ਮਾਲਵਾ ਬੈਲਟ ‘ਚ ਸਭ ਤੋਂ ਵੱਧ 69 ਸੀਟਾਂ ਇੱਥੇ ਬਣ ਰਹੇ ਰੌਚਕ ਸਮੀਕਰਨ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਦੇ ਮਾਲਵਾ ਹਲਕੇ ਦੀ ਪਹਿਲੀ ਸੀਟ ਰਾਜਪੁਰਾ ਤੋਂ ਲੈ ਕੇ ਆਖਰੀ ਸੀਟ ਅਬੋਹਰ ਤਕ ਬਦਲਾਅ ਦੀ ਹਵਾ ਚੱਲ ਰਹੀ ਹੈ। ਮਾਲਵਾ ਦਾ ਵੋਟਰ 2017 ਦੀ ਚੋਣ ਵਾਂਗ ਇਸ ਵਾਰੀ ਵੀ ਆਮ ਆਦਮੀ ਪਾਰਟੀ ਦਾ ਝਾਡ਼ੂ ਫਡ਼ਨ ਲਈ ਕਾਹਲਾ ਦਿਖਾਈ ਦੇ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਦਾ ਜੇਲ੍ਹ ਤੋਂ ਫਰਲੋ ’ਤੇ ਰਿਹਾਅ ਹੋਣਾ ਤੇ ਹਿੰਦੂ ਵਰਗ ਦਾ ਸ਼ਹਿਰਾਂ ’ਚ ਕੰਸੋਲਿਡੇਟ ਹੋਣਾ ਉਨ੍ਹਾਂ ਦੇ ਇਸ ਸਮੀਕਰਨ ਨੂੰ ਵਿਗਾਡ਼ ਵੀ ਸਕਦਾ ਹੈ। ਕਾਂਗਰਸ, ਵਿਰੋਧੀ ਪਾਰਟੀਆਂ ਤੋਂ ਘੱਟ ਆਪਣੀ ਹੀ ਪਾਰਟੀ ਦੇ ਬਾਗੀ ਉਮੀਦਵਾਰਾਂ ਨਾਲ ਜੂਝ ਰਹੀ ਹੈ। ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਸੀ ਸੀਤ ਯੁੱਧ ਦਾ ਕਾਰਡ ’ਤੇ ਅਸਰ ਪੈਂਦਾ ਸਾਫ਼ ਨਜ਼ਰ ਆ ਰਿਹਾ ਹੈ। ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਲਡ਼ਨ ਵਾਲੇ ਕਿਸਾਨ ਦੋ ਚਾਰ ਸੀਟਾਂ ਨੂੰ ਛੱਡ ਕੇ ਕਿਤੇ ਵੀ ਦਿਖਾਈ ਨਹੀਂ ਪੈ ਰਹੇ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਅਲੱਗ-ਅਲੱਗ ਤੌਰ ’ਤੇ ਹੱਥ ਆਜਮਾ ਰਹੇ ਹਨ ਤੇ ਹਰ ਪਾਰਟੀ ਆਪਣੇ ਆਪਣੇ ਪਿਛਲੇ ਵੋਟ ਬੈਂਕ ਨੂੰ ਬਣਾਏ ਰੱਖਣ ਦੀ ਜੀ ਤੋਡ਼ ਕੋਸ਼ਿਸ਼ ’ਚ ਨਜ਼ਰ ਆ ਰਹੀ ਹੈ ਤਾਂ ਜੋ ਬਹੁਕੋਣੀ ਮੁਕਾਬਲੇ ’ਚ ਆਪਣੀਆਂ ਸੀਟਾਂ ਕੱਢ ਸਕੇ।

ਪੰਜਾਬ ਦੀਆਂ ਕੁੱਲ 117 ਸੀਟਾਂ ’ਚੋਂ 67 ਸੀਟਾਂ ਵਾਲਾ ਮਾਲਵਾ ਪੰਜਾਬ ਦੀ ਸਿਆਸਤ ਦਾ ਅਹਿਮ ਕੇਂਦਰ ਹੈ।ਹਾਲੇ ਤਕ ਸਭ ਤੋਂ ਜ਼ਿਆਦਾ ਮੁੱਖ ਮੰਤਰੀ ਇਸੇ ਇਲਾਕੇ ਤੋਂ ਆਉਂਦੇ ਹਨ। ਇਸੇ ਲਈ ਮਾਲਵਾ ’ਚ ਬਾਦਲ, ਜਾਖਡ਼, ਢੀਂਡਸਾ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਪਰਿਵਾਰਾਂ ਦੀ ਵੀ ਸਾਖ਼ ਦਾਅ ’ਤੇ ਲੱਗੀ ਹੋਈ ਹੈ। ਇਸੇ ਲਈ ਜਦੋਂ ਆਮ ਆਦਮੀ ਪਾਰਟੀ ਨੇ ਇਸ ਇਲਾਕੇ ਦੀ ਧੂਰੀ ਸੀਟ ਤੋਂ ਆਪਣੇ ਸੀਐੱਮ ਉਮੀਦਵਾਰ ਨੂੰ ਉਤਾਰਿਆ ਤਾਂ ਕਾਂਗਰਸ ਨੂੰ ਵੀ ਆਪਣੀ ਰਣਨੀਤੀ ਬਦਲਣੀ ਪੈ ਗਈ। ਟਿਕਟਾਂ ਦੀ ਵੰਡ ਦੇ ਐਨ ਅੰਤਮ ਮੌਕੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਨੇ ਚਮਕੌਰ ਸਾਹਿਬ ਦੇ ਨਾਲ ਬਰਨਾਲਾ ਹਲਕੇ ਦੀ ਭਦੌਡ਼ ਸੀਟ ’ਤੇ ਵੀ ਉਤਾਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਪਹਿਲਾਂ ਹੀ ਲੰਬੀ ਤੇ ਜਲਾਲਾਬਾਦ ਸੀਟਾਂ ’ਤੇ ਲਡ਼ਦੇ ਹਨ ਜਿਹਡ਼ੀਆਂ ਮਾਲਵਾ ਤੋਂ ਹੀ ਆਉਂਦੀਆਂ ਹਨ।

ਜੇਕਰ ਤੁਸੀਂ ਰਾਜਪੁਰਾ ਤੋਂ ਚੱਲਣਾ ਸ਼ੁਰੂ ਕਰੋ ਤਾਂ ਇੱਥੇ ਦਸ ਸਾਲਾਂ ਬਾਅਦ ਭਾਜਪਾ ਬਡ਼੍ਹਤ ’ਚ ਦਿਖਾਈ ਪੈ ਰਹੀ ਹੈ। ਬਹਾਵਲਪੁਰੀ ਬਰਾਦਰੀ ਤੋਂ ਟਿਕਟ ਲੈ ਕੇ ਜਗਦੀਸ਼ ਕੁਮਾਰ ਜੱਗਾ ਨੂੰ ਖਡ਼੍ਹਾ ਕਰਨ ਨਾਲ ਪਾਰਟੀ ਲਡ਼ਾਈ ’ਚ ਦਿਖਾਈ ਦੇ ਰਹੀ ਹੈ। ਪਰ ਖੇਤੀ ਕਾਨੂੰਨਾਂ ਦਾ ਪਰਛਾਵਾਂ ਵੀ ਉਨ੍ਹਾਂ ’ਤੇ ਹੈ। ਉਹ ਪਿੰਡਾਂ ’ਚ ਨਹੀਂ ਜਾ ਪਾ ਰਹੇ। ਸੰਨੌਰ ਤੇ ਘਨੌਰ ਸੀਟਾਂ ਪੂਰੀ ਤਰ੍ਹਾਂ ਪੇਂਡੂ ਹਨ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਪਿਤਾ ਪੁੱਤਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਰਿੰਦਰ ਸਿੰਘ ਚੰਦੂਮਾਜਰਾ ਮੈਦਾਨ ’ਚ ਜੂਝ ਰਹੇ ਹਨ। ਆਪ ਦਾ ਉਮੀਦਵਾਰ ਵੀ ਉਨ੍ਹਾਂ ਨੂੰ ਟੱਕਰ ਦਿੰਦੇ ਦਿਖਾਈ ਦੇ ਰਹੇ ਹਨ।

ਮਹਾਰਾਜਿਆਂ ਦੇ ਸ਼ਹਿਰ ਦੇ ਮਹਾਰਾਜਾ ਅਮਰਿੰਦਰ ਸਿੰਘ ਲਈ ਵੀ ਇਸ ਵਾਰੀ ਰਾਹ ਆਸਾਨ ਨਹੀਂ ਦਿਖ ਰਿਹਾ। ਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਪਾਰਟੀ ਪੰਜਾਬਲੋਕ ਕਾਂਗਰਸ ਦੇ ਪਟਿਆਲਾ ਸੰਸਦੀ ਸੀਟ ਨੂੰ ਛੱਡ ਕੇ ਕਿਸੇ ਦੇ ਲਈ ਵੀ ਨਹੀਂ ਜਾ ਪਾ ਰਹੇ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਕਾਂਗਰਸੀ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਲਈ ਪ੍ਰਚਾਰ ਕਰ ਰਹੇ ਹਨ ਜਦਕਿ ਸਰਕਾਰੀ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਪ੍ਰਚਾਰ ’ਚ ਸਾਫ਼ ਕਮੀ ਦਿਖਾਈ ਪੈ ਰਹੀ ਹੈ। ਪਿਛਲੀ ਵਾਰੀ ਕੈਪਟਨ 50 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਸਨ, ਇਸ ਵਾਰੀ ਅਕਾਲੀ ਦਲ ਨੂੰ ਛੱਡ ਕੇ ਆਪ ਦਾ ਝਾਡ਼ੂ ਫਡ਼ਨ ਵਾਲੇ ਅਜੀਤ ਪਾਲ ਸਿੰਘ ਕੋਹਲੀ ਉਨ੍ਹਾਂ ਲਈ ਮੁਸ਼ਕਲ ਖਡ਼੍ਹੀ ਕਰ ਰਹੇ। ਪਟਿਆਲਾ ਦੇਹਾਤੀ ਤੋਂ ਕੈਪਟਨ ਸਰਕਾਰ ’ਚ ਦੋ ਨੰਰ ਦੇ ਅਹੁਦੇ ’ਤੇ ਰਹੇ ਬ੍ਰਹਮ ਮਹਿੰਦਰਾ ਦਾ ਬੇਟਾ ਮੋਹਿਤ ਮਹਿੰਦਰਾ ਲਡ਼ਾਈ ਦਿੰਦਾ ਦਿਖ ਰਿਹਾ ਹੈ।

ਸ਼ਹੀਦਾਂ ਦੀ ਧਰਤੀ ਫਤਹਿਗਡ਼੍ਹ ਸਾਹਿਬ ਜ਼ਿਲ੍ਹੇ ਦੀਆਂ ਤਿੰਨੋ ਸੀਟਾਂ ’ਤੇ ਪਿਛਲੀਆਂ ਚੋਣਾਂ ’ਚ ਕਾਂਗਰਸ ਨੇ ਪਰਚਮ ਲਹਿਰਾਇਆ ਸੀ ਪਰ ਇਸ ਵਾਰੀ ਬੱਸੀ ਪਠਾਣਾ ਸੀਟ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਡਾ. ਮਨੋਹਰ ਸਿੰਘ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਵੋਟ ਕੱਟ ਰਿਹਾ ਹੈ। ਫਤਹਿਗਡ਼੍ਹ ਸਾਹਿਬ ਸੀਟ ’ਤੇ ਕੁਲਜੀਤ ਨਾਗਰਾ ਵਿਧਾਨ ਸਭਾ ਲਈ ਕੀਤੇ ਕੰਮਾਂ ਦੀ ਦੁਹਾਈ ਦੇ ਕੇ ਵੋਟਾਂ ਮੰਗ ਰਹੇ ਹਨ ਤਾਂ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗਡ਼੍ਹ ਦੀ ਅਮਲੋਹ ਸੀਟ ’ਤੇ ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਲਈ ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਖਤ ਟੱਕਰ ਦੇ ਰਹੇ ਹਨ।

ਅਮਲੋਹ ਸੀਟ ਤੋਂ ਦੋ ਰਸਤੇ ਅਲੱਗ-ਅਲੱਗ ਹੁੰਦੇ ਹਨ। ਇਕ ਰਸਤਾ ਜੀਟੀ ਰੋਡ ਤੋਂ ਹੁੰਦਾ ਹੋਇਆ ਲੁਧਿਆਣਾ ਵੱਲ ਜਾਂਦਾ ਹੈ ਤਾਂ ਦੂਜਾ ਕੋਰ ਮਾਲਵਾ ਦੇ ਸੰਗਰੂਰ, ਬਰਨਾਲਾ ਵੱਲ। ਦਿਲਚਸਪ ਗੱਲ ਹੈ ਕਿ ਦੋ ਰਸਤਿਆਂ ’ਤੇ ਪੈਣ ਵਾਲੀਆਂ ਸੀਟਾਂ ’ਤੇ ਲਡ਼ਾਈ ਵੀ ਅਲੱਗ-ਅਲੱਗ ਹੈ। ਸੰਗਰੂਰ-ਬਰਨਾਲਾ ਜ਼ਿਲ੍ਹਿਆਂ ਦੀਆਂ ਸੀਟਾਂ ’ਤੇ ਪਿਛਲੀ ਵਾਰੀ ਵਾਂਗ ਵੋਟਰ ਝਾਡ਼ੂ ਫਡ਼ਨ ਲਈ ਕਾਹਲੇ ਦਿਖਾਈ ਦੇ ਰਿਹਾ ਹੈ ਤਾਂ ਲੁਧਿਆਣਾ ’ਚ ਲਡ਼ਾਈ ’ਚ ਉਹ ਕਿਤੇ ਦਿਖਾਈ ਨਹੀਂ ਦੇ ਰਹੇ। ਇਸ ਸਨਅਤੀ ਸ਼ਹਿਰ ’ਚ ਲਡ਼ਾਈ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੀ ਦਿਖਾਈ ਦੇ ਰਹੀ ਹੈ, ਹਾਲਾਂਕਿ ਸਮਰਾਲਾ ਸੀਟ ’ਤੇ ਕਿਸਾਨ ਅੰਦੋਲਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਜੂਝਦੇ ਦਿਖਾਈ ਦੇ ਰਹੇ ਹਨ। ਲੁਧਿਆਣਾ ਸ਼ਹਿਰੀ ਸੀਟਾਂ ’ਤੇ ਭਾਜਪਾ ਦਾ ਵੀ ਚੰਗਾ ਪ੍ਰਭਾਵ ਹੈ। ਇੱਥੋਂ ਦੇ ਹਿੰਦੂ ਵਰਗ ਨੂੰ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਪਾਰਟੀ ’ਚ ਇਕਜੁੱਟ ਕਰਨ ’ਚ ਕਾਮਯਾਬ ਰਹਿੰਦੇ ਹਨ ਤਾਂ ਨਤੀਜੇ ਕੁਝ ਵੀ ਹੋ ਸਕਦੇ ਹਨ।

ਹੁਣ ਚੱਲਦੇ ਹਾਂ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ’ਚ ਜਿੱਥੇ ਹਾਕਮ ਪਾਰਟੀ ਦੇ ਮੁੱਖ ਮੰਤਰੀ ਚੰਨੀ ਲਡ਼ ਰਹੇ ਹਨ ਤਾਂ ਸੱਤਾ ’ਚ ਆਉਣ ਦਾ ਦਾਅਵਾ ਕਰਨ ਵਾਲੀ ਆਪ ਦੇ ਭਗਵੰਤ ਮਾਨ।

ਪਿਛਲੀਆਂ ਚੋਣਾਂ ਵਿਚ ਇੱਥੋਂ ਕਈ ਸੀਟਾਂ ਕਾਂਗਰਸ ਨੂੰ ਵੀ ਆਈਆਂ ਸਨ। ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਹਾਰੇ ਹੋਏ ਉਮੀਦਵਾਰ ਆਪਣੇ-ਆਪਣੇ ਹਲਕਿਆਂ ’ਚ ਕਰਵਾਏ ਗਏ ਵਿਕਾਸ ਦੀ ਦੁਹਾਈ ਦਿੰਦੇ ਦਿਖਾਈ ਦੇ ਰਹੇ ਹਨ। ਪਰ ਉਨ੍ਹਾਂ ਦੇ ਇਹ ਵਿਕਾਸ ਕੰਮ ਉਨਵਾਂ ਦੇ ਕੰਮ ਨਹੀਂ ਆ ਰਹੇ। ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਲੋਕ ਸਿਹਤ ਮੰਤਰੀ ਰਜ਼ੀਆ ਸੁਲਤਾਨਾ ਵਰਗੇ ਦਿੱਗਜ ਵੀ ਜੂਝਦੇ ਦਿਖਾਈ ਦੇ ਰਹੇ ਹਨ। ਇੱਥੋਂ ਤਕ ਭਦੌਡ਼ ਸੀਟ ਤੋਂ ਲਡ਼ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੀਟ ਵੀ ਇਕਪਾਸਡ਼ ਨਹੀਂ ਹੈ। ਧੂਰੀ ਸੀਟ ਭਗਵੰਤ ਮਾਨ ਦੇ ਆਉਣ ਨਾਲ ਹੌਟ ਹੋ ਗਈ ਹੈ। ਜੇਕਰ ‘ਆਪ’ ਸਰਕਾਰ ਬਣਾਉਂਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਧੂਰੀ ਪੰਜਾਬ ਦੀ ਸਿਆਸਤ ਦੀ ਧੁਰੀ ਬਣ ਜਾਏਗੀ। ਧੂਰੀ ਦੇ ਲੋਕ ਇਸੇ ਉਮੀਦ ’ਚ ਭਗਵੰਤ ਮਾਨ ਦੇ ਨਾਲ ਹਨ ਜਦਕਿ ਉਹ ਇਹ ਵੀ ਕਹਿ ਰਹੇ ਹਨ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਦਲਬੀਰ ਗੋਲਡੀ ਨੇ ਸ਼ਹਿਰ ਦੇ ਬਹੁਤ ਕੰਮ ਕਰਵਾਏ ਹਨ।

ਵਿਜੇ ਇੰਦਰ ਸਿੰਗਲਾ ਸੰਗਰੂਰ ਤੋਂ ਕਾਫ਼ੀ ਬਡ਼੍ਹਤ ਬਣਾ ਰਹੇ ਸਨ ਪਰ ਭਾਜਪਾ ਨੇ ਇੱਥੋਂ ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਨੂੰ ਉਤਾਰ ਕੇ ਉਨ੍ਹਾਂ ਦਾ ਸਾਰਾ ਖੇਡ ਵਿਗਾਡ਼ ਦਿੱਤਾ ਹੈ। ਖੰਨਾ ਦੇ ਆਉਣ ਨਾਲ ਲਡ਼ਾਈ ਤਿਕੋਣੀ ਹੋ ਗਈ ਹੈ। ਸੁਖਦੇਵ ਸਿੰਘ ਢੀਂਡਸਾ ਆਪਣੀ ਪਾਰਟੀ ਬਣਾ ਕੇ ਤੇ ਭਾਜਪਾ ਨਾਲ ਗਠਜੋਡ਼ ਕਰ ਕੇ ਆਪਣੀ ਸਾਖ਼ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਬੇਟੇ ਪਰਮਿੰਦਰ ਸਿੰਘ ਢੀਂਡਸਾ ਤੇ ਬੀਬੀ ਰਾਜਿੰਦਰ ਕੌਰ ਭੱਠਲ ਲਹਿਰਾਗਾਗਾ ਸੀਟ ’ਤੇ ਇਕ ਵਾਰੀ ਮੁਡ਼ ਤੋਂ ਆਹਮੋ-ਸਾਹਮਣੇ ਹਨ। ਇਨ੍ਹਾਂ ਸਾਰੀਆਂ ਸੀਟਾਂ ’ਤੇ ਡੇਰੇ ਦਾ ਵੀ ਚੰਗਾ ਪ੍ਰਭਾਵ ਹੈ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜਬਰ ਜਨਾਹ ਮਾਮਲੇ ’ਚ ਸਜ਼ਾ ਹੋਣ ਤੋਂ ਬਾਅਦ ਡੇਰਾ ਓਨਾ ਸੰਗਠਿਤ ਨਹੀਂ ਰਹਿ ਗਿਆ। ਡੇਰਾ ਦਿਡ਼੍ਹਬਾ ਸੀਟ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਥੋ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੂੰ ਪੁਰਾਣੇ ਕਬੱਡੀ ਖਿਡਾਰੀ ਤੇ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਕਰਡ਼ੀ ਟੱਕਰ ਦੇ ਰਹੇ ਹਨ। ਉਹ ਡੇਰੇ ਦੇ ਪੁਰਾਣੇ ਪੈਰੋਕਾਰ ਵੀ ਹਨ।

ਬਰਨਾਲਾ ਜ਼ਿਲ੍ਹੇ ਦੀਆਂ ਤਿੰਨ ਸੀਟਾਂ ’ਤੇ ਲਡ਼ਾਈ ਦਿਲਚਸਪ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਦੌਡ਼ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਦੇ ਬਰਨਾਲਾ ’ਚ ਉਤਰਣ ਨਾਲ ਲਡ਼ਾਈ ਨੇ ਦਿਲਚਸਪ ਮੋਡ਼ ਲੈ ਲਿਆ ਹੈ। ਬਰਨਾਲਾ ਅਗਰਵਾਲ ਫਿਰਕੇ ਦਾ ਗਡ਼੍ਹ ਹੈ ਤੇ ਉਹ ਇਸ ਫ਼ਿਰਕੇ ਦੇ ਇਕੱਲੇ ਉਮੀਦਵਾਰ ਹਨ। ਪਰ ਉਨ੍ਹਾਂ ਨੂੰ ਭਾਜਪਾ ਦੇ ਧੀਰਜ ਕੁਮਾਰ ਤੋਂ ਵੀ ਟੱਕਰ ਮਿਲ ਰਹੀ ਹੈ। ਜੇਕਰ ਹਿੰਦੂ ਭਾਈਚਾਰਾ ਭਾਜਪਾ ਨੂੰ ਸਮਰਥਨ ਦੇ ਗਿਆ ਤਾਂ ਮਨੀਸ਼ ਬਾਂਸਲ ਲਈ ਮੁਸ਼ਕਲਾਂ ਖਡ਼੍ਹੀਆਂ ਹੋ ਸਕਦੀਆਂ ਹਨ। ਭਦੌਡ਼ ’ਚ ਚੰਨੀ ਦੇ ਖਡ਼੍ਹੇ ਹੋਣ ਨਾਲ ਆਸਪਾਸ ਦੀਆਂ ਸੀਟਾਂ ’ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਬਠਿੰਡਾ ਜ਼ਿਲ੍ਹੇ ’ਚ ਪਿਛਲੀਆਂ ਚੋਣਾਂ ਵਾਂਗ ਇਸ ਵਾਰੀ ਵੀ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਪਿਛਲੀਆਂ ਚੋਣਾਂ ’ਚ ਤਿੰਨ ਸੀਟਾਂ ‘ਆਪ’ ਨੂੰ ਤੇ ਤਿੰਨ ਹੀ ਕਾਂਗਰਸ ਨੂੰ ਮਿਲੀਆਂ ਸਨ। ਇਸ ਵਾਰੀ ਅਕਾਲੀ ਦਲ ਤੇ ਕਿਸਾਨ ਸਮਾਜ ਮੋਰਚਾ ਵੀ ਇਸ ਜ਼ਿਲ੍ਹੇ ’ਚ ਕ੍ਰਮਵਾਰ ਰਾਮਪੁਰਾ ਫੂਲ ਤੇ ਮੌਡ਼ ’ਚ ਆਪਣਾ ਖਾਤਾ ਖੋਲ੍ਹਦੇ ਨਜ਼ਰ ਆ ਰਹੇ ਹਨ। ਖ਼ੁਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਨਾਲ ਘਿਰੇ ਹੋਏ ਹਨ। ਖ਼ਾਸ ਤੌਰ ’ਤੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਹੀ ਪਾਰਟੀ ਕਾਂਗਰਸ ਦੇ ਸਭ ਤੋਂ ਸੀਨੀਅਰ ਕੌਂਸਲਰ ਜਗਰੂਪ ਗਿੱਲ ਤੋਂ ਕਰਡ਼ੀ ਚੁਣੌਤੀ ਮਿਲ ਰਹੀ ਹੈ ਜਦਕਿ ਅਕਾਲੀ ਦਲ ਦੇ ਲੋਕ ਮਨਪ੍ਰੀਤ ਬਾਦਲ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਜਿਸ ਨਾਲ ਅਕਾਲੀ ਦਲ ਦੇ ਉਮੀਦਵਾਰ ਦਾ ਮਨੋਬਲ ਟੁੱਟਾ ਹੋਇਆ ਹੈ।

ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਵੱਡੇ ਪਰਿਵਾਰਾਂ ਦੀ ਲਡ਼ਾਈ ਹੈ। ਮੁਕਤਸਰ ਜ਼ਿਲ੍ਹੇ ਦੇ ਲੰਬੀ ਤੋਂ 95 ਸਾਲਾਂ ਦੇ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਮੈਦਾਨ ’ਚ ਹਨ। ਉਹ ਪੂਰੇ ਦੇਸ਼ ਦੇ ਸਭ ਤੋਂ ਬਜ਼ੁਰਗ ਉਮੀਦਵਾਰ ਹਨ। ਮੁਕਤਸਰ ’ਚ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾਡ਼ ਦੀ ਨੂੰਹ ਕਰਨ ਕੌਰ ਬਰਾਡ਼ ਦੀ ਸਾਖ਼ ਦਾਅ ’ਤੇ ਹੈ। ਉਹ ਪਿਛਲੀ ਚੋਣ ਵੀ ਹਾਰ ਗਏ ਸਨ ਤੇ ਇਸ ਵਾਰੀ ਉਨ੍ਹਾਂ ਨੂੰ ਟਿਕਟ ਬਹੁਤ ਮੁਸ਼ਕਲ ਨਾਲ ਮਿਲੀ ਹੈ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਸੀਟ ’ਤੇ ਜਾਖਡ਼ ਪਰਿਵਾਰ ਦੀ ਸਾਖ਼ ਦਾਅ ’ਤੇ ਹੈ। ਇੱਥੇ ਉਹ ਤਿਕੋਣੇ ਮੁਕਾਬਲੇ ’ਚ ਘਿਰੇ ਹੋਏ ਹਨ ਜਦਕਿ ਬਾਦਲ ਪਰਿਵਾਰ ਦੇ ਫਰਜੰਦ ਸੁਖਬੀਰ ਬਾਦਲ ਜਲਾਲਾਬਾਦ ਤੋਂ ਹੀ ਮੁਡ਼ ਕਿਸਮਤ ਆਜ਼ਮਾ ਰਹੇ ਹਨ।

ਕੋਵਿਡ ਕਾਰਨ ਬੇਸੁਰੀ ਹੋਈ ਚੋਣ

ਕੋਵਿਡ ਕਾਰਨ ਚੋਣ ਕਮਿਸ਼ਨ ਨੇ ਕਿਉਂਕਿ ਬਹੁਤ ਪਾਬੰਦੀਆਂ ਲਗਾਈਆਂ ਹੋਈਆਂ ਹਨ, ਇਸ ਲਈ ਚੋਣਾਂ 2017 ਦੇ ਮੁਕਾਬਲੇ ਕਾਫ਼ੀ ਬੇਸੁਰੀਆਂ ਹਨ। ਇੱਥੋਂ ਤਕ ਕਿ ਉਨ੍ਹਾਂ ਸੀਟਾਂ ’ਤੇ ਵੀ ਕੋਈ ਦਿਲਚਸਪੀ ਨਹੀਂ ਹੈ ਜਿੱਥੇ ਤਿਕੋਣੇ ਮੁਕਾਬਲੇ ਹੋ ਰਹੇ ਹਨ ਤੇ ਕੋਈ ਨਹੀਂ ਕਹਿ ਸਕਦਾ ਕਿ ਸੀਟ ਕਿਸ ਨੂੰ ਜਾਵੇਗੀ।

Share This :

Leave a Reply