ਚੰਡੀਗੜ੍ਹ, ਮੀਡੀਆ ਬਿਊਰੋ:
ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab Governor) ਨੇ ਪੰਜਾਬ ਵਿਧਾਨ ਸਭਾ (Punjab Vidhan Sabha) ‘ਚ ਅੱਜ ਆਪਣੇ ਭਾਸ਼ਣ ਦੌਰਾਨ ਮਾਨ ਸਰਕਾਰ ਦੇ ਰੋਡਮੈਪ ਬਾਰੇ ਦੱਸਿਆ। ਰਾਜਪਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ। ਸੂਬੇ ‘ਚ ਮੁਫਤ ਬਿਜਲੀ ਦੇਣ ਨਾਲ 80 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਜਾਣਗੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ, ਜਦਕਿ ਸੀਨੀਅਰ ਸਿਟੀਜ਼ਨ ਔਰਤਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਤੋਂ ਇਲਾਵਾ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਸਪੀਕਰ ਨੇ ਭਾਜਪਾ ਵਿਧਾਇਕ ਜੰਗੀ ਰਾਮ ਮਹਾਜਨ ਨੂੰ ਬਤੌਰ ਵਿਧਾਇਕ ਸਹੁੰ ਚੁਕਾਈ। ਜੰਗੀ ਰਾਮ ਨੇ ਹਿੰਦੀ ‘ਚ ਸਹੁੰ ਚੁੱਕੀ। ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬੀ ਵਿਚ ਸਹੁੰ ਚੁੱਕੀ। ਸਦਨ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਵਿਧਾਨ ਸਭਾ ਦੀ ਕਾਰਵਾਈ ਲਾਈਵ ਚਲਾਈ ਜਾਵੇਗੀ। ਮਾਨ ਦੇ ਫੈਸਲੇ ਦਾ ਸਾਰਿਆਂ ਨੇ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਗਈ।
ਕੁਲਤਾਰ ਸਿੰਘ ਸੰਧਵਾ ਬਿਨਾਂ ਕਿਸੇ ਵਿਰੋਧ ਦੇ ਸਪੀਕਰ ਚੁਣੇ ਗਏ। ਕੁਲਤਾਰ ਸਿੰਘ ਸੰਧਵਾਂ ਦਾ ਨਾਂ ਸਦਨ ਦੇ ਆਗੂ ਸੀਐਮ ਭਗਵੰਤ ਮਾਨ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਵਾਨਗੀ ਦਿੱਤੀ। ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਕੁਰਸੀ ‘ਤੇ ਬਿਠਾਇਆ।
ਵਿਰੋਧੀ ਧਿਰ ਦੇ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਭਾਜਪਾ ਆਗੂ ਅਸ਼ਵਨੀ ਸ਼ਰਮਾ, ਬਸਪਾ ਆਗੂ ਨਛੱਤਰਪਾਲ ਸਿੰਘ, ਸੁਖਪਾਲ ਖਹਿਰਾ, ਪ੍ਰਤਾਪ ਸਿੰਘ ਬਾਜਵਾ, ਹਾਕਮ ਧਿਰ ਦੇ ਅਮਨ ਅਰੋੜਾ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਪ੍ਰੋਟੈਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਵਿਧਾਇਕਾਂ ਨੂੰ ਸਹੁੰ ਚੁਕਾਈ। ਨਵ-ਨਿਯੁਕਤ ਸਪੀਕਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਦੇ ਵਸਨੀਕ ਹਨ। ਪੰਜਾਬ ਦੀ ਸਿਆਸਤ ‘ਚ ਇਸ ਪਿੰਡ ਦਾ ਵਿਸ਼ੇਸ਼ ਸਥਾਨ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਦੂਜੀ ਵਾਰ ਚੁਣੇ ਗਏ ਵਿਧਾਇਕ ਕੁਲਤਾਰ ਸਿੰਘ ਸੰਧਵਾ 16ਵੀਂ ਵਿਧਾਨ ਸਭਾ ਦੇ ਸਪੀਕਰ ਨਿਯੁਕਤ ਕੀਤੇ ਗਏ ਹਨ। ਉਹ ਸੋਮਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਦਾ ਅਹੁਦਾ ਸੰਭਾਲਣਗੇ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਪੰਜਾਬ ਸਿਆਸਤ ‘ਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਪਿੰਡ ਦੀ ਮਿੱਟੀ ਵਿਚ ਪੈਦਾ ਹੋਏ ਵਿਅਕਤੀ ਨੂੰ ਦੇਸ਼ ਦੀ ਸਰਵਉੱਚ ਸ਼ਕਤੀ ਭਾਵ ਰਾਸ਼ਟਰਪਤੀ ਤਕ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਕੁਲਤਾਰ ਸਿੰਘ ਸੰਧਵਾਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਸੰਧਵਾਂ ਆਪਣੇ ਆਪ ਨੂੰ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਰਾ ਦੱਸਣਾ ਪਸੰਦ ਕਰਦੇ ਹਨ। ਕੁਲਤਾਰ ਸਿੰਘ ਸੰਧਵਾਂ ਦਾ ਸਿਆਸੀ ਕੈਰੀਅਰ ਪਿੰਡ ਸੰਧਵਾਂ ਤੋਂ ਸਰਪੰਚ ਚੁਣੇ ਜਾਣ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਕੋਟਕਪੁਰਾ ਵਿਧਾਨ ਸਭਾ ਹਲਕੇ ’ਚ ਸਾਲ 2017 ’ਚ ਵਿਧਾਇਕ ਬਣੇ, 2022 ’ਚ ਦੂਰੀ ਵਾਰ ਚੁਣੇ ਗਏ।
ਕੁਲਤਾਰ ਸਿੰਘ ਸੰਧਵਾਂ 2017 ’ਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਉਹ ਪਹਿਲੀ ਵਾਰ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ 10 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਇਕ ਬਣੇ, 2022 ’ਚ ਉਹ 21 ਹਜ਼ਾਰ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ’ਚ ਪਹੁੰਚੇ। ਆਮ ਆਦਮੀ ਪਾਰਟੀ ਵਿੱਚ ਆਪਣੀ ਡੂੰਘੀ ਪਕਡ਼ ਕਾਰਨ ਸੰਧਵਾਂ ਨੂੰ ਸੂਬੇ ਦੀ ਨਵੀਂ ਬਣੀ ਸਰਕਾਰ ਵਿੱਚ ਵੱਡਾ ਤੇ ਅਹਿਮ ਅਹੁਦਾ ਮਿਲਣ ਦਾ ਪਹਿਲਾਂ ਹੀ ਭਰੋਸਾ ਸੀ। ਭਾਵੇ ਪਾਰਟੀ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਉਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਇਸ ਦੌਡ਼ ਵਿੱਚ ਸਰਬਜੀਤ ਕੌਰ ਮਾਣੂਕੇ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਸੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਡਿਪਟੀ ਸਪੀਕਰ ਬਣਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਸੀ।
ਦੱਸਣਯੋਗ ਹੈ ਕਿ ਪਿੰਡ ਸੰਧਵਾਂ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਗੁਰਮੇਲ ਕੌਰ ਦੇ ਘਰ ਜਨਮ ਲੈਣ ਵਾਲੇ ਕੁਲਤਾਰ ਸਿੰਘ ਸੰਧਵਾਂ ਦੇ ਦਾਦਾ ਜੰਗੀਰ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਕੇ ਭਰਾ ਸਨ। ਵਿਧਾਇਕ ਕੁਲਤਾਰ ਸਿੰਘ ਦੇ ਭਰਾਂ ਐਡਵੋਕੇਟ ਬੀਰ ਦਵਿੰਦਰ ਸਿੰਘ ਮੁਤਾਬਿਕ ਸਰਪੰਚੀ ਤੋਂ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਸੰਧਵਾਂ ਨੇ ਛੋਟੀ ਉਮਰੇ ਹੀ ਵੱਡੀ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੇਦਾਗ ਸ਼ਖਸ਼ੀਅਤ ਵਜੋਂ ਉਭਰਦਿਆਂ ਉਹਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਤੱਕ ਦਾ ਸ਼ਾਨਦਾਰ ਸਫਰ ਤਹਿ ਕੀਤਾ। ਉਹਨਾ ਦੱਸਿਆ ਕਿ ਸੰਧਵਾਂ ਦਾ ਸਮਾਜਸੇਵਾ, ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ, ਜਿਸ ਕਰਕੇ ਇਲਾਕੇ ਦੇ ਲੋਕ ਉਹਨਾਂ ਦਾ ਨਾਮ ਸਤਿਕਾਰ ਨਾਲ ਲੈਂਦੇ ਹਨ। ਸਾਲ 1994 ਵਿੱਚ ਗਿਆਨੀ ਜ਼ੈਲ ਸਿੰਘ ਜੀ ਦੇ ਵਿਛੋਡ਼ੇ ਤੋਂ ਬਾਅਦ ਪਰਿਵਾਰ ਵਿੱਚੋਂ ਉਹਨਾਂ ਦੀ ਸਿਆਸਤ ਨੂੰ ਅੱਗੇ ਵਧਾਉਣ ਵਿੱਚ ਉਹਨਾਂ ਦੇ ਪੋਤਰੇ ਕੁਲਤਾਰ ਸਿੰਘ ਸੰਧਵਾਂ ਦਾ ਸ਼ਾਨਦਾਰ ਯੋਗਦਾਨ ਹੈ।






















