ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਰੋਜਾਨਾ ਵੱਡੀ ਪੱਧਰ ‘ਤੇ ਲੋਕ ਜ਼ਮੀਨਦੋਜ ਮੈਟਰੋ, ਟਿਊਬਾਂ ਰਾਹੀਂ ਸਫਰ ਕਰਦੇ ਹਨ। ਇਸ ਦੌਰਾਨ ਯਾਤਰੀਆਂ ਨੂੰ ਖਰਾਬ ਮੋਬਾਈਲ ਨੈੱਟਵਰਕ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਲੰਡਨ ਦੇ ਮੇਅਰ ਸਦੀਕ ਖਾਨ ਨੇ ਕਿਹਾ ਹੈ ਕਿ ਲੰਡਨ ਦੇ ਅੰਡਰਗ੍ਰਾਉਂਡ ਸਫਰ ਦੌਰਾਨ ਯਾਤਰੀਆਂ ਨੂੰ 2024 ਤੱਕ ਪੂਰੇ ਮੋਬਾਈਲ ਨੈਟਵਰਕ ਦੀ ਕਵਰੇਜ ਮਹੱਈਆ ਕਰਵਾਈ ਜਾਵੇਗੀ।
ਟ੍ਰਾਂਸਪੋਰਟ ਫਾਰ ਲੰਡਨ (ਟੀ ਐੱਫ ਐੱਲ) ਅਨੁਸਾਰ ਰਾਜਧਾਨੀ ਦੇ ਕੁੱਝ ਜ਼ਿਆਦਾ ਰੁਝੇਵੇਂ ਵਾਲੇ ਸਟੇਸ਼ਨਾਂ ਜਿਵੇਂ ਕਿ ਆਕਸਫੋਰਡ ਸਰਕਸ, ਟੋਟਨਹੈਮ ਕੋਰਟ ਰੋਡ, ਅਤੇ ਬੈਂਕ ਆਦਿ ਵਿੱਚ ਕਵਰੇਜ ਦੀ ਤਿਆਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਸਾਲ ਦੇ ਅੰਤ ਤੱਕ ਉਹ ਪਹਿਲੇ ਪੂਰੀ ਤਰ੍ਹਾਂ ਨੈੱਟਵਰਕ ਨਾਲ ਜੁੜੇ ਸਟੇਸ਼ਨਾਂ ਵਿੱਚੋਂ ਹੋਣਗੇ। ਪਿਛਲੇ ਮਹੀਨੇ ਦੁਬਾਰਾ ਚੁਣੇ ਗਏ ਮੇਅਰ ਸਦੀਕ ਖਾਨ ਨੇ ਲੰਡਨ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਊਹ ਦੂਜੀ ਵਾਰ ਚੁਣੇ ਜਾਣ ‘ਤੇ ਟਿਊਬ ਨੈਟਵਰਕ ਨੂੰ 4 ਜੀ ਦੀ ਸੇਵਾ ਪ੍ਰਦਾਨ ਕਰਨਗੇ। ਇਸ ਤੋਂ ਪਹਿਲਾਂ ਸਥਾਈ ਫ਼ੋਨ ਰਿਸੈਪਸ਼ਨ ਪਿਛਲੇ ਸਾਲ ਮਾਰਚ ਵਿੱਚ ਪਹਿਲੀ ਵਾਰ ਲੰਡਨ ਦੇ ਟਿਊਬ ਨੈਟਵਰਕ ਦੇ ਕੁੱਝ ਭੂਮੀਗਤ ਭਾਗਾਂ ‘ਤੇ ਉਪਲਬਧ ਕਰਵਾਇਆ ਗਿਆ ਸੀ ।