ਖੰਨਾ (ਪਰਮਜੀਤ ਸਿੰਘ ਧੀਮਾਨ) – ਰੇਲਵੇ ਵਿਭਾਗ ਵੱਲੋਂ ਨੇੜਲੇ ਪਿੰਡ ਹਰਬੰਸਪੁਰਾ ਵਿਖੇ ਲੋਕਾਂ ਦੀ ਸਹੂਲਤ ਲਈ ਬਣਾਇਆ ਜਾਣ ਵਾਲਾ ਪੁੱਲ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ। ਵਿਭਾਗ ਦੀ ਲੇਟ ਲਤੀਫੀ ਖਿਲਾਫ਼ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਪਿਸ਼ੋਰ ਸਿੰਘ ਅਤੇ ਸੁਰਮੁੱਖ ਸਿੰਘ ਨੇ ਕਿਹਾ ਕਿ ਪਿੰਡ ਹਰਬੰਸਪੁਰਾ ਤੋਂ ਰੂਪਾ, ਬਗਲੀ ਤੇ ਹੋਰ ਪਿੰਡਾਂ ਨੂੰ ਜਾਣ ਵਾਲੇ ਰਸਤੇ ’ਤੇ ਲੰਬੇ ਸਮੇਂ ਤੱਕ ਫਾਟਕ ਲੱਗੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਪੁੱਲ ਦਾ ਨਿਰਮਾਣ ਮਾਰਚ ਮਹੀਨੇ ਸ਼ੁਰੂ ਕੀਤਾ ਸੀ, ਪਰ ਅਚਾਨਕ 15 ਦਿਨ ਪਹਿਲਾ ਕੰਮ ਰੋਕ ਦਿੱਤਾ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ ਵੀ ਰੇਲਵੇ ਲਾਈਨ ਦੇ ਦੂਜੇ ਪਾਸੇ ਹੈ, ਜਿਸ ਕਾਰਨ ਰੋਜ਼ਾਨਾ ਪਸ਼ੂਆਂ ਲਈ ਚਾਰਾ ’ਤੇ ਖੇਤਾਂ ਵਿਚ ਹੋਰ ਕੰਮ ਲਈ 5-7 ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਜੇਕਰ ਜਲਦ ਇਸ ਪੁੱਲ ਦਾ ਕੰਮ ਅਰੰਭ ਨਾ ਹੋਇਆ ਤਾਂ ਪ੍ਰਸ਼ਾਸ਼ਨ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਝੋਨੇ ਦੀ ਵਾਢੀ ਅਤੇ ਆਲੂਆਂ ਦੀ ਬਿਜਾਈ ਦਾ ਸਮਾਂ ਹੈ, ਇਸ ਲਈ ਜਲਦ ਤੋਂ ਜਲਦ ਕੰਮ ਅਰੰਭ ਕੀਤਾ ਜਾਵੇ ਤਾਂ ਜੋ ਲੋਕ ਖੱਜਲ ਖੁਆਰੀ ਤੋਂ ਬਚ ਸਕਣ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਮੰਗ-ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ, ਜ਼ੋਰਾ ਸਿੰਘ, ਬਲਬੀਰ ਸਿੰਘ, ਪ੍ਰਗਟ ਸਿੰਘ, ਕੇਸਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਜੱਗਾ ਸੰਧੂ, ਇਕਬਾਲ ਸਿੰਘ ਆਦਿ ਹਾਜ਼ਰ ਸਨ। ਦੂਜੇ ਪਾਸੇ ਇਸ ਸਬੰਧੀ ਰੇਲਵੇ ਵਿਭਾਗ ਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਵਿਭਾਗ ਵੱਲੋਂ ਸਾਨੂੰ ਬਲਾਕ ਨਹੀਂ ਮਿਲਿਆ, ਜਿਸ ਕਾਰਨ ਪੁੱਲ ਦਾ ਕੰਮ ਰੋਕਣਾ ਪਿਆ ਹੈ, ਜਦੋਂ ਬਲਾਕ ਮਿਲ ਜਾਵੇਗਾ ਨਾਲ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।






















