ਪੰਜਾਬ ਭਾਰਤ ਦਾ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ ਨਾਲ ਇਕ ਪ੍ਰਤੀ ‘ਜੀਅ’ ਆਮਦਨ ਦੇ ਹਿਸਾਬ ਨਾਲ ਭਾਰਤ ਦਾ ਮੋਹਰੀ ਸੂਬਾ ਰਿਹਾ ਹੈ। ਇਥੋਂ ਦੇ ਸਬਰ ਸੰਤੋਖੀ, ਸਾਦੇ-ਮੁਰਾਦੇ ਅਤੇ ਅਣਖੀਲੇ ਕਿਸਾਨ ਭਾਰਤ ਅਤੇ ਵਿਦੇਸ਼ਾਂ ਵਿਚ ਜਾਣੇ ਜਾਂਦੇ ਹਨ। ਕੁਦਰਤੀ ਕਰੋਪੀਆਂ, ਸੋਕਾ, ਹੜ੍ਹ, ਗੜ੍ਹੇਮਾਰੀ ਤੇ ਹੋਰ ਪਸ਼ੂ-ਧੰਨ ਆਦਿ ਦਾ ਨੁਕਸਾਨ ਉਹ ਆਪਣੇ ਮਜਬੂਤ ‘ਜਿਗਰੇ’ ਨਾਲ ਸਹਿ ਲੈਂਦੇ ਸਨ ਤੇ ਕਿਸੇ ਅੱਗੇ ਹੱਥ ਅੱਡਣਾ ਆਪਣੀ ਅਣਖ ਨੂੰ ਵੰਗਾਰ ਸਮਝਦੇ ਸਨ। ਕਿਸੇ ਵੀ ਪ੍ਰਕਾਰ ਦਾ ਕਜੀਆ-ਕਲੇਸ਼ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ, ਕਿਸਾਨ ਦੇ ‘ਜਿਗਰੇ’ ਦੀ ਗੱਲ ਵੀ ਆਮ ਚਲਦੀ ਸੀ। ਗਰੀਬ ਗਰੁਬੇ ਨੂੰ ਵੀ ਕਿਸਾਨ ਦੇ ਘਰ ਦੀ ਆਸ ਹੁੰਦੀ ਸੀ ਤੇ ਖੁਸ਼ਹਾਲ ਜੀਵਨ ਜਿਉਂਦੇ ਸਨ।
ਪਰ ਅਜੋਕੇ ਸਮੇਂ ਵਿਚ ਇਹ ਤਸਵੀਰ ਉਕਾ ਹੀ ਬਦਲ ਚੁੱਕੀ ਹੈ। ਉਹ ਅੱਜ ਸਮੇਂ ਦੇ ਹਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਕਾਰੋਬਾਰ ਖੇਤੀਬਾੜੀ, ਆਪਣੀ ਔਲਾਦ ਦੀ ਬਿਹਤਰੀ ਤੇ ਹੋਰ ਸਮਾਜ ਭਲਾਸੀ ਦੇ ਕੰਮਾਂ ਤੋਂ ਮੁੱਖ ਮੋੜ ਕੇ ਧਰਨੇ ਮੁਜ਼ਾਹਰਿਆਂ ਵਿਚ ਉਲਝ ਕੇ ਰਹਿ ਗਏ ਹਨ। ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਕਿਹੜੇ ਗਲਤ ਰਸਤੇ ਅਖਤਿਆਰ ਲੈਂਦੇ ਹਨ, ਫਿਰ ਉਨ੍ਹਾਂ ਨੂੰ ਬੱਚਿਆਂ ਦੁਆਰਾ ਕੀਤੇ ਭੰਨਤੋੜ, ਖੂਨ-ਖਰਾਬੇ, ਮਾਰ-ਕੁਟਾਈ, ਖੋਹ-ਖਿੱਚ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਰਗੀਆਂ ਕੋਝੀਆਂ ਹਰਕਤਾਂ ਦਾ ਪਤਾ ਅਖਬਾਰਾਂ ਦੀਆਂ ਖਬਰਾਂ, ਟੀਵੀ ਚੈਨਲਾਂ ਜਾਂ ਪੁਲਿਸ ਸਟੇਸ਼ਨਾਂ ਵਿਚ ਦਰਜ ਹੋਏ ਪਰਚਿਆਂ ਤੋਂ ਹੀ ਲੱਗਦਾ ਹੈ। ਉਸ ਸਮੇਂ ਤੱਕ ਪਾਣੀ ਬਹੁਤ ਹੱਦ ਤੱਕ ਸਿਰੋਂ ਲੰਘ ਚੁੱਕਾ ਹੁੰਦਾ ਹੈ। ਮਾਪਿਆਂ ਦੀ ਚਿੰਤਾਂ ਦਾ ਕਾਰਨ ਆਪਣੀ ਔਲਾਦ ਦੁਆਰਾ ਘਰ ਦੇ ਲੋੜੀਂਦੇ ਕੰਮ ਨਾ ਕਰਕੇ ਮਾੜੇ ਕੰਮਾਂ ਵਿਚ ਸ਼ਮੂਲੀਅਤ ਅਤੇ ਮਾਪਿਆਂ ਵਲੋਂ ਮੁੱਖ ਮੋੜ ਚੁੱਕੇ ਨੌਜ਼ਵਾਨ ਜੋ ਸ਼ਰੇਆਮ ਸੜਕਾਂ ‘ਤੇ ਸਿਨੇਮਾਘਰਾਂ, ਸ਼ਰਾਬ ਦੇ ਠੇਕਿਆਂ, ਮੈਡੀਕਲ ਸਟੋਰਾਂ, ਪੁਲਿਸ ਸਟੇਸ਼ਨਾਂ, ਜੂਏ ਦੇ ਅੱਡਿਆਂ ‘ਤੇ ਘੁੰਮਦੇ ਵਿਖਾਈ ਦਿੰਦੇ ਹਨ।
ਇਹ ਨੌਜ਼ਵਾਨ ਫੋਕੀ ਸ਼ੋਹਰਤ ਦੇ ਚੱਲਦੇ ਮੀਡੀਆ ਵਿਚ ਵੱਜਦੇ ਗਾਣ, ਪਹਿਰਾਵੇ ਤੇ ਖੜਮਸਤੀਆਂ ਤੋਂ ਸਹਿਜੇ ਹੀ ਪ੍ਰੇਰਿਤ ਹੋ ਜਾਂਦੇ ਹਨ ਅਤੇ ਆਪ ਵੀ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਲੰਡੀਆਂ-ਜੀਪਾਂ, ਸ਼ਰਾਬ ਦੇ ਪੈਗ, ਸਿਗਰਟਾਂ ਦੇ ਕਸ਼, ਹੱਥਾਂ ਵਿਚ ਮਾਰੂ ਹਥਿਆਰ, ਲੰਬੇ ਕੁੜਤੇ, ਕੁੰਡੀਆਂ ਮੁੱਛਾਂ, ਮਾਣ ਨਾਲ ਟੇਢੀਆਂ-ਮੇਢੀਆਂ ਪੁਲਾਂਘਾ ਪੁੱਟ ਕੇ ਸਮਾਜ ਉਪਰ ਰੋਅਬ ਪਾਇਆ ਜਾ ਸਕਦਾ ਹੈ। ਇਸ ਜੀਵਨ ਦਾ ਅਨੰਦ ਉਠਾਇਆ ਜਾ ਸਕਦਾ ਹੈ। ਇਸ ਦਾ ਉਨ੍ਹਾਂ ਦੀ ਅੱਲੜ ਉਮਰ ਦੀਆਂ ਭਾਵਨਾਵਾਂ ਉਪਰ ਬਹੁਤ ਡੁੰਘਾ ਪ੍ਰਭਾਵ ਪੈਂਦਾ ਹੈ। ਜਿਸ ਦਾ ਨਤੀਜਾ ਘਰ ਦੀ, ਸਮਾਜ ਦੀ, ਦੇਸ਼/ਪ੍ਰਾਂਤ ਦੀ ਤਬਾਹੀ ਹੀ ਤਬਾਹੀ ਨਿਕਲਦਾ ਹੈ। ਪੰਜਾਬ ਦੇ ਸਭ ਵਰਗਾਂ ਦੇ ਨੌਜ਼ਵਾਨ ਮਨਚਲੇ ਲੜਕੇ ਲੜਕੀਆਂ ਇਸ ਜੀਵਨ ਦਾ ਆਨੰਦ ਮਾਨਣ ਲਈ ਉਤਾਵਲੇ ਰਹਿੰਦੇ ਹਨ। ਮਾੜੇ ਖਾਸ ਤੌਰ ਤੇ ਚੰਗੇ ਮਾੜੇ ਕੰਮਾਂ ਦੀ ਨਕਲ ਕਰਨਾ ਮਨੁੱਖੀ ਪ੍ਰਵਿੱਤਰੀ ਹੈ।
ਪਰ ਬਹੁਤ ਹੀ ਅਫਸੋਸ ਦੀ ਗੱਲ ਕਿ ਹੁਣ ਪੰਜਾਬ ਦਾ ਉਪਰੋਂ ਬਹੁਤ ਹੀ ਆਕਰਸ਼ਕ ਦਿਸਣ ਵਾਲਾ ਰੂਪ ਅੰਦਰੋਂ ਅੰਦਰੀ ਖੋਖਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕੀ ਕਾਰਨ ਹੈ ਕਿ ਜਿਸ ਤਰ੍ਹਾ ਸਿਉਂਕ ਲੱਗੀ ਲੱਕੜ ਉਪਰੋਂ ਦੇਖਣ ਵਿਚ ਤਾਂ ਉਨੀ ਹੀ ਮਜ਼ਬੂਤ ਦਿਖਾਈ ਦਿੰਦੀ ਹੈ। ਪਰ ਜਰ੍ਹਾਂ ਜਿੰਨਾਂ ਜ਼ੋਰ ਪੈ ਜਾਣ ਤੇ ਚਕਨਾਚੂਰ ਹੋ ਜਾਂਦੀ ਹੈ। ਇਸੇ ਤਰ੍ਹਾ ਹੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਸਿਉਂਕ ਦੇ ਭੇਟ ਚੜ੍ਹ ਰਹੀ ਹੈ। ਉਪਰੋਂ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਦਿੱਸਣ ਵਾਲੇ ਨੌਜ਼ਵਾਨ ਲੜਕੇ ਤੇ ਲੜਕੀਆਂ ਨਸ਼ੇ ਦੀ ਬੇਹਿਸਾਬ ਵਰਤੋਂ ਕਰਨ ਕਰਕੇ ਅੰਦਰੋਂ ਖੋਖਲੇ ਹੋ ਚੁੱਕੇ ਹਨ।
”ਸੱਜਰਾ ਫੁੱਲ ਕਿਉਂ ਅੱਜ ਰੋਇਆ ਰੋਇਆ ਲੱਗਦਾ ਏ”
”ਕਿਸੇ ਕੰਡਿਆਂ ਵਿਚ ਪਰੋਇਆ ਲੱਗਦਾ ਏ”
ਆਮ ਤੌਰ ‘ਤੇ ਨਸ਼ਾ ਸ਼ੁਰੂ ਕਰਨ ਦੀ ਕੋਈ ਵੀ ਉਮਰ ਨਿਰਧਾਰਿਤ ਨਹੀਂ ਹੁੰਦੀ, ਪਤਾ ਹੀ ਨਹੀਂ ਲੱਗਦਾ ਕਿ ਬੱਚੇ ਕਿਹੜੇ ਵੇਲੇ ਨਸ਼ਾ ਕਰਨਾ ਆਰੰਭ ਕਰ ਦਿੰਦੇ ਹਨ। ਜਿਆਦਾਤਰ ਐਕਟਿਵ, ਤੇਜ਼ ਤਰਾਰ, ਸਮਰਪਿਤ ਉਦਾਰਚਿੱਤ ਤੇ ਆਸ਼ਾਵਾਦੀ ਬੱਚੇ ਹੀ ਜ਼ਿਆਦਾ ਨਸ਼ੇ ਦੀ ਲਪੇਟ ਵਿਚ ਆਉਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਈ ਵਾਰ ਕਿਸੇ ਅਜਿਹੀ ਗੱਲ ਤੋਂ ਉਨ੍ਹਾਂ ਦੀਆਂ ਨਾਜ਼ੁਕ ਭਾਵਨਾਵਾਂ ਨੂੰ ਚੋਟ ਪਹੁੰਚਦੀ ਹੈ ਕਿ ਉਹ ਇਸ ਨਸ਼ੇ ਰੂਪੀ ਦੈਂਤ ਦੀ ਲਪੇਟ ਵਿਚ ਆ ਜਾਂਦੇ ਹਨ। ਆਪਣੀ ਚੰਗਿਆਈ ਅਤੇ ਆਪਣੀ ਹੋਣ ਹਾਰ ਪ੍ਰਤਿਭਾ ਲਗਭਗ ਗੁਆ ਹੀ ਲੈਂਦੇ ਹਨ। ਮਾਪੇ, ਸਾਥੀ ਤੇ ਅਧਿਆਪਕ ਵੀ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਐਸਾ ਕੀ ਵਾਪਰਿਆ ਕਿ ਹਰ ਸਮੇਂ ਚਹਿਕਦਾ ਰਹਿਣ ਵਾਲਾ ਵਿਅਕਤੀ ਇਕਦਮ ਖਾਮੋਸ਼ ਕਿਉਂ ਹੋ ਗਿਆ, ਫਿਰ ਹੌਲੀ ਹੌਲੀ ਅਸਰ ਉਸ ਵਿਅਕਤੀ ਦੇ ਵਿਅਕਤੀਤਵ ਤੇ ਵੀ ਪੈਣਾ ਸੁਭਾਵਿਕ ਹੀ ਹੋ ਜਾਂਦਾ ਹੈ। ਉਹ ਵਿਅਕਤੀ ਇੰਨੇ ਜ਼ਿਆਦਾ ਸਵਾਰਥੀ ਹੋ ਜਾਂਦੇ ਹਨ… ਉਨ੍ਹਾਂ ਲੋਕਾਂ ਵਿਨਾਸ਼ ਦੇਖਣ ਲਈ… ਜਿੰਨ੍ਹਾਂ ਨੇ ਉਨ੍ਹਾਂ ਦੀ ਜਿੰਦਗੀ ਨੂੰ ਤਹਿਸ ਨਹਿਸ਼ ਕਰ ਦਿੱਤੇ ਹੋਵੇ। ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੋਵੇ।
ਸਭ ਤੋਂ ਪਹਿਲਾਂ ਤਾਂ ਇਸ ਦੇ ਕਾਰਨਾਂ ਦਾ ਸਪੱਸ਼ਟ ਹੋਣਾ ਜਰੂਰੀ ਹੈ ਕਿ ਸਾਡੇ ਨੌਜ਼ਵਾਨ ਨਸ਼ੇ ਵੱਲ ਖਿੱਚੇ ਕਿਉਂ ਜਾ ਰਹੇ ਹਨ? ਕਿਉਂਕਿ ਇਨ੍ਹਾਂ ਨੂੰ ਉਸ ਵਿਚ ਹੀ ਜੰਨਤ ਨਜ਼ਰ ਆਉਂਦੀ ਹੈ? ਕਿਉਂਕਿ ਇਹ ਆਪਣੇ ਮਾਂ ਬਾਪ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਅਧਿਆਪਕਾਂ, ਭਾਵ ਹਰ ਰਿਸ਼ਤੇ ਤੋਂ ਦੂਰੀ ਬਣਾ ਲੈਂਦੇ ਹਨ ਅਤੇ ਸਿਰਫ ਇਸੇ ਦਰਿਆ ਵਿਚ ਹੜ੍ਹ ਜਾਂਦੇ ਹਨ। ਜਿਸ ਦਾ ਮੰਜਿਲ ਰਹਿਤ ਵਹਿਣ ਇਨ੍ਹਾਂ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਹੈ।
ਆਮ ਤੌਰ ‘ਤੇ 10-14, 15 ਤੋਂ 16 ਅਤੇ 17 ਤੋਂ 20 ਸਾਲ ਦੀ ਇਹ ਉਮਰ ਇਨ੍ਹਾਂ ਬੱਚਿਆਂ ਦੀ ਸਰੀਰਕ, ਮਾਨਸਿਕ, ਭਾਵਨਾਮਿਕ ਵਿਚਾਰਾਂ ਦੀ ਤਬਦੀਲੀ ਦਾ ਸਮਾਂ ਹੁੰਦਾ ਹੈ। ਇਸ ਉਮਰ ਵਿਚ ਬੱਚਿਆਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨਾਲ ਕੀ ਵਾਪਰ ਰਿਹਾ ਹੈ? ਉਹ ਸਿਰਫ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਕੁਝ ਅਜਿਹਾ ਹੋ ਰਿਹਾ ਹੈ?.. ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬੱਚੇ ਅਜਿਹੀ ਦਲਦਲੀ ਸਥਿਤੀ ਵਿਚ ਫਸ ਜਾਂਦੇ ਹਨ.. ਕਿ ਉਨ੍ਹਾਂ ਦਾ ਮਨ ਕਰਦਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਆਪਣੀ ਗੱਲ ਸਾਂਝੀ ਕਰਨ, ਜੋ ਉਨ੍ਹਾਂ ਨੂੰ ਧਿਆਨ ਪੂਰਵਕ ਸੁਣੇ, ਸਮਝੇ ਅਤੇ ਇਸ ਦਾ ਹੱਲ ਸਕਾਰਤਮਿਕ ਢੰਗ ਨਾਲ ਦੇਵੇ ਕਿ ਉਨ੍ਹਾਂ ਦੀ ਚਿੰਤਾਂ, ਅਣਜਾਣ ਜਿਹਾ ਡਰ, ਆਪਣੇ ਤੋਂ ਹੋਣ ਵਾਲਾ ਸ਼ੱਕ ਜਿਹਾ ਕਿ ਮੈਨੂੰ ਕੀ ਹੋ ਗਿਆ ਹੈ? ਜਿਹਾ ਡਰ ਲਹਿ ਜਾਵੇ ਅਤੇ ਉਹ ਆਪਣੇ ਇਸ ਬੋਝ ਤੋਂ ਮੁਕਤੀ ਪਾ ਲੈਣ।
ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਵਿਅਕਤੀ ਲੱਭਿਆ ਕਿਥੋਂ ਜਾਵੇ? ਜੋ ਇਸ ਤਰ੍ਹਾਂ ਦੀ ਸਮਝਦਾਰੀ ਦਿਖਾਵੇ.. ਇਥੇ ਮਾਪਿਆਂ ਦੀ ਜੋ ਸਭ ਤੋਂ ਵੱਧ ਗਲਤੀ ਹੁੰਦੀ ਹੈ, ਉਹ ਇਹ ਹੈ ਕਿ ਉਹ ਬੱਚਿਆਂ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦੇ। ਕਿਉਂਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਬੱਚੇ ਵਿਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਹ ਉਸ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਜਿਸ ਤਰ੍ਹਾਂ ਦਾ ਉਸ ਦੇ ਬਚਪਨ ਵਿਚ ਕਰਦੇ ਆਏ ਹਨ। ਪਰ ਬੱਚੇ ਵਿਚ ਆ ਰਹੀਆਂ ਸਰੀਰਕ ਮਾਨਸਿਕ ਤਬਦੀਲੀਆਂ ਵੱਲ ਧਿਆਨ ਹੀ ਨਹੀਂ ਕੀਤਾ ਜਾਂਦਾ। ਕਈ ਵਾਰ ਤਾਂ ਮਾਵਾਂ ਇੰਨੀਆਂ ਅਣਭੋਲ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰ ਰਹੀਆਂ ਹਨ?
ਇਸੇ ਦੇ ਤਹਿਤ ਹੀ ਇਕ ਘਰ ਵਿਚ ਬੱਚਾ ਆਪਣੀ ਮਾਂ ਦੇ ਅੱਗੇ-ਅੱਗੇ ਭੱਜ ਰਿਹਾ ਸੀ। ਉਸ ਦੀ ਮਾਂ ਉਸ ਬੱਚੇ ਨੂੰ ਫੜਣ ਦਾ ਯਤਨ ਕਰ ਰਹੀ ਸੀ ਤਾਂ ਜੋ ਉਹ ਉਸ ਨੂੰ ਬਾਹਰ ਨੁਹਾ ਸਕੇ। ਇਹ ‘ਨੋਟੰਕੀ’ ਕਾਫੀ ਦੇਰ ਚੱਲਦੀ ਰਹੀਆਂ ਮਾਂ ਅੱਗੇ ਬੱਚਾ ਪਿਛੇ, ਕਦੇ ਬੱਚਾ ਅੱਗੇ ਮਾਂ ਪਿਛੇ… ਇੰਨੇ ਵਿਚ ਹੀ ਬੱਚੇ ਦਾ ਪਿਤਾ ਘਰ ਦੇ ਅੰਦਰ ਦਾਖਲ ਹੋਇਆ। ਉਸ ਨੇ ਮਾਂ ਬੇਟੇ ਤੋਂ ਪੁੱਛਿਆ ਕਿ ਅਸਲ ਵਿਚ ਮਾਜਰਾ ਕੀ ਹੈ?… ਬੇਟੇ ਨੇ ਕਿਹਾ ਕਿ ਪਾਪਾ ਮੰਮੀ ਮੈਨੂੰ ਨਹਾਉਣਾ ਚਾਹੁੰਦੀ ਹੈ, ਬਾਹਰ ਹੀ ਨਹਾਉਣਾ… ਮੈਂ ਹੁਣ ਵੱਡਾ ਹੋ ਗਿਆ ਹਾਂ ਤੇ ਮੇਰੇ ਸਾਥੀ ਵੀ ਬਾਥਰੂਮ ਦੇ ਅੰਦਰ ਕੁੰਡੀ ਮਾਰ ਕੇ ਨਹਾਉਂਦੇ ਹਨ। ਮੈਂ ਵੀ ਅੰਦਰੋਂ ਕੁੰਡੀ ਮਾਰ ਕੇ ਖੁਦ ਨਹਾਵਾਂਗਾ। ਪਿਤਾ ਬਹੁਤ ਹੀ ਸਮਝਦਾਰ ਸੀ ਉਸ ਨੇ ਉਸ ਦੀ ਮਾਂ ਨੂੰ ਸਮਝਾਇਆ ਹੁਣ ਆਪਣਾ ਪੁੱਤਰ ਵੱਡਾ ਹੋ ਗਿਆ ਹੈ। ਇਸ ਨੂੰ ਨਹਾਉਣਾ ਆ ਗਿਆ ਹੈ, ਚੱਲ ਨਹਾਉਣ ਦੇ ਆਪੇ ਹੀ… ਜੇਕਰ ਪਿਤਾ ਸਮਝਦਾਰੀ ਨਾ ਦਿਖਾਉਂਦਾ ਤਾਂ ਮਾਂ ਨੇ ਨਹਾਉਣ ਪਿਛੇ ਬੱਚੇ ਨੂੰ ਕੁੱਟਣਾ ਮਾਰਨਾ ਸੀ ਅਤੇ ਬੱਚੇ ਦੇ ਮਨ ਉਪਰ ਗਹਿਰਾ ਪ੍ਰਭਾਵ ਪੈ ਜਾਣਾ ਸੀ, ਉਸ ਵਿਚ ਉਦਾਸੀ, ਗੁੱਸਾ, ਚਿੰਤਾਂ ਤੇ ਸ਼ਰਮ ਜਿਹੇ ਗੁਪਤ ਰੋਗਾਂ ਨੇ ਉਸ ਦੇ ਮਨ ਉਪਰ ਪ੍ਰਭਾਵ ਪਾ ਲੈਣਾ ਸੀ। ਫਿਰ ਉਸ ਨੇ ਇਸ ਵਿਚੋਂ ਨਿਕਲਣ ਲਈ ਕਿਸੇ ਐਸੀ ਵਸਤੂ ਦੀ ਤਲਾਸ਼ ਕਰਨੀ ਸੀ, ਜਿਹੜੀ ਉਸ ਨੂੰ ਕੁਝ ਸਮੇਂ ਲਈ ਇਸ ਚਿੰਤਾ ਉਦਾਸੀ ਤੇ ਗੁੱਸੇ ਤੋਂ ਮੁਕਤੀ ਦਵਾਉਂਦੀ।
ਹੁਣ ਜੋ ਗੱਲ ਸਭ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਬੱਚੇ ਘੁੱਟਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਘੁੱਟਣ ਜੋ ਨਾ ਤਾਂ ਮਰਨ ਦਿੰਦੀ ਹੈ ਤੇ ਨਾ ਹੀ ਜਿਉਣ, ਬੱਚੇ ਜੋ ਕਰਨਾ ਚਾਹੁੰਦੇ ਹਨ ਉਹ ਨਹੀਂ ਕਰ ਸਕਦੇ। ਉਨ੍ਹਾਂ ਦੀ ਅਵਾਜ ਲਗਭਗ ਬੰਦ ਹੀ ਕਰ ਦਿੱਤੀ ਜਾਂਦੀ ਹੈ। ਸਰੀਰਕ ਭਾਵਨਾਤਮਿਕ ਅਤੇ ਮਾਨਸਿਕ ਬਦਲਾਵਾਂ ਨੂੰ ਜਦੋਂ ਸਮੇਂ ਸਿਰ ਨਹੀਂ ਸਮਝਿਆ ਜਾਂਦਾ, ਉਨ੍ਹਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਹੁੰਦਾ ਹੈ ਉਸ ਦਾ ਨਤੀਜਾ ਕਿਸੇ ਤੋਂ ਛੁਪਿਆ ਨਹੀਂ। ਇਹ ਇਕ ਫੁੱਟਬਾਲ ਦੀ ਤਰ੍ਹਾ ਹੁੰਦਾ ਹੈ, ਜਿਸ ਵਿਚ ਹਵਾ ਭਰੀ ਜਾਂਦੀ ਹੈ। ਜੇਕਰ ਉਸ ਵਿਚ ਲੋੜ ਤੋਂ ਜ਼ਿਆਦਾ ਹਵਾ ਭਰੀ ਜਾਵੇ ਤਾਂ ਫਿਰ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਿੱਧੀ ਮੱਥੇ ਵਿਚ ਹੀ ਵੱਜਦੀ ਹੈ।
ਬਾਰਾਂ ਚੌਦਾਂ ਸਾਲ ਦੀ ਉਮਰ ਤੋਂ ਕੁਦਰਤੀ ਤੌਰ ‘ਤੇ ਹੀ ਬੱਚੇ ਵਿਚ ਸਰੀਰਕ ਤਬਦੀਲੀਆਂ ਵੀ ਆਉਂਦੀਆਂ ਹਨ। ਉਨ੍ਹਾਂ ਦਾ ਜ਼ਿਆਦਾ ਧਿਆਨ ਆਪਣੇ ਸੁਹੱਪਣ ਨੂੰ ਨਿਖਾਰਣ ਵਿਚ ਲੱਗਦਾ ਹੈ। ਪੈਰ ਜ਼ਮੀਨ ਤੇ ਨਹੀਂ ਲੱਗਦੇ, ਹਰ ਕੋਈ ਤੰਦਰੁਸਤ ਤੇ ਨਰੋਏ ਸਰੀਰ ਦਾ ਮਾਲਿਕ ਹੋਣਾ ਫਖਰ ਵਾਲੀ ਗੱਲ ਲੱਗਦੀ ਹੈ। ਵਾਰ ਵਾਰ ਸ਼ੀਸ਼ੇ ਅੱਗੇ ਖੜਣਾ, ਵਾਲ ਸਵਾਰਨੇ, ਮੂੰਹ ਧੋਣਾ, ਵਾਰ ਵਾਰ ਕੱਪੜੇ ਬਦਲਣਾ, ਨਵੀਆਂ ਨਵੀਆਂ ਚੀਜ਼ਾਂ ਪ੍ਰਤੀ ਅਕਰਸ਼ਣ ਸੁਭਾਵਿਕ ਹੀ ਹੁੰਦਾ ਹੈ। ਪਰ ਕਈ ਵਾਰ ਮਾਵਾਂ ਇਸ ਨੂੰ ਗਲਤ ਸਮਝਦੀਆਂ ਹਨ।
ਅਗਰ ਲੜਕੀ ਸ਼ੀਸ਼ੇ ਅੱਗੇ ਖੜੀ ਜਾਂ ਸੁਰਮਾ ਪਾਉਂਦੀ ਦਿਸ ਜਾਵੇ ਤਾਂ ਮਾਵਾਂ ਕੁੜੀਆਂ ਨੂੰ ਬਹੁਤ ਫਿਟਕਾਰ ਲਗਾਉਂਦੀਆਂ ਹਨ। ਜੇਕਰ ਕੁੜੀ ਨੇਲ-ਪਾਲਿਸ਼ ਜਾਂ ਲਿਪ-ਸਟਿਕ ਲਗਾਉਂਦੀ ਦਿਸ ਜਾਵੇ ਤਾਂ ਸਾਰੇ ਘਰ ਵਿਚ ਬਵਾਲ ਮੱਚ ਜਾਂਦਾ ਹੈ। ਮਾਮਲਾ ਮਾਰ ਕੁਟਾਈ ਤੱਕ ਵੀ ਪਹੁੰਚ ਜਾਂਦਾ ਹੈ ਅਤੇ ਲੜਕੀਆਂ ਡਿਪਰੈਸ਼ਨ ਵਿਚ ਚਲੀਆਂ ਜਾਂਦੀਆਂ ਹਨ। ਬਸ ਬੱਚੇ ਮਾਪਿਆਂ ਵਲੋਂ ਕੀਤੀ ਗਈ ਸਖਤੀ ਦੇ ਕਾਰਨ ਹੀ ਆਪਣਾ ਵਿਵਹਾਰ ਬਦਲ ਲੈਂਦੇ ਹਨ, ਪਰ ਮਾਪੇ ਉਨ੍ਹਾਂ ਨੂੰ ਸਮਝਣ ਦੀ ਥਾਂ ਤੇ ਉਨ੍ਹਾਂ ਦੇ ਬਦਲੇ ਹੋਏ ਵਿਵਹਾਰ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ। ਬੱਚੇ ਲੋੜ ਤੋਂ ਜ਼ਿਆਦਾ ਜਿੱਦੀ, ਚੁੱਪ, ਆਪਣੇ ਮਨ ਦੀ ਮੌਜ ਵਿਚ ਰਹਿਣ ਵਾਲੇ ਬਣ ਜਾਂਦੇ ਹਨ।
ਨਾ ਹੱਸਣਾ, ਨਾ ਰੋਣਾ, ਨਾ ਖੇਡਣਾ, ਨਾ ਖਾਣਾ, ਬੱਸ ਚੁੱਪ ਚਾਪ ਜਿਹੇ ਆਪਣੇ ਕਮਰੇ ਵਿਚ ਵੜੇ ਰਹਿਣਾ, ਜਾਂ ਦੋਸਤਾਂ ਨਾਲ ਬਾਹਰ ਚਲੇ ਜਾਣਾ ਅਤੇ ਰਾਤ ਦੇਰ ਨਾਲ ਘਰ ਵਾਪਸ ਆਉਂਦਾ.. ਮਾਂ ਬਾਪ ਨਾਲ ਤਾਂ ਬਿਲਕੁਲ ਵੀ ਗੱਲ ਨਾ ਕਰਨਾ, ਮਾਪੇ ਵੀ ਇਸ ਗੱਲ ਨੂੰ ਸਮਝਣ ਦੀ ਬਜਾਏ ਬੱਚਿਆਂ ਪ੍ਰਤੀ ਗਲਤ ਧਾਰਨਾ ਅਪਣਾ ਲੈਂਦੇ ਹਨ ਕਿ ਇਹ ਸਿਰੇ ਦੇ ਲਾਪਰਵਾਹ, ਜਿੱਦੀ, ਗੁਸੈਲ, ਲੜਾਕੇ, ਵਿਦਰੋਹੀ, ਬਗਾਵਤੀ ਹਨ ਅਤੇ ਮਾਪੇ ਆਪ ਵੀ ਇਨ੍ਹਾਂ ਨੂੰ ਕੁਝ ਕਹਿਣ ਤੋਂ ਗੁਰੇਜ਼ ਕਰਨ ਲੱਗ ਜਾਂਦੇ ਹਨ। ਮਾਪਿਆਂ ਦਾ ਕੰਟਰੋਲ ਲਗਭਗ ਆਪਣੀ ਹੋਂਦ ਗੁਆਉਂਦਾ ਹੀ ਜਾਂਦਾ ਹੈ। ਬੱਚੇ ਵੀ ਆਪਣੇ ਉਪਰ ਪਕੜ ਢਿੱਲੀ ਹੁੰਦੀ ਦੇਖ ਕੇ ਆਪਣਾ ਰੋਅਬ ਜ਼ਿਆਦਾ ਅਜਮਾਉਣ ਲੱਗ ਜਾਂਦੇ ਹਲ।
ਗੱਲ-ਗੱਲ ਉਪਰ ਉੱਚੀ ਬੋਲਣਾ, ਮਾਰ ਕੁਟਾਈ ਕਰਨੀ, ਗਾਲਾਂ ਕੱਢਣੀਆਂ, ਮਾਂ ਬਾਪ, ਭੈਣ ਭਰਾਵਾਂ ਨਾਲ ਲੜਾਈ ਝਗੜਾ, ਖੂਨ ਖਰਾਬਾਂ ਇਹ ਸਭ ਕੁਝ ਹੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਅਤੇ ਚਾਰ ਪੰਜ ਸਾਲਾਂ ਵਿਚ ਇਹ ਪੂਰੀ ਤਰ੍ਹਾ ਉਨ੍ਹਾਂ ਦੇ ਦਿਲ ਦਿਮਾਗ ਉਪਰ ਛਾ ਜਾਂਦਾ ਹੈ ਅਤੇ ਉਹ ਆਪਣੀ ਅਸਲੀ ਪਛਾਣ ਗੁਆ ਦਿੰਦੇ ਹਨ ਤੇ ਉਸੇ ਤਰ੍ਹਾ ਦਾ ਹੀ ਵਿਅਕਤੀਤਵ ਅਪਣਾ ਲੈਂਦੇ ਹਨ। ਲੜਕੀਆਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਹਨ। ਉਹ ਵੀ ਬਹੁਤ ਵਾਰ ਆਪਣਾ ਜੀਵਨ ਬਦਲ ਲੈਂਦੀਆਂ ਹਨ। ਭਾਵੇਂ ਲੜਕੀਆਂ ਦੇ ਅੰਦਰ ਆਈ ਤਬਦੀਲੀ ਜੱਗ ਜਾਹਰ ਨਹੀਂ ਹੁੰਦੀ, ਪਰ ਉਨ੍ਹਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਚਿੜਚਿੜਾ ਹੋ ਜਾਂਦਾ ਹੈ।
ਜਿਹੜਾ ਉਨ੍ਹਾਂ ਦੇ ਸਮਾਜਿਕ ਰਿਸ਼ਤਿਆਂ ਭਾਵੇਂ ਉਹ ਵਿਆਹ ਤੋਂ ਪਹਿਲੋਂ ਦੇ ਹੋਣ ਜਾਂ ਬਾਅਦ ਦੇ ਉਨ੍ਹਾਂ ਨੂੰ ਖ਼ਰਾਬ ਕਰ ਹੀ ਦਿੰਦਾ ਹੈ। ਉਹ ਪਰਿਵਾਰ ਵਿਚ ਨਾ ਤਾਂ ਆਪ ਸ਼ਾਂਤੀ ਨਾਲ ਬੈਠਦੀਆਂ ਹਨ ਅਤੇ ਨਾ ਹੀ ਕਿਸੇ ਹੋਰ ਇਸਤਰੀ ਪੁਰਸ਼ ਨੂੰ ਚੈਨ ਲੈਣ ਦਿੰਦੀਆਂ ਹਨ। ਮਾਵਾਂ ਨਾਲ ਕਲੇਸ਼ ਤਾਂ ਹਰ ਘਰ ਦੀ ਕਹਾਣੀ ਬਣ ਜਾਂਦਾ ਹੈ। ਮਾਂ ਬੇਟੀ ਨੂੰ ‘ਰੇਸ਼ਮੀ ਰੁਮਾਲ’ ਦੀ ਤਰ੍ਹਾਂ ਸੱਤਾਂ ਜਿੰਦਰਿਆਂ ਵਿਚ ਲੁਕਾ ਕੇ ਰੱਖਣਾ ਚਾਹੁੰਦੀ ਹੈ, ਪਰ ਬੇਟੀ ਆਜ਼ਾਦ ਪੰਛੀ ਦੀ ਤਰ੍ਹਾ ਅੰਬਰਾਂ ਵਿਚ ਉਡਣਾ ਚਾਹੁੰਦੀ ਹੈ ਤੇ ਪ੍ਰਾਕਿਰਤੀ ਦੀ ਹਰ ਨਿਯਾਮਤ ਦਾ ਆਨੰਦ ਮਾਨਣਾ ਚਾਹੁੰਦੀ ਹੈ। ਇਥੇ ਮਾਂ ਨੂੰ ਆਪਣੇ ਖੰਭ ਉਸ ਨੂੰ ਉੱਡਣ ਲਈ ਦੇਣ ਦੀ ਬਿਜਾਏ ਉਸ ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਮਾਂ ਸਮਾਜ ਦੇ ਡਰ ਦੇ ਕਾਰਨ ਕੁਝ ਵੀ ਨਹੀਂ ਕਰ ਸਕਦੀ… ਹੁਣ ਇਸ ਜਗ੍ਹਾ ਤਬਦੀਲੀ ਬੱਚੇ ਵਿਚ ਆਉਂਦੀ ਹੈ ਨਾ ਕਿ ਮਾਪਿਆਂ ਵਿਚ, ਪਰ ਬੱਚੇ ਸਮਝਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦਾ ਸੁਭਾਅ ਗੁਸੈਲ ਹੋ ਗਿਆ। ਉਹ ਗੱਲ-ਗੱਲ ਤੇ ਟੋਕਾ ਟਾਕੀ ਕਰਦੇ ਹਨ। ਉਹ ਲੋੜ ਤੋਂ ਜ਼ਿਆਦਾ ਦਖਲ ਅੰਦਾਜੀ ਕਰਦੇ ਹਨ, ਪੈਰ ਪੈਰ ਤੇ ਬੇਲੌੜੀ ਨਸੀਅਤ ਦਿੰਦੇ ਹਨ। ਜੋ ਨਵੀਂ ਪੀੜੀ ਨੂੰ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ, ਉਨ੍ਹਾਂ ਅੰਦਰ ਬਹੁਤ ਹੀ ਜ਼ਿਆਦਾ ਅੱਗ ਭਰ ਜਾਂਦੀ ਹੈ, ਜੋ ਉਹ ਗੱਲ-ਗੱਲ ਤੇ ਉੱਗਲਦੇ ਹਨ। ਮਾਪੇ ਵੀ ਇਨ੍ਹਾਂ ਨੂੰ ਸਮਝਾਉਣਾ ‘ਕਰੰਟ ਵਾਲੀ ਨੰਗੀ ਤਾਰ’ ਨੂੰ ਹੱਥ ਲਗਾਉਣ ਦੇ ਬਰਾਬਰ ਮੰਨਦੇ ਹਨ।
ਵੀਹ ਕੁ ਸਾਲ ਦੀ ਉਮਰ ਤੱਕ ਇੰਨੇ ਕੁ ਨਕਾਰਤਮਿਕ ਵਿਚਾਰ ਉਨ੍ਹਾਂ ਦੇ ਮਨ ਉਪਰ ਹਾਵੀਂ ਹੋ ਜਾਦੇ ਹਨ ਕਿ ਉਹ ਆਪਣੀ ਪੂਰੀ ਤਰ੍ਹਾਂ ਨਾਲ ਘੋਰ ਨਿਰਾਸ਼ਾਂ ਦੀ ਦਲਦਲ ਵਿਚ ਫਸ ਜਾਂਦੇ ਹਨ ਅਤੇ ਚਾਹੁੰਦੇ ਹੋਏ ਵੀ ਨਹੀਂ ਨਿਕਲ ਸਕਦੇ। ਪਹਿਲਾਂ ਤਾਂ ਕਿਸੇ ਅਜਿਹੇ ਵਿਅਕਤੀ ਦੀ ਲੋੜ ਮਹਿਸੂਸ ਕਰਦੇ ਹਨ ਜੋ ਉਗਲੀ ਫੜ ਕੇ ਉਨ੍ਹਾਂ ਨੂੰ ਇਸ ‘ਚਿੱਕੜ’ ਵਿਚੋਂ ਕੱਢ ਲਵੇ। ਪਰ ਅਜਿਹਾ ਕੋਈ ਵੀ ਵਿਅਕਤੀ ਨਾ ਮਿਲਦਾ ਦੇਖ ਉਹ ਇਸ ਤਰ੍ਹਾ ਦੇ ਹਾਲਾਤਾਂ ਵਿਚੋਂ ਨਿਕਲਣ ਲਈ ਕਿਸੇ ਅਜਿਹੀ ਚੀਜ ਦੀ ਲੋੜ ਮਹਿਸੂਸ ਕਰਦੇ ਹਨ, ਜੋ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਸਕੂਨ ਦੇਵੇ। ਇਸੇ ਸਮੇਂ ਦੇ ਦੌਰਾਨ ਉਹ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਪਹਿਲੋਂ ਹੀ ਤਬਾਹ ਕਰ ਲੈਂਦੇ ਹਨ।
ਸਿੱਖਿਆ ਪ੍ਰਾਪਤੀ ਲਈ ਵੀ ਵਿਸੇਸ਼ ਧਿਆਨ ਨਾ ਦੇਣ ਕਰਕੇ ਉਸ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕੋਲ ਕਰਨ ਲਈ ਕੋਈ ਵੀ ਕੰਮ ਨਹੀਂ ਹੁੰਦਾ, ਵਿਹਲਾਪਣ ਉਨ੍ਹਾਂ ਦੇ ਮਨ ਉਪਰ ਬਹੁਤ ਜ਼ਿਆਦਾ ਨਕਾਰਤਮਿਕ ਪ੍ਰਭਾਵ ਪਾਉਂਦਾ ਹੈ। ਸਮਾਜ, ਮਾਪੇ, ਸਾਥੀ ਸਾਰੇ ਹੀ ਉਨ੍ਹਾਂ ਨੂੰ ਲਾਹਨਤਾਂ ਦੇਣ ਲੱਗ ਜਾਂਦੇ ਹਨ। ਉਹ ਇਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਨ ਮਨ ਨੂੰ ਸਹੀ ਰੱਖਣ ਵਾਲੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਹੌਲੀ ਹੌਲੀ ਉਨ੍ਹਾਂ ਨੂੰ ਉਨ੍ਹਾਂ ਦੀ ਆਦਤ ਜਿਹੀ ਹੋ ਜਾਂਦੀ ਹੈ। ਫਿਰ ਜਦੋਂ ਉਹ ਦਵਾਈਆਂ ਕੁਝ ਸਮੇਂ ਬਾਅਦ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਤਾਂ ਉਹ ਉਸ ਤੋਂ ਵੀ ਜ਼ਿਆਦਾ ਪਾਵਰ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਮੈਡੀਕਲ ਸਟੋਰਾਂ, ਝੋਲਾ ਛਾਪ ਡਾਕਟਰਾਂ ਤੇ ਮਿੱਤਰਾਂ ਦੋਸਤਾਂ ਦੁਆਰਾ ਦੱਸੀਆਂ ਦੁਕਾਨਾਂ ‘ਤੇ ਚੱਕਰ ਲਗਾਉਣਾ ਆਮ ਹੋ ਜਾਂਦਾ ਹੈ। ਉਹ ਅਕਸਰ ਹੀ ਉਨ੍ਹਾਂ ਦੁਕਾਨਾਂ ਉਪਰ ਦਿਖਾਈ ਦਿੰਦੇ ਹਨ।
ਕੰਮ ਕਾਰ ਵੀ ਕੋਈ ਖਾਸ ਨਾ ਹੋਣ ਕਰਕੇ ਪੈਸੇ ਵੀ ਕਿਥੋਂ ਆਉਣ? ਮਹਿੰਗੀਆਂ ਦਵਾਈਆਂ ਲਈ ਫਿਰ ਉਹ ਹਲਕੀ ਪੱਧਰ ਦੇ ਟੀਕੇ, ਘਟੀਆਂ ਗੋਲੀਆਂ ਖੰਘ ਦੀ ਦਵਾਈ ਦੀਆਂ ਸ਼ੀਸ਼ੀਆਂ ਜਿਹੀਆਂ ਚੀਜ਼ਾਂ ਤੋਂ ਇਲਾਵਾ ਬਾਈਕ ਨੂੰ ਪੈਂਚਰ ਲਗਾਉਣ ਵਾਲੀਆਂ ਟਿਊਬਾਂ ਦਾ ਨਸ਼ਾ ਕਰਦੇ ਹਨ। ਵੱਡੇ ਘਰਾਂ ਦੇ ਬੱਚੇ ਜ਼ਿਆਦਾ ਪੈਸੇ ਘਰੋਂ ਪਹਿਲਾ ਆਪਣੇ ਆਪ ਮਿਲਣ ਕਰਕੇ ਫਿਰ ਮਾਰ ਕੁਟਾਈ ਨਾਲ ਜਾਂ ਆੜ੍ਹਤੀਆਂ ਤੋਂ ਫੜ ਕੇ ਲੈ ਜਾਂਦੇ ਹਨ ਜਾਂ ਹੋਸਟਲਾਂ ਵਿਚ ਝੂਠੇ ਖਰਚੇ ਦੇ ਕਾਰਨ ਦੱਸ ਕੇ ਮਾਪਿਆਂ ਤੋਂ ਪੈਸੇ ਠੱਗਦੇ ਹਨ ਤੇ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਦੇ ਹਨ। ਹੌਲੀ ਹੌਲੀ ਇਹ ਲੋਕ ਇੰਨੇ ਜ਼ਿਆਦਾ ਨਸ਼ੇ ਦੇ ਆਦੀ ਹੋ ਜਾਂਦੇ ਹਨ ਕਿ ਆਪਣੇ ਸਰੀਰ ਦਾ ਕੋਈ ਵੀ ਅੰਗ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਕਈ ਤਾਂ ਆਪਣਾ ਖੂਨ ਵੀ ਵੇਚਦੇ ਦੇਖੇ ਜਾਂਦੇ ਹਨ ਤੇ ਕਿਡਨੀ ਤੱਕ ਵੀ ਵੇਚ ਦਿੰਦੇ ਹਨ ਅਤੇ ਨਸ਼ੇ ਦੀ ਲਤ ਨੂੰ ਪੂਰਾ ਕਰਦੇ ਹਨ। ਫਿਰ ਉਨ੍ਹਾਂ ਲਈ ਕੋਈ ਵੀ ਰਿਸ਼ਤਾਂ ਅਹਿਮੀਅਤ ਨਹੀਂ ਰੱਖਦਾ। ਸਭ ਰਿਸ਼ਤੇ ਹੀ ਨਸ਼ਿਆਂ ਦੀ ਭੇਟ ਚੜ ਜਾਂਦੇ ਹਨ। ਮਾਂ ਬਾਪ ਦਾ ਰੋਣਾ, ਕਰਲਾਉਣਾ ਬੇ-ਅਰਥ ਹੋ ਜਾਂਦਾ ਹੈ ਤੇ ਉਹ ਸਾਰੀ ਜਮੀਨ ਜ਼ਾਇਦਾਦ ਵੇਚ ਕੇ ਵਿਹਲੇ ਹੋ ਜਾਂਦੇ ਹਨ। ਮਾਪਿਆਂ ਨੂੰ ਇਸ ਦੀ ਖਬਰ ਵੀ ਨਹੀਂ ਹੁੰਦੀ।
ਕੁੜੀਆਂ ਵੀ ਨਸ਼ੇ ਦੇ ਖੇਤਰ ਵਿਚ ਮੋਹਰੀ ਹਨ। ਉਹ ਵੀ ਕਾਲਜਾਂ, ਯੂਨੀਵਰਸਿਟੀਆਂ ਵਿਚ ਆਮ ਨਸ਼ੇ ਕਰਦੀਆਂ ਹਨ। ਮਾਂ ਬਾਪ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਹੈ? ਉਹ ਆਪਣੇ ਮਾਪਿਆਂ ਦੇ ਲੋੜੋਂ ਜ਼ਿਆਦਾ ਲਾਡ ਪਿਆਰ ਦਾ ਗਲਤ ਫਾਇਦਾ ਉਠਾ ਕੇ ਵੱਧ ਤੋਂ ਵੱਧ ਪੈਸੇ ਘਰਦਿਆਂ ਤੋਂ ਮਿਲਣ ਕਰਕੇ ਆਪਣੀ ਮਰਜ਼ੀ ਨਾਲ ਖਰਚ ਕਰਦੀਆਂ ਹਨ। ਫੋਕੀ ਹੈਂਕੜਬਾਜ਼ੀ ਨਾਲ ਦੀਆਂ ਸਾਥਣਾਂ ਤੇ ਆਪਣੀ ਅਮੀਰੀ ਦਾ ਰੋਅਬ ਪਾਉਂਦੀਆਂ ਹਨ ਅਤੇ ਵੱਡੇ ਘਰਾਂ ਦੀ ਵਿਗੜੀ ਹੋਈ ਔਲਾਦ ਕਹਾਉਣ ਵਿਚ ਆਪਣੀ ਸ਼ਾਨ ਮਹਿਸੂਸ ਕਰਦੀਆਂ ਹਨ। ਜ਼ਿਆਦਾ ਖੁੱਲੇ ਵਿਚਾਰਾਂ ਕਰਕੇ ਕਈ ਵਾਰ ਆਪਣੇ ਮਰਦ ਸਾਥੀਆਂ ਹੱਥੋਂ ਹੀ ਆਪਣੀ ਇੱਜਤ ਤਾਰ ਤਾਰ ਕਰਵਾ ਬੈਠਦੀਆਂ ਹਨ। ਨਸ਼ੇ ਦੀ ਹਾਲਤ ਵਿਚ ਕਿਸੇ ਵੀ ਤਰ੍ਹਾ ਦੀਆਂ ਗੈਰ ਕੁਦਰਤੀ ਹਰਕਤਾਂ ਦਾ ਉਨ੍ਹਾਂ ਨੂੰ ਅਹਿਸਾਸ ਤੱਕ ਵੀ ਨਹੀਂ ਹੁੰਦਾ।
ਨਸ਼ੇ ਕਰਨਾ ਕੋਈ ਵੀ ਚੰਗਾ ਕੰਮ ਨਹੀਂ ਅਤੇ ਨਾ ਹੀ ਮਜ਼ਬੂਤ ‘ਜਿਗਰੇ’ ਤੇ ਮਰਦ ਪੁਣੇ ਦੀ ਨਿਸ਼ਾਨੀ ਹੈ। ਇਹ ਇਕ ਬਹੁਤ ਹੀ ਬੁਰੀ ਅਤੇ ਲਾਇਲਾਜ਼ ਬਿਮਾਰੀ ਹੈ। ਨਸ਼ੇ ਕਰਨਾ ਕੋਈ ਭੂਤ ਚੜੇਲ ਚਿੰਬੜਣ ਦੀ ਬਿਮਾਰੀ ਨਹੀਂ। ਇਸ ਵਿਚ ਤਾਂ ਸਿਰਫ ‘ਕਰਕੇ ਦੇਖਣ’ ਦੀ ਭਾਵਨਾ ਹੁੰਦੀ ਹੈ। ਕਈ ਵਿਅਕਤੀ ਤਾਂ ਸਿਰਫ ਇਸੇ ਕਰਕੇ ਹੀ ਨਸ਼ਾ ਕਰਦੇ ਹਨ ਕਿ ਨਸ਼ਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਇਸ ਜਗ੍ਹਾ ‘ਤੇ ਇਹ ਗੱਲ ਸਪੱਸ਼ਟ ਕਰਨੀ ਹੀ ਬਣਦੀ ਹੈ ਕਿ ਨਸ਼ੇ ਦੇ ਪ੍ਰਭਾਵ ਦਾ ਪਤਾ ਹਰੇਕ ਵਿਅਕਤੀ ਨਹੀਂ ਲਾ ਸਕਦਾ, ਜਿਸ ਵਿਅਕਤੀ ਨੇ ਕਦੇ ਨਸ਼ਾ ਕੀਤਾ ਹੀ ਨਹੀਂ, ਉਸ ਨੂੰ ਕਦੇ ਵੀ ਇਹ ਪਤਾ ਨਹੀਂ ਲੱਗ ਸਕਦਾ ਕਿ ਨਸ਼ਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਜਿੰਨੀ ਦੇਰ ਤੱਕ ਕੋਈ ਮਾਰਗ ਦਰਸ਼ਨ ਕਰਨ ਵਾਲਾ ਨਾ ਮਿਲੇ, ਫਿਰ ਉਸ ਦੁਆਰਾ ਦੱਸੇ ਮਾਰਗ ਅਨੁਸਾਰ ਕਿ ‘ਯਾਰ ਨਸ਼ਾ ਕਰਕੇ ਐਵੇਂ ਲੱਗਦਾ, ਜਿਉਂ ਲੱਗਦਾ” ਇਹ ਉਸ ਦੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਕਿੰਨੇ ਕੁ ਜਹਾਜ ਉਡਾ ਉਡਾ ਕੇ ਦੱਸਣਾ ਹੁੰਦਾ ਹੈ ਤੇ ਨਸ਼ੇ ਪ੍ਰਤੀ ਸਾਹਮਣੇ ਵਾਲੇ ਵਿਅਕਤੀ ਨੂੰ ਅਕਾਰਸ਼ਿਤ ਕਰਨਾ ਹੁੰਦਾ ਹੈ ਕਿ ਉਹ ਵੀ ਉਸ ਦਾ ਸਾਥੀ ਬਣ ਜਾਵੇ ਤਾਂ ਜੋ ਉਹ ਰਲ ਮਿਲ ਕੇ ਆਪਣਾ ਜੁਗਾੜ ਲਗਾ ਲਿਆ ਕਰਨ। ਕਈ ਵਾਰ ਤਾਂ ਘਰਾਂ ਦੀ ਲੋੜੋਂ ਵੱਧ ਜਮੀਨ ਜਾਇਦਾਦ, ਜਿੱਦ, ਸ਼ਰੀਕੇਬਾਜੀ ਤੇ ਕਿਸੇ ਨਾਲ ਦੁਸ਼ਮਣੀ ਜਿਹੇ ਮਸਲੇ ਵੀ ਅੱਗੇ ਆ ਜਾਂਦੇ ਹਨ ਤੇ ਲੋਕ ਉਸ ਘਰ ਦੇ ਬੱਚਿਆਂ ਦੀ ਜਵਾਨੀ ਰੋਲਣ ਤੇ ਉਸ ਖਾਨਦਾਨੀ ਨੂੰ ਮਿੱਟੀ ਵਿਚ ਮਿਲਾਉਣ ਦੀ ਸਹੁੰ ਹੀ ਖਾ ਲੈਂਦੇ ਹਨ ਤੇ ਉੱਚਾ ਖਾਨਦਾਨ ਤਬਾਹ ਕਰਕੇ ਹੀ ਰਹਿੰਦੇ ਹਨ ਤੇ ਉਹ ਪਰਿਵਾਰ ਸੜਕਾਂ ਉਪਰ ਰੁਲ ਕੇ ਗੁਜ਼ਰ ਬਸ਼ਰ ਕਰਦੇ ਹਨ।
ਮਾਂ ਬਾਪ ਦਾ ਲੋੜ ਤੋਂ ਜ਼ਿਆਦਾ ਬੱਚਿਆਂ ਨੂੰ ਝਿੜਕਣਾ, ਝੰਬਣਾ, ਲੋੜ ਤੋਂ ਜ਼ਿਆਦਾ ਪਾਬੰਦੀਆਂ ਬੱਚਿਆਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਹਨ। ਲੋੜ ਹੈ ਕਿ ਗੁਬਾਰੇ ਵਿਚ ਹਵਾ ਉਨੀ ਹੀ ਭਰੀ ਜਾਵੇ ਜਿੰਨੀ ਉਸ ਦੀ ਸਮਰੱਥਾ ਹੈ ਨਹੀਂ ਤਾਂ ਜ਼ਿਆਦਾ ਹਵਾ ਭਰਨ ਕਾਰਨ, ਦਬਾਓ ਵੱਧ ਹੋ ਜਾਣ ਕਰਕੇ ਇਹ ਫਟ ਵੀ ਸਕਦਾ ਹੈ ਤੇ ਅਕਸਰ ਫਟ ਹੀ ਜਾਂਦਾ ਹੈ।
ਇਹੀਂ ਕਾਰਨ ਹੀ ਬੱਚਿਆਂ ਦੀ ਬਗਾਵਤ ਦਾ ਸਿੱਟਾ ਹੋ ਨਿੱਬੜਦਾ ਹੈ ਤੇ ਬੱਚਿਆਂ ਦੇ ਮਾਪੇ ਸੋਚਦੇ ਹਨ ਕਿ ਬੱਚੇ ਉਨ੍ਹਾਂ ਦੇ ਹੱਥੋਂ ਨਿਕਲ ਰਹੇ ਹਨ। ਜਦੋਂ ਕਿ ਉਹ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੇ ਹੁੰਦੇ ਹਨ। ਉਨ੍ਹਾਂ ਦੇ ਰਹਿਣ ਸਹਿਣ ਦਾ ਢੰਗ ਹੀ ਬਦਲ ਜਾਂਦਾ ਹੈ ਤੇ ਉਹ ਬੇਪਰਵਾਹ ਜਿਹੇ ਰਹਿਣ ਲੱਗ ਜਾਂਦੇ ਹਨ। ਨਿੱਤ ਨਵੇਂ ਨਵੇਂ ਸਲੂਨਾਂ ਦੇ ਚੱਕਰ, ਪੁੱਠੇ ਸਿੱਧੇ ਹੇਅਰ ਸਟਾਈਲ, ਨਵੇਂ ਨਵੇਂ ਦਾੜੀ ਕੱਟ, ਸਰੀਰ ਉਪਰ ਟੈਟੂ, ਉੱਚੀ ਜਿਹੀ ਪੈਂਟ (ਕੈਪਰੀ) ਗਿੱਟੇ ਉਪਰ ਕਾਲਾ ਜਿਹਾ ਧਾਗਾ ਬੰਨ ਕੇ, ਵਾਲਾਂ ਉਪਰ ਜੈੱਲ ਲਗਾ ਕੇ ਕੁੰਡਿਆਂ (ਕੈਕਟਸ) ਤਰ੍ਹਾ ਖੜੇ ਕੀਤੇ ਵਾਲ, ਅੱਧੀਆਂ ਖੁੱਲੀਆਂ ਅੱਖਾਂ, ਸੁੱਤਾ ਦਿਮਾਗ, ਹਰ ਸਮੇਂ ਧਰਤੀ ਤੋਂ ਗਿੱਠ ਉੱਚੇ ਪੈਰ ਵੱਡੇ ਵੱਡੇ ਸੁਪਨੇ ਲਾ-ਪਰਵਾਹੀਆਂ ਇਹ ਲੱਛਣ ਦੂਰੋਂ ਹੀ ਦਿੱਸਣ ਲੱਗ ਜਾਂਦੇ ਹਨ।
ਸਕੂਲਾਂ, ਕਾਲਜ਼ਾਂ ਵਿਚ ਜਾ ਕੇ ਵੀ ਵਿਦਿਆਰਥੀ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ। ਅਧਿਆਪਕ ਦਾ ਤਾਂ ਇਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਬੱਸ ਸਾਰਾ ਦਿਨ ਕੰਧਾਂ ਉਪਰ ਦੋਨੋਂ ਪਾਸੇ ਲੱਤਾਂ ਕਰਕੇ ਮੋਬਾਈਲ ਤੇ ਗੱਲਬਾਤ ਕਰਦੇ ਹੀ ਨਜ਼ਰ ਆਉਂਦੇ ਹਨ ਅਤੇ ਪਤਾ ਨਹੀਂ ਕਿਹੜੀ ਹੀਰ ਛੋਹਦੇ ਹਨ ਫਿਰ ਦੋ ਦੋ ਘੰਟੇ ਫੋਨ ਉਪਰ ਹੀ ਲੱਗੇ ਰਹਿੰਦੇ ਹਨ ਦੂਜੇ ਪਾਸੇ ਵਾਲਾਂ ਵੀ ਪਤਾ ਨਹੀਂ ਕਿੰਨਾ ਕੁ ਵਿਹਲਾ ਹੁੰਦਾ ਹੈ ਜੋ ਇਨ੍ਹਾਂ ਦੁਆਰਾ ਅੱਧ ਸੁੱਤੇ ਜਿਹੇ ਕੀਤੀ ਗੱਲਬਾਤ ਸੁਣਦਾ ਤੇ ਸਮਝਦਾ ਹੈ।
ਮਾਂ ਬਾਪ ਇਨ੍ਹਾਂ ਨੂੰ ਸਕੂਲ ਕਾਲਜ਼ ਛੱਡ ਜਾਂਦੇ ਹਨ। ਆਪ ਪੰਜ ਛੇ ਘੰਟੇ ਨਿਸਚਿਤ ਹੋ ਜਾਂਦੇ ਹਨ ਕਿ ਹੁਣ ਕੋਈ ਘਰ ਦਾ ਕੰਮ ਵੀ ਕਰ ਲਿਆ ਜਾਵੇ। ਪਰ ਸਕੂਲਾਂ, ਕਾਲਜ਼ਾਂ ਦੇ ਅਧਿਆਪਕਾਂ ਦੀ ਜਾਨ ਤੇ ਹਰ ਸਮੇਂ ਬਣੀ ਰਹਿੰਦੀ ਹੈ ਕਿ ਕਿਤੇ ਸੜਕ ਪਾਰ ਕਰਦੇ ਸਮੇਂ ਇਹ ਕਿਸੇ ਦੁਰਘਟਨਾ ਦਾ ਸ਼ਿਕਾਰ ਹੀ ਨਾ ਹੋ ਜਾਣ। ਨਸ਼ਾ ਇਸ ਤਰ੍ਹਾਂ ਇਨ੍ਹਾਂ ਦੇ ਸਿਰ ਚੜਿਆ ਹੁੰਦਾ ਹੈ ਕਿ ਇਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਇਹ ਕੀ ਕਰ ਰਹੇ ਹਨ? ਕਿਸੇ ਨੂੰ ਬੁਲਾਉਣਾ ਤਾਂ ਦੂਰ ਦੀ ਗੱਲ ਆਪਣਾ ਵੀ ਪਤਾ ਨਹੀਂ ਹੁੰਦਾ ਕਿ ਇਹ ਕਿਥੇ ਹਨ ਤੇ ਕੀ ਗੱਲਾਂ ਕਰ ਰਹੇ ਹਨ? ਕੋਈ ਸ਼ਰਮ ਲਿਹਾਜ਼ ਨਾ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ? ਛੁੱਟੀ ਸਮੇਂ ਮਾਪੇ ਆਉਂਦੇ ਹਨ ਤੇ ਇਨ੍ਹਾਂ ਨੂੰ ਜਬਰਦਸਤੀ ਕਾਰਾਂ ਵਿਚ ਸੁੱਟ ਕੇ ਘਰ ਲੈ ਜਾਂਦੇ ਹਨ।
ਹੁਣ ਜੋ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਮੁੰਡੇ ਪਹਿਲੋਂ ਹੀ ਨਸ਼ਾ ਕਰਦੇ ਸਨ, ਪਰ ਹੁਣ ਅਜਿਹਾ ਕੀ ਹੋ ਗਿਆ ਹੈ ਕਿ ਸਰਕਾਰਾਂ ਨੂੰ ਵੱਖਰੇ ਲੜਕੀਆਂ ਲਈ ਵੀ ਨਸ਼ਾ ਛੁਡਾਓ ਕੇਂਦਰ ਖੋਲਣੇ ਪੈ ਰਹੇ ਹਨ। ਕੀ ਲੜਕੀਆਂ ਵੀ ਇਨੀਂ ਵੱਡੀ ਗਿਣਤੀ ਵਿਚ ਨਸ਼ੇ ਦਾ ਸ਼ਿਕਾਰ ਹੋ ਗਈਆਂ ਹਨ ਕਿ ਪਹਿਲਾਂ ਸਥਾਪਤ ਕੇਂਦਰਾਂ ਵਿਚ ਇਲਾਜ਼ ਸੰਭਵ ਨਾ ਹੋ ਕੇ ਨਵੇਂ ਤੇ ਵਧੇਰੇ ਗਿਣਤੀ ਵਿਚ ਨਸ਼ਾ ਛੁਡਾਓ ਕੇਂਦਰ ਸਥਾਪਤ ਕਰਨ ਦੀਆਂ ਤਜਵੀਜਾਂ ਹੋ ਰਹੀਆਂ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਲੜਕੀਆਂ ਸੋਚਦੀਆਂ ਹਨ ਕਿ ਜੇਕਰ ਹਰ ਖੇਤਰ ਵਿਚ ਲੜਕਿਆਂ ਦੇ ਬਰਾਬਰ ਹਨ ਤਾਂ ਇਸ ਖੇਤਰ ਵਿਚ ਪਿਛੇ ਕਿਉਂ ਰਹਿਣ। ਕਈ ਲੜਕੀਆਂ ਆਪਣੇ ਆਪ ਨੂੰ ਮੁੰਡਿਆਂ ਦੇ ਵਾਂਗ ਹੀ ਸਮਝਦੀਆਂ ਹਨ ਤੇ ਉਨ੍ਹਾਂ ਦੇ ਵਾਂਗ ਹੀ ਆਪਣੇ ਆਪ ਨੂੰ ਆਜ਼ਾਦ ਖਿਆਲੀ ਜੋ ਦਿਲ ਚਾਹੇ ਕਰਨ ਵਿਚ ਵਿਸਵਾਸ਼ ਰੱਖਦੀਆਂ ਹਨ। ਮੀਡੀਆ ਤੇ ਵਾਇਰਲ ਹੋਈਆਂ ਫੋਟੋਆਂ ਤੇ ਵੀਡੀਓਜ਼ ਇਸ ਦਾ ਮੁੱਖ ਸਬੂਤ ਹਨ। ਇਹ ਘਰਦਿਆਂ ਦੀ ਵੀ ਨਹੀਂ ਸੁਣਦੀਆਂ ਤੇ ਨਸ਼ੇ ਦੀ ਹਾਲਤ ਵਿਚ ਆਪਣੀ ਸੁੱਧ ਬੁੱਧ ਹੀ ਗਵਾ ਦਿੰਦੀਆਂ ਹਨ।
ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲੋਂ ਪੰਜਾਬ ਨੂੰ ਬਚਾਉਣਾ ਹੋਵੇਗਾ। ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੋਵੇਗਾ। ਇਸ ਨੂੰ ਨਸ਼ਾ ਰਹਿਤ ਕਰਨਾ ਹੋਵੇਗਾ। ਇਸ ਦੇ ਲਈ ਸਾਨੂੰ ਨੌਜ਼ਵਾਨ ਬੱਚਿਆਂ ਨੂੰ ਮਾਨਸਿਕਤਾ ਨੂੰ ਸਮਝਣਾ ਪਵੇਗਾ ਕਿ ਬੱਚੇ ਤੇ ਨੌਜ਼ਵਾਨ ਵਿਅਕਤੀ ਅਸਲ ਵਿਚ ਚਾਹੁੰਦੇ ਕੀ ਹਨ? ਲੋੜ ਤੋਂ ਜ਼ਿਆਦਾ ਢਿੱਲ, ਸਖ਼ਤੀ ਅਤੇ ਪੈਸਾ ਬੱਚੇ ਦੀ ਜਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ।
ਲੋੜ ਹੈ ਬੱਚਿਆਂ ਨੂੰ ਸਮਝਣ ਦੀ, ਉਨ੍ਹਾਂ ਨਾਲ ਭਾਵਨਾਤਮਿਕ ਤੌਰ ਤੇ ਜੁੜਣ ਦੀ, ਮਾਂ ਬਾਪ ਨੂੰ ਵੀ ਬੱਚਿਆਂ ਦੇ ਹਿਸਾਬ ਨਾਲ ਹੀ ਆਪਣੇ ਵਿਅਕਤੀਤਵ ਅਤੇ ਸੁਭਾਅ ਵਿਚ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਤੋਂ ਡਰਨ ਨਾ, ਹਰ ਇਕ ਗੱਲ ਸੁਭਾਵਿਕ ਹੀ ਪੁੱਛ ਲੈਣ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਵੀ ਮਾਂ ਬਾਪ ਤੋਂ ਲੈਣ, ਉਨ੍ਹਾਂ ਨੂੰ ਆਪਣੀ ਜਿੰਦਗੀ ਵਿਚ ਮਾਂ ਬਾਪ ਅਤੇ ਅਧਿਆਪਕ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਜਾਣ ਦੀ ਜਰੂਰਤ ਹੀ ਨਾ ਪਵੇ। ਉਨ੍ਹਾਂ ਦੀਆਂ ਅੱਲੜ ਉਮਰ ਦੀਆਂ ਰੀਝਾਂ ਪ੍ਰੀਤਾਂ ਉਨ੍ਹਾਂ ਦੇ ਮਾਪੇ ਦੋਸਤ ਬਣ ਕੇ ਪੂਰੀਆਂ ਕਰਨ, ਉਨ੍ਹਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਖੁੱਲ ਦੇਣ। ਸੋਚਣ ਦੀ ਖੁੱਲ, ਕੰਮ ਕਰਨ ਦੀ ਖੁੱਲ ਦੇਣ, ਆਪਣੇ ਅੰਦਰ ਆ ਰਹੀਆਂ ਤਬਦੀਲੀਆਂ ਨੂੰ ਸਵੀਕਾਰ ਕਰਨ ਦੀ, ਚੰਗੇ ਵਿਅਕਤੀਤਵ ਨੂੰ ਅਪਣਾਉਨ ਦੀ ਖੁੱਲ ਦੇਣ ਤੇ ਉਨ੍ਹਾਂ ਨੂੰ ਆਪਣੇ ਵਿਸਵਾਸ਼ ਵਿਚ ਲੈ ਕੇ ਉਨ੍ਹਾਂ ਅੰਦਰ ਆਤਮ ਵਿਸਵਾਸ਼ ਪੈਦਾ ਕਰਨ।
ਇਹ ਸਭ ਸਿਰਫ ਉਨ੍ਹਾਂ ਬੱਚਿਆਂ ਨੌਜ਼ਵਾਨਾਂ ਲਈ ਹੀ ਨਹੀਂ, ਜੋ ਅੱਲੜ ਉਮਰ ਵਿਚੋਂ ਨਿਕਲ ਰਹੇ ਹਨ ਤੇ ਨਸ਼ੇ ਤੋਂ ਕੋਹਾ ਦੂਰ ਹਨ। ਸਗੋਂ ਉਨ੍ਹਾਂ ਬੱਚਿਆਂ ਅਤੇ ਨੌਜ਼ਵਾਨਾਂ ਲਈ ਵੀ ਹੈ ਜੋ ਬੁਰੀ ਤਰਾ ਨਸ਼ੇ ਦੀ ਲਪੇਟ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਵੀ ਸਮਾਜ ਨੂੰ, ਮਾਂ ਬਾਪ ਨੂੰ ਆਪਣੇ ਗਲ ਨਾਲ ਲਗਾਉਣਾ ਚਾਹੀਦਾ ਹੈ। ਮਾਂ ਬਾਪ ਨੂੰ ਉਨ੍ਹਾਂ ਨੂੰ ਵੀ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਦੂਰ ਕਾਰਨਾਂ ਨਹੀਂ ਚਾਹੀਦਾ। ਉਨ੍ਹਾਂ ਨੂੰ ਵੀ ਸਨਮਾਣ ਦੇਣਾ ਚਾਹੀਦਾ। ਇਕ ਵਾਰ ਉਨ੍ਹਾਂ ਨੂੰ ਦਿਲੋ ਤਾਂ ਕਹਿ ਕੇ ਦੇਖਣਾ ਚਾਹੀਦਾ ਹੈ ਕਿ ਸਾਡੀਆਂ ਬਹੁਤ ਉਮੀਦਾਂ ਹਨ ਤੁਹਾਡੇ ਤੋਂ… ਫਿਰ ਦੇਖਣਾ ਕਿਸ ਤਰ੍ਹਾ ਉਹ ਆਪਣੇ ਆਪ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢ ਨਿਕਲਣ ਲਈ ਆਪਣਾ ਵੀ ਆਤਮ ਵਿਸਵਾਸ਼ ਜਗ੍ਹਾ ਲੈਣਗੇ ਤੇ ਆਪ ਵੀ ਕੋਸ਼ਿਸ਼ ਕਰਨਗੇ.. ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਦੇ ਨਾਲ ਨਾਲ ਮਨੋਵਿਗਿਆਨਕ ਡਾਕਟਰਾਂ ਨੂੰ ਵੀ ਮਿਲਵਾਉਣਾ ਚਾਹੀਦਾ ਹੈ।
ਅੰਤ ਵਿਚ ਇਹੀ ਸਿੱਟਾ ਨਿਕਲਦਾ ਹੈ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਾਨੂੰ ਪੰਜਾਬ ਦੀ ਜਵਾਨੀ ਦੇ ਬਾਗ ਦੇ ਮਾਲੀ ਬਣਨਾ ਪਵੇਗਾ। ਸਾਨੂੰ ਕਾਂਟ ਸ਼ਾਂਟ ਕਰਨੀ ਪਵੇਗੀ। ਪਰ ਇਹ ਸਭ ਉਨ੍ਹਾਂ ਨੂੰ ਵਿਸਵਾਸ਼ ਵਿਚ ਲੈ ਕੇ ਹੀ ਕਰਨਾ ਪਵੇਗਾ। ਖੇਡਾਂ ਦਾ ਵਿਕਾਸ ਕਰਨਾ ਪਵੇਗਾ, ਕੁਪੋਸ਼ਣ ਨੂੰ ਦੂਰ ਕਰਨਾ ਪਵੇਗਾ, ਨੈਤਿਕ ਕਰਦਾਂ ਕੀਮਤਾਂ ਨੂੰ ਨੌਜ਼ਵਾਨਾਂ ਤੱਕ ਪਹੁੰਚਾਉਣਾ ਪਵੇਗਾ। ਇਸ ਤੋਂ ਪਹਿਲੋਂ ਕਿ ਸਾਡੇ ਗਿਆਨ ਦੇ ਭੰਡਾਰ ਕਿਤਾਬਾਂ, ਲਾਇਬਰੇਰੀਆਂ ਵਿਚ ਪਏ ਪਏ ਪੰਜਾਬ ਦੀ ਜਵਾਨੀ ਵਾਂਗ ‘ਸਿਊਕ’ ਦੀ ਭੇਟ ਚੜ ਜਾਣ। ਚੰਗੇ ਚਰਿੱਤਰ ਨਿਰਮਾਣ ਲਈ ਉਘੇ ਵਿਅਕਤੀਆਂ ਦੀਆਂ ਜੀਵਨੀਆਂ ਇਨ੍ਹਾਂ ਨੂੰ ਪੜ੍ਹਣ ਲਈ ਮੁਹੱਈਆਂ ਕਰਵਾਉਣੀਆਂ ਹੋਣਗੀਆਂ ਅਤੇ ਚੰਗੇ ਲੇਖਕਾਂ ਨੂੰ ਨੌਜ਼ਵਾਨਾਂ ਲਈ ਚੰਗਾ ਸਾਹਿਤ ਲਿਖਣ ਲਈ ਲੇਖਕਾਂ ਦਾ ਹੌਂਸਲਾ ਵਧਾ ਕੇ ਪ੍ਰੇਰਿਤ ਕਰਨਾ ਹੋਵੇਗਾ।
ਲੇਖਿਕਾ: ਪਰਮਜੀਤ ਕੌਰ ਸਿੱਧੂ