‘ਆਪ’ ਵਿਧਾਇਕ ਦਾ ਪੀਏ ਬਣ ਕੇ 1 ਕਰੋੜ ਮੰਗਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਵਿਦੇਸ਼ ਭੱਜਿਆ

ਤਰਨਤਾਰਨ, ਮੀਡੀਆ ਬਿਊਰੋ:

ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਪੀਏ ਬਣ ਕੇ ਐੱਨਆਰਆਈ ਕੋਲੋਂ ਇਕ ਕਰੋੜ ਰੁਪਏ ਦੀ ਮੰਗ ਕਰਨ ਅਤੇ ਹਥਿਆਰ ਲੈਣ ਦੀ ਗੱਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਵਿਅਕਤੀ ਵਿਦੇਸ਼ ਭੱਜ ਗਿਆ ਹੈ। ਇਹ ਖੁਲਾਸਾ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਕੀਤੇ ਗਏ ਦੂਸਰੇ ਅਣਪਛਾਤੇ ਵਿਅਕਤੀ ਦਾ ਸੁਰਾਗ ਲਗਾ ਲਿਆ ਗਿਆ ਹੈ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕੁਝ ਦਿਨ ਬਾਅਦ ਹੀ ਸੋਸ਼ਲ ਮੀਡੀਆ ‘ਤੇ ਆਡੀਓ ਵਾਇਰਲ ਹੋਈ ਸੀ ਜਿਸ ਵਿਚ ਇਕ ਵਿਅਕਤੀ ਆਪਣੇ ਆਪ ਨੂੰ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਪੀਏ ਦੱਸ ਕੇ ਐੱਨਆਰਆਈ ਕੋਲੋਂ ਇਕ ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ। ਨਾਲ ਹੀ ਉਹ ਹਥਿਆਰਾਂ ਦੀ ਲੋੜ ਬਾਰੇ ਵੀ ਗੱਲ ਕਰਦਾ ਇਸ ਆਡੀਓ ਵਿਚ ਸੁਣਾਈ ਦਿੰਦਾ ਹੈ।

ਤੇਜ਼ੀ ਨਾਲ ਵਾਇਰਲ ਹੋਈ ਆਡੀਓ ਦਾ ਨੋਟਿਸ ਲੈਂਦਿਆਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਸਥਾਨਕ ਪੁਲਿਸ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਪੜਤਾਲ ਕਰਕੇ ਅਖਤਿਆਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਤਰਨਤਾਰਨ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਐੱਨਆਰਆਈ ਜਤਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਇਕਬਾਲ ਐਵਨਿਊੂ ਤਰਨਤਾਰਨ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਸੀ।

ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਅਖਿਤਆਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਸੀ, ਜਿਥੋਂ ਪਤਾ ਲੱਗਾ ਹੈ ਕਿ ਉਹ ਕੁਝ ਦਿਨਾਂ ਪਹਿਲਾਂ ਹੀ ਵਿਦੇਸ਼ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲਾ ਅਖਤਿਆਰ ਸਿੰਘ ਅਤੇ ਜਿਸ ਨੂੰ ਫੋਨ ਕੀਤਾ ਗਿਆ ਸੀ ਜਤਿੰਦਰ ਸਿੰਘ ਦੋਵੇਂ ਅਮਰੀਕਾ ਤੋਂ ਆਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਜਿਸ ਅਣਪਛਾਤੇ ਵਿਅਕਤੀ ਨੂੰ ਐੱਫਆਈਆਰ ਵਿਚ ਸ਼ਾਮਲ ਕੀਤਾ ਗਿਆ ਹੈ, ਉਸਦਾ ਵੀ ਸੁਰਾਗ ਲਗਪਗ ਲੱਗ ਚੁੱਕਾ ਹੈ ਅਤੇ ਉਸ ਦੀ ਗਿ੍ਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Share This :

Leave a Reply