ਪਟਿਆਲਾ, ਮੀਡੀਆ ਬਿਊਰੋ:
ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਦੂਸਰੇ ਵਿਭਾਗਾਂ ਵਿਚ ਰਲੇਵੇਂ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਫ਼ੈਸਲੇ ਨੂੰ ਕੇਂਦਰੀ ਲੇਖਕ ਸਭਾ ਨੇ ਵੀ ਮੰਦਭਾਗਾ ਕਰਾਰ ਦਿੱਤਾ ਹੈ ਜਿਸ ਨੂੰ ਰੱਦ ਕਰਵਾਉਣ ਲਈ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਅਗਵਾਈ ਵਿਚ ਵਫਦ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨਾਲ ਮੁਲਾਕਾਤ ਕਰੇਗਾ।
ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਅਥਾਰਿਟੀ ਵੱਲੋਂ ਪੰਜਾਬੀ ਭਾਸ਼ਾ ਵਿਕਾਸ ਤੇ ਕੋਸ਼ਕਾਰੀ ਵਿਭਾਗ, ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਦੂਸਰੇ ਵਿਭਾਗਾਂ ਵਿਚ ਰਲਾਉਣ ਨਾਲ ਪੰਜਾਬ ਦੇ ਸਾਹਿਤ ਅਤੇ ਸੱਭਿਆਚਾਰ ਵਿਚ ਹੋਣ ਵਾਲੇ ਖੋਜ ਕਾਰਜਾਂ ਵਿਚ ਖੜੋਤ ਆਵੇਗੀ। ਉਸ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਬਣੀ ਯੂਨੀਵਰਸਿਟੀ ਆਪਣੇ ਮੂਲ ਸਿਧਾਂਤ ਤੋਂ ਹੀ ਮੁੱਖ ਮੋੜ ਰਹੀ ਹੈ। ਸਭਾ ਦੇ ਸਕੱਤਰ ਡਾ. ਕੰਵਰ ਜਸਮਿੰਦਰਪਾਲ ਸਿੰਘ ਨੇ ਕਿਹਾ ਕਿ ਵਾਈਸ ਚਾਂਸਲਰ ਦੇ ਇਸ ਫ਼ੈਸਲੇ ਵਿਰੁੱਧ ਸਭਾ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਪੋ੍. ਜੋਗਿੰਦਰ ਸਿੰਘ ਨਿਰਾਲਾ, ਗੁਲਜ਼ਾਰ ਸਿੰਘ ਸ਼ੌਂਕੀ, ਜਗੀਰ ਸਿੰਘ ਜਗਤਾਰ, ਪੋ੍. ਸੰਧੂ ਵਰਿਆਣਵੀ, ਪੋ੍. ਹਰਜੀਤ ਸਿੰਘ ਸੱਧਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਬਲਵੀਰ ਜਲਾਲਾਬਾਦੀ ਹਾਜ਼ਰ ਸਨ।
ਗੁਰਤੇਜ ਢਿੱਲੋਂ ਨੇ ਗਵਰਨਰ ਨੂੰ ਭੇਜੀ ਚਿੱਠੀ, ਰਲੇਵਾਂ ਰੱਦ ਕਰਨ ਦੀ ਅਪੀਲ
ਪੰਜਾਬੀ ਯੂਨੀਵਰਸਿਟੀ ਨੇ ਮਹਾਨ ਇਤਿਹਾਸਕਾਰ ਡਾ. ਗੰਡਾ ਸਿੰਘ ਵਾਲੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ ਅੱਗੇ ਵਧਾਉਣ ਦੀ ਬਜਾਏ ਹੋਰ ਵਿਭਾਗ ਵਿਚ ਰਲੇਵਾਂ ਕਰ ਦਿੱਤਾ ਹੈ ਜੋ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਤੇਜ ਸਿੰਘ ਢਿੱਲੋਂ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਚੇਅਰਮੈਨ ਇੰਪੂਰੁਵਮੈਂਟ ਟਰੱਸਟ ਨਾਭਾ ਨੇ ਪੱਤਰਕਾਰਾਂ ਨੂੰ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ ਇਤਿਹਾਸ ਵਿਭਾਗ ਵਿਚ ਮਰਜ ਕਰਨ ਬਾਰੇ ਵਾਈਸ ਚਾਂਸਲਰ ਵੱਲੋਂ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ‘ਤੇ ਵਿਭਾਗ ਦਾ ਨਾਂ ਇਤਿਹਾਸ ਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪੰਜਾਬ ਦਾ ਇਤਿਹਾਸ ਖਤਰੇ ਵਿਚ ਪੈ ਗਿਆ ਹੈ ਕਿਉਂਕਿ ਪੰਜਾਬ ਦਾ ਇਤਿਹਾਸ, ਸੱਭਿਆਚਾਰ ਆਦਿ ਆਪਣੇ ਆਪ ਵਿਚ ਵਿਲੱਖਣ ਪਹਿਚਾਣ ਰੱਖਦਾ ਹੈ ਪਰ ਆਉਣ ਵਾਲੀ ਪੀੜ੍ਹੀ ਇਸ ਗਿਆਨ ਤੋਂ ਵਾਂਝੀ ਰਹਿ ਜਾਵੇਗੀ। ਉਪਰੋਕਤ ਦੋਵੇਂ ਵਿਭਾਗਾਂ ਦੀ ਮਹੱਤਤਾ ਵੱਖ-ਵੱਖ ਹੈ। ਢਿੱਲੋਂ ਨੇ ਹੈਰਾਨੀ ਜ਼ਾਹਰ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਡਾ. ਅਰਵਿੰਦ ਢਿੱਲੋਂ ਬੜੀ ਸੂਝਵਾਨ ਸ਼ਖਸੀਅਤ ਹਨ ਪਰ ਕਿਸੇ ਕਮੇਟੀ ਦੀ ਸਿਫਾਰਸ਼ ‘ਤੇ ਅਜਿਹਾ ਫੈਸਲਾ ਲੈਣਾ ਬਹੁਤ ਹੀ ਦੁੱਖਦਾਈ ਹੈ। ਢਿੱਲੋਂ ਨੇ ਇਸ ਸਬੰਧ ਵਿਚ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਰੋਸ ਜ਼ਾਹਰ ਕੀਤਾ ਹੈ ਅਤੇ ਨਾਲ ਹੀ ਇਸ ਰਲੇਵੇਂ ਨੂੰ ਰੱਦ ਕਰਨ ਲਈ ਵੀਸੀ ਨੂੰ ਤੁਰੰਤ ਆਰਡਰ ਕਰਨ ਦੀ ਮੰਗ ਕੀਤੀ ਹੈ।