਦੌਰਾਨ ਖਾਲੀ ਪੇਟ ਘਰੋਂ ਨਿਕਲਣ ਤੋਂ ਬਚਣਾ ਚਾਹੀਦਾ ਹੈ।

Share This :

Leave a Reply