ਮੈਨੂੰ ਵਿਦੇਸ਼ ਰਹਿੰਦੇ ਨੂੰ ਕਈ ਸਾਲ ਹੋ ਗਏ ਹਨ। ਮੈਂ ਸਾਈਪ੍ਰਸ ਵਿਚ ਰਹਿੰਦਾ ਹਾਂ ਜਿੱਥੋਂ ਦੀ ਪੁਲਿਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਦੀ ਨਹੀਂ, ਭਾਵੇਂ ਉਹ ਕੋਈ ਵੀ ਹੋਵੇ। ਉਹ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਦੀ ਹੈ। ਇੱਥੋਂ ਦੀ ਪੁਲਿਸ ’ਤੇ ਕਿਸੇ ਵੀ ਲੀਡਰ ਦੀ ਸਿਫ਼ਾਰਸ਼ ਦਾ ਕੋਈ ਅਸਰ ਨਹੀਂ ਹੁੰਦਾ। ਇਨ੍ਹਾਂ ਪੁਲਿਸ ਵਾਲਿਆਂ ਲਈ ਸਭ ਬਰਾਬਰ ਹਨ। ਇਨ੍ਹਾਂ ਦੇਸ਼ਾਂ ਵਿਚ ਜੇਕਰ ਕੋਈ ਪੁਲਿਸ ਮੁਲਾਜ਼ਮ ਗ਼ਲਤੀ ਕਰਦਾ ਵੀ ਹੈ ਤਾਂ ਉਸ ਨੂੰ ਵੀ ਬਣਦੀ ਸਜ਼ਾ ਜ਼ਰੂਰ ਮਿਲਦੀ ਹੈ। ਨਿਯਮ-ਕਾਨੂੰਨ ਸਭ ’ਤੇ ਇਕ ਸਮਾਨ ਲਾਗੂ ਹੁੰਦੇ ਹਨ। ਕੋਈ ਵੀ ਵਿਅਕਤੀ ਗ਼ਲਤੀ ਕਰ ਕੇ ਕਾਨੂੰਨ ਦੇ ਲੰਬੇ ਹੱਥਾਂ ਤੋਂ ਬਚ ਨਹੀਂ ਸਕਦਾ।
ਬੀਤੇ ਦਿਨੀਂ ਮੈਂ ਅਤੇ ਮੇਰੇ ਦੋਸਤ ਬੀਚ ’ਤੇ ਘੁੰਮਣ ਚਲੇ ਗਏ। ਬੀਚ ’ਤੇ ਅਸੀਂ ਕਈ ਘੰਟੇ ਘੁੰਮਦੇ ਰਹੇ। ਅਚਾਨਕ ਉੱਥੇ ਪੁਲਿਸ ਦੀ ਇਕ ਗੱਡੀ ਆ ਗਈ। ਕੋਰੋਨਾ ਕਾਰਨ ਇੱਥੇ ਪੁਲਿਸ ਮੁਲਾਜ਼ਮ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਵੱਲ ਵੱਧ ਧਿਆਨ ਦਿੰਦੇ ਹਨ। ਵੈਸੇ ਮੇਰੇ ਤੇ ਮੇਰੇ ਸਾਰੇ ਦੋਸਤਾਂ ਨੇ ਮਾਸਕ ਪਾਇਆ ਹੋਇਆ ਸੀ ਪਰ ਸਾਡੇ ਕੋਲ ਖੜ੍ਹੇ ਇਕ ਵਿਅਕਤੀ ਨੇ ਮਾਸਕ ਨਹੀਂ ਪਾਇਆ ਸੀ। ਪੁਲਿਸ ਮੁਲਾਜ਼ਮਾਂ ਨੇ ਸਾਡੇ ਵੇਖਦੇ-ਵੇਖਦੇ ਹੀ ਉਸ ਨੂੰ ਮਾਸਕ ਨਾ ਪਾਉਣ ਕਾਰਨ ਜੁਰਮਾਨੇ ਵਾਲੀ ਰਸੀਦ ਮਸ਼ੀਨ ’ਚੋਂ ਕੱਢ ਕੇ ਫੜਾ ਦਿੱਤੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਸ ਵਿਅਕਤੀ ਦੇ ਚਿਹਰੇ ’ਤੇ ਬਿਲਕੁਲ ਵੀ ਸ਼ਿਕਨ ਨਹੀਂ ਸੀ।
ਜਦੋਂ ਪੁਲਿਸ ਮੁਲਾਜ਼ਮ ਸਾਡੇ ਤੋਂ ਥੋੜ੍ਹੀ ਕੁ ਦੂਰ ਚਲੇ ਗਏ ਤਾਂ ਅਸੀਂ ਉਸ ਨੂੰ ਕਿਹਾ ਕਿ ਤੁਹਾਨੂੰ ਮਾਸਕ ਨਾ ਪਾਉਣ ਕਾਰਨ ਜੁਰਮਾਨਾ ਬਹੁਤ ਹੋ ਗਿਆ ਹੋਣਾ ਹੈ। ਉਹ ਅੱਗੋਂ ਹੱਸ ਪਿਆ। ਆਂਹਦਾ ਕਿ ਮੇਰੀ ਗ਼ਲਤੀ ਸੀ। ਮੈਂ ਮਾਸਕ ਜੇਬ ਵਿਚ ਕਿਉਂ ਪਾਇਆ ਹੋਇਆ ਸੀ? ਜਦਕਿ ਮੇਰੇ ਲਈ ਮਾਸਕ ਪਾਉਣਾ ਜ਼ਰੂਰੀ ਸੀ। ਉਸ ਨੇ ਗੱਲੀਂ-ਗੱਲੀਂ ਸਾਨੂੰ ਦੱਸਿਆ ਕਿ ਮੈਂ ਵੀ ਇਕ ਪੁਲਿਸ ਮੁਲਾਜ਼ਮ ਹਾਂ। ਮੈਂ ਡਿਊਟੀ ’ਤੇ ਨਹੀਂ ਹਾਂ ਕਿਉਂਕਿ ਮੈਂ ਦੋ ਛੁੱਟੀਆਂ ਲਈਆਂ ਹੋਈਆਂ ਹਨ।
ਅਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਕਿ ਪੁਲਿਸ ਵਾਲੇ ਦਾ ਵੀ ਚਲਾਨ ਹੋ ਗਿਆ। ਸਾਡੀ ਹੈਰਾਨੀ ਸ਼ਾਇਦ ਇਸ ਕਾਰਨ ਸੀ ਕਿਉਂਕਿ ਸਾਡੇ ਦਿਮਾਗ ਵਿਚ ਭਾਰਤੀ ਖ਼ਾਸ ਤੌਰ ’ਤੇ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਘਰ ਕਰ ਚੁੱਕੀ ਸੀ। ਸਾਡੇ ਦੇਸ਼ ਵਿਚ ਤਾਂ ਛੇਤੀ ਕੀਤਿਆਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਚਲਾਨ ਨਹੀਂ ਹੁੰਦਾ। ਪੁਲਿਸ ਮੁਲਾਜ਼ਮ ਦਾ ਆਪਣਾ ਚਲਾਨ ਹੋ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਬੀਚ ਤੋਂ ਘਰ ਜਾਂਦੇ ਇਹੀ ਸੋਚਦੇ ਰਹੇ ਕਿ ਜੇ ਸਾਡੇ ਦੇਸ਼ ਵਿਚ ਵੀ ਇਹੋ ਜਿਹਾ ਕਾਨੂੰਨ ਹੋਵੇ ਤਾਂ ਕਿੰਨਾ ਚੰਗਾ ਹੋਵੇ।
ਤ੍ਰਾਸਦੀ ਇਹ ਹੈ ਕਿ ਭਾਰਤ ਵਿਚ ਸਭ ’ਤੇ ਕਾਨੂੰਨ ਇਕਸਾਰ ਲਾਗੂ ਨਹੀਂ ਹੁੰਦਾ। ਸਾਡੇ ਦੇਸ਼ ਵਿਚ ਤਾਂ ਸਭ ਕੁਝ ਉਲਟ-ਪੁਲਟ ਹੈ। ਕਈ ਵਾਰ ਝੂਠੇ ਵਿਅਕਤੀ ਨੂੰ ਸੱਚਾ ਸਾਬਿਤ ਕਰ ਦਿੱਤਾ ਜਾਂਦਾ ਹੈ ਤੇ ਸੱਚੇ ਨੂੰ ਸਜ਼ਾ ਹੋ ਜਾਂਦੀ ਹੈ। ਪੰਜਾਬ ਵਿਚ ਪੁਲਿਸ ’ਤੇ ਸਿਆਸੀ ਦਬਾਅ ਜ਼ਿਆਦਾ ਹੋਣ ਕਾਰਨ ਉਹ ਕਾਇਦੇ-ਕਾਨੂੰਨ ਮੁਤਾਬਕ ਕਾਰਵਾਈ ਕਰਨੋਂ ਬੇਵੱਸ ਹੋ ਜਾਂਦੀ ਹੈ। ਇੱਥੇ ਮੈਂ ਇਸ ਲੇਖ ਵਿਚ ਪੰਜਾਬ ਦੇ ਇਕ ਥਾਣੇ ਵਿਚ ਡਿਊਟੀ ਕਰਦੀ ਇਕ ਐੱਸਐੱਚਓ ਮੈਡਮ ਦੀ ਹੱਡਬੀਤੀ ਦਾ ਜ਼ਿਕਰ ਕਰਾਂਗਾ।
ਪਿਛਲੇ ਦਿਨੀਂ ਮੇਰੀ ਉਸ ਮਹਿਲਾ ਪੁਲਿਸ ਅਫ਼ਸਰ ਨਾਲ ਆਮ ਦੀ ਤਰ੍ਹਾਂ ਫੋਨ ’ਤੇ ਗੱਲਬਾਤ ਹੋਈ। ਮੈਡਮ ਨੇ ਮੇਰਾ ਹਾਲ-ਚਾਲ ਪੁੱਛਿਆ। ਜਦੋਂ ਮੈਂ ਉਸ ਦਾ ਹਾਲ-ਚਾਲ ਪੁੱਛਿਆ ਤਾ ਮੈਡਮ ਆਂਹਦੀ, ‘‘ਹਾਲ ਤਾਂ ਠੀਕ ਏ ਸੁਖਦੇਵ ਪਰ ਕਿਸੇ ਵਿਅਕਤੀ ’ਤੇ ਗ਼ਲਤ ਕਾਰਵਾਈ ਲਈ ਸਿਆਸੀ ਦਬਾਅ ਬਹੁਤ ਪੈਂਦੇ ਹਨ ਪਰ ਮੇਰੀ ਜ਼ਮੀਰ ਮੈਨੂੰ ਆਗਿਆ ਨਹੀਂ ਦਿੰਦੀ ਕਿ ਬੇਕਸੂਰ ਲੋਕਾਂ ’ਤੇ ਕਾਰਵਾਈ ਕਰਾਂ।
ਕੁਝ ਕੁ ਸਰਪੰਚ ਮੇਰੇ ਕੋਲ ਇਹੋ ਜਿਹੇ ਕੇਸ ਲੈ ਕੇ ਆਉਂਦੇ ਹਨ ਜਿੱਥੇ ਕੋਈ ਕਾਨੂੰਨੀ ਕਾਰਵਾਈ ਬਣਦੀ ਹੀ ਨਹੀਂ ਪਰ ਉਹ ਆਪਣੀ ਨਿੱਜੀ ਰੰਜ਼ਿਸ਼ ਕੱਢਣ ਲਈ ਕਾਰਵਾਈ ਕਰਨ ਲਈ ਮਜਬੂਰ ਕਰਦੇ ਹਨ। ਮੈਂ ਕਦੇ ਵੀ ਗ਼ਲਤ ਕੰਮ ਨਹੀਂ ਕਰਦੀ। ਮੈਨੂੰ ਵਾਹਿਗੁਰੂ ਤੋਂ ਬਹੁਤ ਡਰ ਲੱਗਦਾ ਹੈ।’’ ਐੱਸਐੱਚਓ ਮੈਡਮ ਨੇ ਅੱਗੇ ਜੋ ਦੱਸਿਆ, ਉਹ ਸੁਣ ਕੇ ਮੈਂ ਹੋਰ ਵੀ ਹੈਰਾਨ ਹੋ ਗਿਆ। ਉਹ ਆਂਹਦੀ ਕਿ ਮੇਰੇ ਥਾਣੇ ਵਿਚ ਪੈਂਦੇ ਇਕ ਪਿੰਡ ਦੇ ਸਰਪੰਚ ਦੇ ਘਰ ਬਹੁਤ ਸਾਲਾਂ ਤੋਂ ਬਿਜਲੀ ਦੀ ਕੁੰਡੀ ਚੱਲਦੀ ਸੀ।
ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੇ ਕਈ ਵਾਰ ਸਰਪੰਚ ਨੂੰ ਘਰ ਜਾ ਕੇ ਕੁੰਡੀ ਲਾਹ ਦੇਣ ਲਈ ਕਿਹਾ ਸੀ ਪਰ ਉਹ ਉਨ੍ਹਾਂ ਦੀ ਗੱਲ ਦੀ ਹਰ ਵਾਰ ਅਣਦੇਖੀ ਕਰਦਾ ਰਿਹਾ। ਇਕ ਦਿਨ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਜਿਨ੍ਹਾਂ ਘਰਾਂ ਵਿਚ ਬਿਜਲੀ ਦੀਆਂ ਕੁੰਡੀਆਂ ਚੱਲਦੀਆਂ ਸਨ, ਉਨ੍ਹਾਂ ਦੀਆਂ ਕੁੰਡੀਆਂ ਲਾਹ ਦਿੱਤੀਆਂ ਤੇ ਸਬੂਤ ਵਜੋਂ ਵੀਡੀਓ ਬਣਾ ਲਈ। ਸਰਪੰਚ ਦੇ ਘਰ ਦੀ ਕੁੰਡੀ ਵੀ ਹਟਾ ਦਿੱਤੀ ਗਈ।
ਸਰਪੰਚ ਨੇ ਇਹ ਗੱਲ ਬਰਦਾਸ਼ਤ ਨਾ ਕਰਦੇ ਹੋਏ ਉਸ ਮੁਲਾਜ਼ਮ ਵਿਰੁੱਧ ਥਾਣੇ ਰਪਟ ਲਿਖਵਾ ਦਿੱਤੀ। ਜਦੋਂ ਉਸ ਮੁਲਾਜ਼ਮ ਨੂੰ ਥਾਣੇ ਬੁਲਾਇਆ ਤਾਂ ਉਸ ਨੇ ਸਾਰੀ ਗੱਲ ਐੱਸਐੱਚਓ ਮੈਡਮ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਪੰਚ ਸਾਹਿਬ, ਇਸ ’ਚ ਇਸ ਨੇ ਗ਼ਲਤ ਕੀ ਕੀਤਾ ਹੈ? ਉਸ ਨੂੰ ਆਪਣੀ ਡਿਊਟੀ ਕਰਨ ’ਤੇ ਮੈਂ ਕੀ ਕਾਰਵਾਈ ਕਰਾਂ? ਸਰਪੰਚ ਉਸ ਬਿਜਲੀ ਮੁਲਾਜ਼ਮ ’ਤੇ ਕਾਰਵਾਈ ਕਰਵਾਉਣੀ ਚਾਹੁੰਦਾ ਸੀ ਪਰ ਮੈਂ ਕੀਤੀ ਨਹੀਂ। ਬਾਅਦ ’ਚ ਮੈਨੂੰ ਐੱਸਐੱਚਓ ਮੈਡਮ ਨੇ ਦੱਸਿਆ ਕਿ ਸੁਖਦੇਵ, ਉਹੀ ਸਰਪੰਚ ਮੇਰੇ ਖ਼ਿਲਾਫ਼ ਫੇਸਬੁੱਕ ’ਤੇ ਇਨਸਾਫ਼ ਨਾ ਦੇਣ ਦੀਆਂ ਪੋਸਟਾਂ ਪਾ ਰਿਹਾ ਹੈ। ਦੱਸੋ ਮੈਂ ਉੱਥੇ ਗ਼ਲਤ ਕੀ ਕੀਤਾ?
ਫਿਰ ਵੀ ਸਾਡੇ ਵਰਗੇ ਪੁਲਿਸ ਅਫ਼ਸਰਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਇਹ ਸਭ ਗੱਲਾਂ ਸੁਣ ਕੇ ਮੇਰੇ ਕੋਲ ਕੋਈ ਵੀ ਜਵਾਬ ਨਹੀਂ ਸੀ ਕਿਉਂਕਿ ਮੈਡਮ ਕਿਤੇ ਵੀ ਗ਼ਲਤ ਨਹੀਂ ਸਨ। ਸੱਚ ਦਾ ਸਾਥ ਦੇਣ ’ਤੇ ਪੁਲਿਸ ਅਫ਼ਸਰਾਂ ਨੂੰ ਬਦਨਾਮ ਕਰਨਾ ਠੀਕ ਨਹੀਂ ਸਗੋਂ ਇਹੋ ਜਿਹੇ ਸਰਪੰਚਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਗ਼ਲਤ ਕੰਮ ਕਰਦੇ ਹਨ ਅਤੇ ਬਾਅਦ ’ਚ ਸੱਚੇ ਲੋਕਾਂ ਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕਰਦੇ ਹਨ। ਐੱਸਐੱਚਓ ਨੇ ਇਹ ਵੀ ਦੱਸਿਆ ਕਿ ਜਿਹੜੇ ਲੋਕ ਹਰਿਆਣੇ ਦੀ ਨਾਜਾਇਜ਼ ਸ਼ਰਾਬ ਵੇਚਦੇ ਹਨ, ਜਦ ਉਨ੍ਹਾਂ ’ਚੋਂ ਕਿਸੇ ਨੂੰ ਫੜ ਲਈਦਾ ਹੈ ਤਾਂ ਇਹੋ ਜਿਹੇ ਸਰਪੰਚ ਝੱਟ ਉਸ ਬੰਦੇ ਨੂੰ ਛੱਡਣ ਦੀ ਸਿਫ਼ਾਰਸ਼ ਕਰ ਦਿੰਦੇ ਹਨ।
ਸਵਾਲ ਇਹ ਹੈ ਕਿ ਕੀ ਦੋ ਨੰਬਰ ਵਿਚ ਸ਼ਰਾਬ ਵੇਚਣ ਵਾਲੇ ਲੋਕ ਅਜਿਹੇ ਸਰਪੰਚਾਂ ਨੂੰ ਚੰਗੇ ਲੱਗਦੇ ਹਨ? ਜਦੋਂ ਗ਼ਲਤ ਕੰਮ ਕਰਨ ਵਾਲਿਆਂ ਦਾ ਮੋਹਤਬਰ ਸਾਥ ਦਿੰਦੇ ਹਨ, ਫਿਰ ਨਸ਼ਿਆਂ ਨੂੰ ਠੱਲ੍ਹ ਕਿਵੇਂ ਪਵੇਗੀ? ਐੱਸਐੱਚਓ ਮੈਡਮ ਦੀ ਨੇਕ ਸੋਚਣੀ ਦਾ ਮੈਂ ਕਾਇਲ ਹੋ ਗਿਆ। ਵੇਖਿਆ ਜਾਵੇ ਤਾਂ ਸਾਰੇ ਪੁਲਿਸ ਅਫ਼ਸਰ ਮਾੜੇ ਨਹੀਂ ਹੁੰਦੇ। ਜ਼ਿਆਦਾਤਰ ਪੁਲਿਸ ਅਫ਼ਸਰ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕਰਦੇ ਹਨ।
ਜਿਹੜੇ ਪੁਲਿਸ ਅਫ਼ਸਰ ਸਿਆਸੀ ਲੋਕਾਂ ਦੀ ਗੱਲ ਨਹੀਂ ਸੁਣਦੇ, ਉਨ੍ਹਾਂ ਦੀ ਝੱਟ ਬਦਲੀ ਕਰਵਾ ਦਿੱਤੀ ਜਾਂਦੀ ਹੈ। ਪੰਜਾਬ ਪੁਲਿਸ ਨੂੰ ਵੀ ਵਿਕਸਤ ਦੇਸ਼ਾਂ ਦੀ ਪੁਲਿਸ ਵਾਂਗ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਕਾਨੂੰਨ ਮੁਤਾਬਕ ਕਾਰਵਾਈ ਕਰ ਸਕੇ। ਓਧਰ ਪੰਜਾਬ ਪੁਲਿਸ ਨੂੰ ਵੀ ਆਪਣੀ ਕਾਰਜ-ਸ਼ੈਲੀ ਵਿਚ ਸੁਧਾਰ ਲਿਆਉਣਾ ਚਾਹੀਦੇ ਹੈ ਅਤੇ ਇਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਬਾਹਰਲੇ ਮੁਲਕਾਂ ਦੀ ਪੁਲਿਸ ਵਾਂਗ ਇਮਾਨਦਾਰ ਬਣਨ ਦੀ ਬਹੁਤ ਲੋੜ ਹੈ।
-ਸੁਖਦੇਵ ਸਿੱਧੂ ਕੁਸਲਾ
-ਮੋਬਾਈਲ : 00447709875751