ਖੰਨਾ (ਪਰਮਜੀਤ ਸਿੰਘ ਧੀਮਾਨ) –ਜਿੱਥੇ ਕਾਂਗਰਸ ਸਰਕਾਰ ਸ਼ਹਿਰ ਵਿੱਚ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਏਸ਼ੀਆ ਦੀ ਵੱਡੀ ਅਨਾਜ ਮੰਡੀ ਵਿਖੇ ਬੂਥਾਂ ਦੇ ਅੱਗੇ ਵਾਲਾ ਰਸਤਾ ਵਿਕਾਸ ਦੀ ਪੋਲ ਖੋਲ੍ਹ ਰਿਹਾ ਹੈ। ਇਸ ਇਲਾਕੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਬਦ ਤੋਂ ਬਦਤਰ ਰਸਤੇ ਸਬੰਧੀ ਕਈ ਵਾਰ ਮਾਰਕੀਟ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪ੍ਰ੍ਰਤੂੁੰ ਕਿਸੇ ਅਧਿਕਾਰੀ ਨੇ ਕੋਈ ਹੱਲ ਨਹੀਂ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਬਰਸਾਤ ਮੌਕੇ ਇਸ ਇਲਾਕੇ ਦੀ ਹਾਲਤ ਕਾਰਨ ਦੁਕਾਨਦਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਪੈਂਦਾ ਹੈ। ਉਨ੍ਹਾਂ ਮਾਰਕੀਟ ਕਮੇਟੀ ਸਕੱਤਰ ਨੂੰ ਕਈ ਵਾਰ ਰਸਤਾ ਠੀਕ ਕਰਨ ਤੇ ਪਾਣੀ ਦਾ ਹੱਲ ਕਰਵਾਉਣ ਲਈ ਅਪੀਲ ਕੀਤੀ, ਪ੍ਰਤੂੰ ਪ੍ਰਸ਼ਾਸ਼ਨ ’ਤੇ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਖੜ੍ਹਦੇ ਬਦਬੂ ਮਾਰਦੇ ਗੰਦੇ ਪਾਣੀ ਕਾਰਨ ਹਰ ਸਮੇਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਯਾਦੂ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਵਿਕਾਸ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੇ ਕਾਰਨਾਮੇ ਹੁਣ ਸਭ ਦੇ ਸਾਹਮਣੇ ਹਨ। ਇਸ ਮੌਕੇ ਨਰੇਸ਼ ਦਾਦਾ, ਰਾਜੇਸ਼ ਖੰਨਾ, ਸੁਰਿੰਦਰ ਸ਼ਰਮਾ, ਜਗਦੀਸ਼ ਸਿੰਘ, ਅਸ਼ੀਸ਼ ਕੁਮਾਰ, ਆਸ਼ੂ ਸ਼ਰਮਾ, ਅਮਿਤ ਸ਼ਰਮਾ, ਰਵਿੰਦਰ ਕੁਮਾਰ, ਬਹਾਦਰ ਸਿੰਘ, ਤੇਜਿੰਦਰ ਸਿੰਘ, ਕਮਲਜੀਤ ਸਿੰਘ, ਤਲਵਿੰਦਰ ਸਿੰਘ, ਰਾਮ ਸਿੰਘ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਇਥੋਂ ਦੇ ਸਮਰਾਲਾ ਰੋਡ ਪੁੱਲ ਹੇਠਾਂ ਮੰਡੀ ਗੇਟ ਨੰਬਰ-2 ਦੇ ਸਾਹਮਣੇ ਖੁੱਲ੍ਹੇ ਪਲਾਟ ਵਿੱਚ ਗੰਦਗੀ ਦੇ ਢੇਰ ਕਾਰਨਾਂ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਊਮਨ ਰਾਈਟਸ ਜਨ ਚੇਤਨ ਮਿਸ਼ਨ ਦੇ ਪ੍ਰਧਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਗੰਦਗੀ ਦੇ ਢੇਰ ਕਾਰਨ ਇਲਾਕੇ ਵਿਚ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਇਸ ਇਲਾਕੇ ਵਿਚ ਹਰ ਸੋਮਵਾਰ ਅਤੇ ਵੀਰਵਾਰ ਸਬਜ਼ੀ ਮੰਡੀ ਲੱਗਦੀ ਹੈ, ਜਿੱਥੇ ਸ਼ਹਿਰ ਦੇ ਅਨੇਕਾਂ ਲੋਕ ਸ਼ਬਜੀ ਖ਼੍ਰੀਦਣ ਆਉਂਦੇ ਹਨ। ਉਨ੍ਹਾਂ ਪਲਾਟ ਮਾਲਕ ਅਤੇ ਨਗਰ ਕੌਂਸਲ ਨੂੰ ਇਸ ਬਦਬੂ ਮਾਰਦੇ ਕੂੜੇ ਨੂੰ ਜਲਦ ਹਟਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ਿਵ ਕੁਮਾਰ, ਜਸਵੰਤ ਕੁਮਾਰ, ਸੰਜੀਵ ਕੁਮਾਰ, ਰਾਜ ਕੁਮਾਰ, ਮਨਜੀਤ ਸਿੰਘ, ਹਰੀ ਸ਼ੰਕਰ, ਗੁਰਚਰਨ ਸਿੰਘ, ਸੁੱਖਾ ਸਿੰਘ, ਅਮਨ ਛਾਬੜਾ ਆਦਿ ਹਾਜ਼ਰ ਸਨ।