ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਅਰੰਭਿਆ ਸੰਘਰਸ਼ 262ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਇਸ ਮੌਕੇ ਹਰਜਿੰਦਰ ਸਿੰਘ ਰਤਨਹੇੜੀ ਅਤੇ ਅਮਨਦੀਪ ਵਰਮਾ ਅਤੇ ਹਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਲੱਕ ਤੋੜਵੀਂ ਮਹਿੰਗਾਈ ਦਾ ਬੋਝ ਦੇਸ਼ ’ਤੇ ਪਾਇਆ ਹੈ, ਦੇਸ਼ ਦਾ ਹਰ ਨਾਗਰਿਕ ਭਾਜਪਾ ਨੂੰ ਵੋਟ ਪਾ ਕੇ ਠੱਗਿਆ ਮਹਿਸੂਸ ਕਰ ਰਿਹਾ ਹੈ। ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕੱਠਪੁਤਲੀ ਬਣੀ ਹੋਈ ਹੈ ਅਤੇ ਇਹ ਘਰਾਣੇ ਰੋਜ਼ਾਨਾ ਘਰੇਲੂ ਵਸਤਾਂ ਵਿੱਚ ਮਹਿੰਗਾਈ ਕਰਕੇ ਆਮ ਲੋਕਾਂ ਦਾ ਕੰਚੂਮਰ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਨੇ ਅੱਛੇ ਦਿਨਾਂ ਦਾ ਵਾਅਦਾ ਕਰਕੇ ਦੇਸ਼ ਨੂੰ ਆਰਥਿਕ ਮੰਦੀ ਵੱਲ ਧੱਕ ਕੇ ਛੋਟੇ ਵਪਾਰੀਆਂ ਦਾ ਖਾਤਮਾ ਕੀਤਾ ਹੈ, ਦੂਜੇ ਪਾਸੇ ਕਰੋਨਾ ਦੀ ਆੜ ਹੇਠ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਚੱਲੀ ਹੈ, ਜਿਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਪਣੀਆਂ ਹੱਕੀ ਮੰਗਾਂ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਹਕੂਮਤ ਲੋਕਾਂ ’ਤੇ ਜ਼ੁਲਮ ਨਾ ਕਰ ਸਕੇ। ਕਿਸਾਨਾਂ ਨੇ ਕਿਹਾ ਕਿ ਹੁਣ ਦੇਸ਼ ਦੇ ਲੋਕ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਆਉਣ ਵਾਲੀਆਂ ਚੋਣਾਂ ਦੌਰਾਨ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਦਲਜੀਤ ਸਿੰਘ ਸਵੈਚ, ਅਵਤਾਰ ਸਿੰਘ, ਸੁੱਖੀ ਰਤਨਪਾਲੋਂ, ਹਰਜੀਤ ਸਿੰਘ, ਦੀਦਾਰ ਸਿੰਘ, ਹਵਾ ਸਿੰਘ, ਨੰਦ ਲਾਲ ਮਾਜਰੀ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਸੁਦਾਗਰ ਸਿੰਘ, ਏਕਮਜੋਤ ਸਿੰਘ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਬਿੱਟੂ ਖੰਨੇ ਵਾਲਾ, ਸੁੱਖ ਔਜਲਾ ਆਦਿ ਹਾਜ਼ਰ ਸਨ।