ਖੰਨਾ ’ਚ ਪਸ਼ੂ ਮੰਡੀ ਲਾਉਣ ਦਾ ਮਾਮਲਾ ਭਖਿਆ

ਖੰਨਾ (ਪਰਮਜੀਤ ਸਿੰਘ ਧੀਮਾਨ) –  ਸ਼ਹਿਰ ਵਿਚ ਲੱਗਦੀ ਪਸ਼ੂ ਮੰਡੀ ਮਾਮਲੇ ਤੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਮੰਡੀ ਲਾਉਣ ਵਾਲਿਆਂ ਖਿਲਾਫ਼ ਮੋਰਚਾ ਖੋਲ੍ਹਦਿਆਂ ਮੰਡੀ ਦੀ ਜਾਂਚ ਲਈ ਕੈਪਟਨ ਅਮਰਿੰਦਰ ਸਿੰਘ ਤੇ ਪੰਚਾਇਤ ਵਿਭਾਗ ਦੇ ਵਿੱਤ ਸਕੱਤਰ ਸੀਮਾ ਜੈਨ ਨੂੰ ਗਲਤ ਢੰਗ ਨਾਲ ਮੰਡੀ ਲਾਕੇ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ 15 ਜੁਲਾਈ ਨੂੰ ਲਾਈ ਪਸ਼ੂ ਮੰਡੀ ਦਾ ਚੇਅਰਮੈਨ ਸੋਨੀ ਨੇ ਵਿਰੋਧ ਕਰਦਿਆਂ ਠੇਕੇਦਾਰ ਦੇ ਕਰਿੰਦਿਆਂ ਤੋਂ ਪਰਚੀਆਂ ਫੜੀਆਂ। ਉਨ੍ਹਾਂ ਕਿਹਾ ਕਿ ਨਜਾਇਜ਼ ਪਸ਼ੂ ਮੰਡੀ ਕਾਰਨ ਜਿੱਥੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਵਪਾਰੀਆਂ ਵੱਲੋਂ ਸ਼ਹਿਰ ਵਿਚ ਅਵਾਰਾ ਪਸ਼ੂ ਵੀ ਛੱਡੇ ਜਾਂਦੇ ਹਨ, ਜਿਸ ਨਾਲ ਅਨੇਕਾਂ ਜਾਨਲੇਵਾ ਹਾਦਸੇ ਵਾਪਰਦੇ ਹਨ।

ਸੋਨੀ ਨੇ ਡਾਇਰੈਕਟਰ ਮਨਪ੍ਰੀਤ ਸਿੰਘ ਵੱਲੋਂ ਮੰਡੀ ਨੂੰ ਜਾਇਜ਼ ਦੱਸਣ ਤੇ ਕਿਹਾ ਕਿ ਡਾਇਰੈਕਟਰ ਦੱਸਣ ਜੇ ਮੰਡੀ ਜਾਇਜ਼ ਹੈ ਤਾਂ ਚਾਰ ਮਹੀਨੇ ਦੀ ਆਮਦਨ ਕਿੱਥੇ ਜਮ੍ਹਾ ਹੋਈ ਹੈ ਅਤੇ ਵਿਕਾਸ ਕੰਮਾਂ ਤੇ ਲੱਗਣ ਵਾਲਾ ਇਹ ਪੈਸਾ ਕਿਸ ਦੀ ਜੇਬ ’ਚ ਗਿਆ ਹੈ। ਸੋਨੀ ਨੇ ਕਿਹਾ ਕਿ ਸ਼ਹਿਰ ਵਿਚ ਮਹੀਨੇ ’ਚ ਸਿਰਫ਼ ਇਕ ਦਿਨ ਮੰਡੀ ਲਾਉਣ ਦੀ ਵਿਭਾਗ ਵੱਲੋਂ ਆਗਿਆ ਪਹਿਲੇ ਠੇਕੇ ਅਨੁਸਾਰ ਦਿੱਤੀ ਗਈ ਸੀ, ਪ੍ਰਤੂੰ ਇਹ ਮੰਡੀ ਚਾਰ ਵਾਰ ਲੱਗਦੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾ ਵੀ ਇਹ ਮੁੱਦਾ ਉਠਾਉਣ ’ਤੇ ਸਰਕਾਰ ਨੇ ਮੰਡੀ ਦਾ ਠੇਕਾ ਦਿੱਤਾ ਸੀ ਤੇ ਕਰੋੜਾਂ ਦੀ ਆਮਦਨ ਹੋਈ। ਹੁਣ ਮਾਰਚ 2021 ਤੋਂ ਇਹ ਠੇਕਾ ਖ਼ਤਮ ਹੋਣ ਕਾਰਨ ਵਿਭਾਗ ਵੱਲੋਂ 26 ਜੁਲਾਈ ਨੂੰ ਪਸ਼ੂ ਮੰਡੀ ਦੇ ਠੇਕੇ ਦੀ ਬੋਲੀ ਕਰਵਾਈ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੰਡੀ ਰੋਕਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਥ ਦੇਣ ਤਾਂ ਜੋ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਮਿਲ ਸਕੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਅਮਿਤ ਤਿਵਾੜੀ, ਡਾ. ਗੁਰਮੁੱਖ ਸਿੰਘ ਚਾਹਲ, ਬੇਅੰਤ ਸਿੰਘ ਜੱਸੀ, ਅਨਿਲ ਸ਼ੁਕਲਾ, ਸ਼ਸ਼ੀ ਵਰਧਨ, ਪਰਮਜੀਤ ਸਿੰਘ, ਹਰਪਾਲ ਸਿੰਘ, ਮੁਕੇਸ਼ ਮਹਿਤਾ, ਓਕਾਰ ਸ਼ਰਮਾ, ਸੁਖਵਿੰਦਰ ਸਿੰਘ, ਅੰਮ੍ਰਿਤ ਜਰਗ ਆਦਿ ਹਾਜ਼ਰ ਸਨ।

Share This :

Leave a Reply