ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਸਰਕਾਰ ਵੱਲੋਂ ਦੋ ਕਿੱਲੋਵਾਟ ਤੱਕ ਲੋਡ ਦੇ ਬਿਜਲੀ ਖੱਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲਾ ਬਕਾਇਆ ਮੁਆਫ਼ ਕਰਨ ਅਤੇ ਕੱਟੇ ਕੁਨੈਕਸ਼ਨ ਦੁਬਾਰਾ ਜੋੜਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਇਥੋਂ ਦੇ ਵਾਰਡ ਨੰਬਰ 03 ਵਿਖੇ ਬਿਜਲੀ ਵਿਭਾਗ ਵੱਲੋਂ ਐਸ. ਡੀ. ਓ. ਇੰਜ. ਰਜਿੰਦਰ ਕੁਮਾਰ ਦੀ ਅਗਵਾਈ ਹੇਠਾਂ ਕੈਂਪ ਲਾਇਆ ਗਿਆ। ਕੈਂਪ ਦੌਰਾਨ 60 ਖੱਪਤਕਾਰਾਂ ਵੱਲੋਂ ਫਾਰਮ ਭਰੇ ਗਏ, ਜਿਨ੍ਹਾਂ ਨੂੰ ਵਾਰਡ ਕੌਂਸਲਰ ਅੰਜਨਜੀਤ ਕੌਰ ਨੇ ਤਸਦੀਕ ਕੀਤਾ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਕਿਹਾ ਕਿ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਦੋ ਕਿਲੋਵਾਟ ਤੱਕ ਦੇ ਗਰੀਬ ਲੋਕਾਂ ਦੇ 29 ਸਤੰਬਰ ਤੱਕ ਜਾਰੀ ਹੋਏ ਬਿੱਲਾਂ ਦੀ ਕਰੰਟ ਰਕਮ ਹੀ ਵਸੂਲੀ ਜਾਵੇਗੀ ਅਤੇ ਇਨ੍ਹਾਂ ਬਿੱਲਾਂ ਵਿਚ ਦਰਸਾਈ ਪਿਛਲੇ ਚੱਕਰ ਤੱਕ ਦੀ ਬਕਾਇਆ ਰਕਮ ਵਿਭਾਗ ਵੱਲੋਂ ਮੁਆਫ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੱਟੇ ਗਏ ਕੁਨੈਕਸ਼ਨ ਮੁੜ ਬਹਾਲ ਕਰਨ ਲਈ ਖਰਚਾ ਵੀ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਇਸ ਮੌਕੇ ਰਾਜੇਸ਼ ਕੁਮਾਰ, ਸੁਖਵਿੰਦਰ ਸਿੰਘ, ਸੁੱਖਾ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਇਥੋਂ ਦੇ ਵਾਰਡ ਨੰਬਰ 29 ਵਿਖੇ ਲਾਏ ਕੈਂਪ ਦੌਰਾਨ 75 ਵਿਅਕਤੀਆਂ ਦੇ ਬਿਜਲੀ ਮੁਆਫ਼ੀ ਸਬੰਧੀ ਫਾਰਮ ਭਰੇ ਗਏ।