ਨਵੀਂ ਦਿੱਲੀ, ਮੀਡੀਆ ਬਿਊਰੋ:
ਪੰਜ ਸੂਬਿਆਂ ’ਚ ਹਾਰ ਤੋਂ ਬਾਅਦ ਕਾਂਗਰਸ ਨੂੰ ਸਿਆਸੀ ਸੰਕਟ ਤੋਂ ਕੱÎਢਣ ਲਈ ਪਾਰਟੀ ਕਾਰਜਕਾਰਨੀ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਗਠਨ ਦੇ ਹਰ ਪੱਧਰ ’ਤੇ ਫੌਰੀ ਬਦਲਾਅ ਕਰਨ ਦੀ ਖੁੱਲ੍ਹੀ ਛੋਟ ਭਾਵੇਂ ਦੇ ਦਿੱਤੀ ਹੋਵੇ ਪਰ ਹਾਈ ਕਮਾਨ ਨੂੰ ਇਨ੍ਹਾਂ ਸੂਬਿਆਂ ’ਚ ਬਦਲਾਅ ਕਰਨ ’ਚ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਪੰਜਾਬ ’ਚ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਤੋਂ ਠੀਕ ਪਹਿਲਾਂ ਕਮਾਨ ਸੌਂਪਣ ਦੇ ਨਾਕਾਮ ਪ੍ਰਯੋਗ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ ਦੇ ਫੇਰਬਦਲ ’ਚ ਲੀਡਰਸ਼ਿਪ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੀ। ਕਾਂਗਰਸ ਦੇ ਲੰਬੇ ਸਿਆਸੀ ਸੰਘਰਸ਼ ਦੀ ਰਾਹ ਨੂੰ ਦੇਖਦੇ ਹੋਏ ਸਟਾਰਡਮ ਵਾਲੇ ਵੱਡੇ ਚਿਹਰਿਆਂ ਦੀ ਜਗ੍ਹਾ ਨੌਜਵਾਨ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮਣੀਪੁਰ ਤੇ ਗੋਆ ’ਚ ਕਾਂਗਰਸ ’ਚ ਹੋਏ ਬਦਲਾਅ ਇਸੇ ਵੱਲ ਇਸ਼ਾਰਾ ਕਰ ਰਹੇ ਹਨ।
ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਤੁਰੰਤ ਬਾਅਦ ਸੋਨੀਆ ਗਾਂਧੀ ਨੇ ਪੰਜ ਸੂਬਿਆਂ- ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਦੇ ਸੂਬਾਈ ਪ੍ਰਧਾਨਾਂ ਦਾ ਅਸਤੀਫ਼ਾ ਤੁਰੰਤ ਮੰਗ ਲਿਆ ਸੀ ਪਰ ਤਿੰਨ ਹਫ਼ਤਿਆਂ ਬਾਅਦ ਪਿਛਲੇ ਦੋ ਦਿਨਾਂ ’ਚ ਗੋਆ ਤੇ ਮਣੀਪੁਰ ਦੀ ਜਥੇਬੰਦਕ ਤਬਦੀਲੀ ਨੂੰ ਹੀ ਅਮਲੀ ਜਾਮਾ ਪਹਿਨਾਇਆ ਗਿਆ ਹੈ। ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਵਿਦਾਈ ਦੀ ਕੀਮਤ ’ਤੇ ਨਵਜੋਤ ਸਿੰਘ ਸਿੱਧੂ ’ਤੇ ਦਾਅ ਲਗਾਉਣ ਨੂੰ ਲੈ ਕੇ ਅਸੰਤੁਸ਼ਟ ਖੇਮੇ ਦੇ ਆਗੂਆਂ ਨੇ ਸਵਾਲ ਵੀ ਚੁੱਕਿਆ ਸੀ ਪਰ ਲੀਡਰਸ਼ਿਪ ਨੇ ਉਦੋਂ ਇਸ ਦੀ ਪਰਵਾਹ ਨਹੀਂ ਕੀਤੀ ਸੀ।