ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਸਰਕਲ ਖੰਨਾ ਦੇ ਸਮੂਹ ਇੰਜੀਨੀਅਰਾਂ ਨੇ ਆਪਣੀਆਂ ਹੱਕੀਂ ਮੰਗਾਂ ਲਈ ਇਥੋਂ ਪਾਵਰਕਾਮ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਮੌਕੇ ਬੋਲਦਿਆਂ ਇੰਜ. ਦਵਿੰਦਰ ਸਿੰਘ ਨੇ ਕਿਹਾ ਕਿ ਨੈਸ਼ਨਲ ਕੋ-ਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਇਹ ਧਰਨੇ ਪੂਰੇ ਪੰਜਾਬ ਵਿਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਐਕਟ-2021 ਜੋ ਸੰਸਦ ਵਿਚ ਚੱਲ ਰਹੇ ਮਾਨਸੂਨ ਇਜਲਾਸ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕਰਨ ਦੀ ਸੰਭਾਵਨਾ ਹੈ, ਜਿਸ ਦਾ ਪੂਰੇ ਪੰਜਾਬ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਦਵਿੰਦਰ ਸਿੰਘ ਅਤੇ ਜਗਰੂਪ ਸਿੰਘ ਨੇ ਕਿਹਾ ਕਿ ਇਸ ਐਕਟ ਦੇ ਪਾਸ ਹੋਣ ਨਾਲ ਸਮੁੱਚੇ ਦੇਸ਼ ਦਾ ਬਿਜਲੀ ਪ੍ਰਬੰਧ ਪ੍ਰਾਈਵੇਟ ਕੰਪਨੀਆਂ ਦੇ ਹੱਥ ਵਿਚ ਚਲਾ ਜਾਵੇਗਾ, ਜਿਸ ਨਾਲ ਬਿਜਲੀ ਮਹਿੰਗੀ ਹੋਵੇਗੀ ਅਤੇ ਕਿਸਾਨ-ਮਜ਼ਦੂਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ। ਇਸ ਨਾਲ ਭਵਿੱਖ ਵਿਚ ਸਰਕਾਰੀ ਨੌਕਰੀਆਂ ਦੇ ਮੌਕੇ ਵੀ ਖ਼ਤਮ ਹੋ ਜਾਣਗੇ, ਇਸ ਲਈ ਬਿਜਲੀ ਕਾਮੇ ਤੇ ਇੰਜੀਨੀਅਰਾਂ ਵੱਲੋਂ ਇਸ ਬਿੱਲ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬਿੱਲ ਪਾਸ ਕਰਨ ਤੇ ਬੇਜ਼ਿੱਦ ਰਹੀ ਤਾਂ ਸਮੁੱਚੇ ਦੇਸ਼ ਦੀਆਂ ਬਿਜਲੀ ਜੱਥੇਬੰਦੀਆਂ ਇਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਤੇਜ਼ ਕਰਨਗੀਆਂ, ਜਿਸ ਦੀ ਜ਼ੁੰਮੇਵਾਰੀ ਸਰਕਾਰ ਸਿਰ ਹੋਵੇਗੀ। ਉਪਰੋਕਤ ਆਗੂਆਂ ਨੇ ਕਿਹਾ ਕਿ ਸਰਕਾਰ ਜੂਨੀਅਰ ਇੰਜੀਨੀਅਰਾਂ ਦੀਆਂ ਮੰਗਾਂ ਜਿਵੇਂ ਕਿ ਘੱਟ ਤਨਖਾਹ ਸਕੇਲ, ਟੈਕਨੀਕਲ ਤੇ ਕਲੈਰੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ, ਸਬ-ਸਟੇਸ਼ਨ ਸਟਾਫ਼ ਨੂੰ ਸੁਰੱਖਿਆ ਮੁਹੱਈਆ ਕਰਵਾਉਣ, ਨਵੇਂ ਜੇ.ਈਜ਼ ਨੂੰ ਡਾਕਟਰਾਂ ਦੀ ਤਰਜ਼ ’ਤੇ ਪੂਰੀ ਤਨਖਾਹ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਤਰੱਕੀ ਖੜੋਤ ਨੂੰ ਦੂਰ ਆਦਿ ਸਬੰਧੀ ਲਗਾਤਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਦੇ ਵਿਰੋਧ ਵਿਚ ਜਲਦ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਸਿੰਘ, ਜਗਪਾਲ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਗੁਰਦਰਸ਼ਨ ਸਿੰਘ, ਕਮਲਜੀਤ ਸਿੰਘ, ਹਰਭਜਨ ਸਿੰਘ, ਅਮਨਦੀਪ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
2021-08-10