ਅਕਾਲੀ ਦਲ ਜੋ ਆਪਣਾ ਆਧਾਰ ਗੁਆ ਚੁੱਕਾ ਹੈ, ਕਦੇ ਆਉਂਦਾ ਸੀ ਮਾਝੇ ਰਾਹੀਂ ਸੱਤਾ ਵਿੱਚ

ਤਰਨਤਾਰਨ, ਮੀਡੀਆ ਬਿਊਰੋ:

ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਪੰਥ ਵਿੱਚੋਂ ਨਿਕਲੀ ਪਾਰਟੀ ਅੱਜ ਪੰਜਾਬ ਵਿੱਚੋਂ ਹੀ ਆਧਾਰ ਗੁਆ ਬੈਠੀ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਜਿਸ ਮਾਝੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿਚ ਜਾਣ ਦਾ ਰਾਹ ਨਿਕਲਦਾ ਸੀ, ਉੱਥੋਂ ਵੀ ਅਕਾਲੀ ਦਲ ਦਾ ਸਫ਼ਾਇਆ ਹੋ ਗਿਆ ਹੈ, ਜਿਸ ਨੂੰ ਲੈ ਕੇ ਪਾਰਟੀ ਦੇ ਆਗੂਆਂ ਦੇ ਮੱਥਿਆਂ ’ਤੇ ਚਿੰਤਾ ਦੀਆਂ ਲਕੀਰਾਂ ਵੀ ਉੱਭਰ ਆਈਆਂ ਹਨ। ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਐਮਰਜੈਂਸੀ ਤੋਂ ਬਾਅਦ ਅਕਾਲੀ ਦਲ ਦੇ ਪੱਖ ਵਿਚ ਆਏ ਇੱਥੋਂ ਦੇ ਪੰਥਕ ਕਹੇ ਜਾਣ ਲੱਗੇ ਹਲਕਿਆਂ ’ਚੋਂ 2017 ’ਚ ਗਈ ਸਰਦਾਰੀ 2022 ’ਚ ਵੀ ਵਾਪਸ ਨਾ ਆ ਸਕੀ। ਦੱਸ ਦਈਏ ਕਿ ਜ਼ਿਲ੍ਹੇ ਦੇ ਚਾਰ ਹਲਕਿਆਂ ਤਰਨਤਾਰਨ, ਵਲਟੋਹਾ ਜੋ 2012 ਤੋਂ ਖੇਮਕਰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸਮੇਤ ਪੱਟੀ ਅਤੇ ਖਡੂਰ ਸਾਹਿਬ ’ਚ ਹੋਈਆਂ 10 ਚੋਣਾਂ ਦੌਰਾਨ ਅਕਾਲੀ ਦਲ ਦੇ 25 ਅਤੇ ਕਾਂਗਰਸ ਦੇ 13 ਵਿਧਾਇਕ ਬਣੇ ਸਨ ਜਦੋਂਕਿ ਦੋ ਵਾਰ ਆਜ਼ਾਦ ਤੇ ਇਕ ਵਾਰ ਸੀਪੀਆਈ ਦਾ ਵਿਧਾਇਕ ਵੀ ਵਿਧਾਨ ਸਭਾ ਪਹੁੰਚਿਆ।

ਵਲਟੋਹਾ ’ਚ 1972 ਤੋਂ 2017 ਤਕ 6 ਵਾਰ ਅਕਾਲੀ ਦਲ

ਵਿਧਾਨ ਸਭਾ ਹਲਕਾ ਵਲਟੋਹਾ ਦੀ ਗੱਲ ਕਰੀਏ ਤਾਂ ਇੱਥੇ ਵੀ ਬਹੁਤੀ ਵਾਰ ਅਕਾਲੀ ਦਲ ਦਾ ਹੀ ਬੋਲਬਾਲਾ ਰਿਹਾ ਹੈ। 1972 ’ਚ ਸੀਪੀਆਈ ਦੇ ਉਮੀਦਵਾਰ ਅਰਜਨ ਸਿੰਘ 23748 ਵੋਟਾਂ ਨਾਲ ਵਿਧਾਇਕ ਬਣਨ ਤੋਂ ਬਾਅਦ 1977 ਤੋਂ ਅਕਾਲੀ ਦਲ ਦੀ ਸਰਦਾਰੀ ਇਸ ਸੀਟ ’ਤੇ ਬਣੀ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਜਗੀਰ ਸਿੰਘ 20656 ਵੋਟਾਂ ਲੈ ਕੇ ਵਿਧਾਇਕ ਬਣੇ ਸਨ। 1980 ’ਚ ਮੇਜਰ ਸਿੰਘ ਉਬੋਕੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲਡ਼ੀ ਤੇ ਉਹ ਵੀ 28020 ਵੋਟਾਂ ਲੈ ਕੇ ਵਿਧਾਨ ਸਭਾ ਪਹੁੰਚੇ ਅਤੇ 1985 ’ਚ ਵੀ ਮੇਜਰ ਸਿੰਘ ਨੇ 23822 ਵੋਟਾਂ ਨਾਲ ਅਕਾਲੀ ਦਲ ਦੀ ਜਿੱਤ ਦੀ ਹੈਟ੍ਰਿਕ ਬਣਾਈ। 1992 ’ਚ ਕਾਂਗਰਸ ਦੇ ਗੁਰਚੇਤ ਸਿੰਘ ਇੱਥੋਂ 20048 ਵੋਟਾਂ ਲੈ ਕੇ ਵਿਧਾਇਕ ਬਣੇ ਪਰ 1997 ’ਚ ਮੁਡ਼ ਕਾਂਗਰਸ ਹੱਥੋਂ ਇਹ ਸੀਟ ਚਲੀ ਗਈ ਅਤੇ ਅਕਾਲੀ ਦਲ ਦੇ ਜਗੀਰ ਸਿੰਘ 37733 ਵੋਟਾਂ ਲੈ ਕੇ ਵਿਧਾਨ ਸਭਾ ’ਚ ਪਹੁੰਚੇ। 2002 ਦੀਆਂ ਚੋਣਾਂ ’ਚ ਇਕ ਵਾਰ ਫਿਰ ਗੁਰਚੇਤ ਸਿੰਘ ਨੇ ਕਾਂਗਰਸ ਪਾਰਟੀ ਵੱਲੋਂ 39064 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦੋਂਕਿ 2007 ’ਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋ. ਵਿਰਸਾ ਸਿੰਘ ਵਲਟੋਹਾ ’ਤੇ ਬਾਜ਼ੀ ਖੇਡੀ ਤੇ ਉਹ 52085 ਵੋਟਾਂ ਲੈ ਕੇ ਪਹਿਲੀ ਵਾਰ ਵਿਧਾਇਕ ਬਣੇ। 2012 ’ਚ ਵਲਟੋਹਾ ਹਲਕੇ ਦਾ ਨਾਂ ਖੇਮਕਰਨ ਹੋਇਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ. ਵਿਰਸਾ ਸਿੰਘ ਵਲਟੋਹਾ ਮੁਡ਼ 73328 ਵੋਟਾਂ ਲੈ ਕੇ ਵਿਧਾਨ ਸਭਾ ਦੀਆਂ ਪੌਡ਼ੀਆਂ ਚਡ਼੍ਹਨ ਵਿਚ ਸਫਲ ਹੋਏ। ਇਹ ਸੀਟ ਵੀ 2017 ’ਚ ਅਕਾਲੀ ਦਲ ਹੱਥੋਂ ਗਈ ਅਤੇ ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ 81897 ਵੋਟਾਂ ਲੈ ਕੇ ਪਹਿਲੀ ਵਾਰ ਵਿਧਾਇਕ ਬਣੇ ਪਰ 2022 ’ਚ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਨੂੰ ਵੀ ਇਸ ਸੀਟ ਤੋਂ ਹੱਥ ਧੋਣਾ ਪਿਆ।

1972 ਤੋਂ 17 ਤਕ 7 ਵਾਰ ਅਕਾਲੀ ਦਲ ਦੀ ਜਿੱਤ ਵਾਲਾ ਪੰਥਕ

ਖਡੂਰ ਸਾਹਿਬ ਹਲਕੇ ਵਿਚ 1972 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਜਸਵੰਤ ਕੌਰ 25292 ਵੋਟਾਂ ਹਾਸਲ ਕਰ ਕੇ ਜੇਤੂ ਹੋਈ ਸੀ। 1977 ’ਚ ਰਾਖਵਾਂ ਹਲਕਾ ਬਣੇ ਖਡੂਰ ਸਾਹਿਬ ਤੋਂ ਨਰੰਜਣ ਸਿੰਘ ਨੇ ਅਕਾਲੀ ਦਲ ਵੱਲੋਂ ਚੋਣ ਲਡ਼ੀ ਅਤੇ 16754 ਵੋਟਾਂ ਲੈ ਕੇ ਜੇਤੂ ਬਣੇ। 1980 ’ਚ ਕਾਂਗਰਸ ਦੇ ਲੱਖਾ ਸਿੰਘ ਨੇ 11930 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਅਤੇ ਫਿਰ ਇਸ ਹਲਕੇ ਵਿਚ ਅਕਾਲੀ ਦਲ ਦਾ ਅਜਿਹਾ ਦੌਰ ਸ਼ੁਰੂ ਹੋਇਆ ਕਿ ਲਗਾਤਾਰ ਪੰਜ ਵਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣੇ। 1985 ’ਚ ਅਕਾਲੀ ਦਲ ਦੇ ਤਾਰਾ ਸਿੰਘ 24370, 1992 ’ਚ ਅਕਾਲੀ ਦਲ ਦੇ ਰਣਜੀਤ ਸਿੰਘ 4034, 1997 ’ਚ ਅਕਾਲੀ ਦਲ ਦੇ ਰਣਜੀਤ ਸਿੰਘ 45292, 2002 ’ਚ ਅਕਾਲੀ ਦਲ ਦੇ ਮਨਜੀਤ ਸਿੰਘ ਮੰਨਾ 37200 ਅਤੇ 2007 ਦੀਆਂ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਮੰਨਾ 43470 ਵੋਟਾਂ ਲੈ ਕੇ ਵਿਧਾਇਕ ਬਣਨ ਵਿਚ ਸਫਲ ਹੋਏ। 2012 ’ਚ ਖਡੂਰ ਸਾਹਿਬ ਹਲਕਾ ਮੁਡ਼ ਜਨਰਲ ਹੋਇਆ ਅਤੇ ਇੱਥੋਂ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੇ 66902 ਵੋਟਾਂ ਹਾਸਲ ਕਰ ਕੇ ਅਕਾਲੀ ਦਲ ਹੱਥੋਂ ਸੀਟ ਖੋਹ ਲਈ। ਹਾਲਾਂਕਿ 2016 ’ਚ ਹੋਈ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ 83080 ਵੋਟਾਂ ਲੈ ਕੇ ਜਿੱਤ ਗਏ ਪਰ 2017 ਦੀਆਂ ਆਮ ਚੋਣਾਂ ਦੌਰਾਨ ਮੁਡ਼

ਰਮਨਜੀਤ ਸਿੰਘ ਸਿੱਕੀ ਨੇ 64666 ਵੋਟਾਂ ਹਾਸਲ ਕਰ ਕੇ ਮੁਡ਼ ਕਾਂਗਰਸ ਦੀ ਝੋਲੀ ਵਿਚ ਸੀਟ ਪਾ ਦਿੱਤੀ ਅਤੇ 2022 ’ਚ ਕਾਂਗਰਸ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਇਸ ਹਲਕੇ ’ਚ ਆਪਣੀ ਵਾਪਸੀ ਨਾ ਕਰ ਸਕਿਆ।

1977 ਤੋਂ 2007 ਤਕ 5 ਵਾਰ ਅਕਾਲੀ ਦਲ ਤੇ ਦੋ ਵਾਰ ਜਿੱਤੀ ਕਾਂਗਰਸ

ਤਰਨਤਾਰਨ ਜ਼ਿਲ੍ਹੇ ’ਚ ਸਾਲ 2007 ਤਕ ਰਹੇ ਹਲਕਾ ਨੌਸ਼ਹਿਰਾ ਪਨੂੰਆਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਰਹੀ ਹੈ। ਇੱਥੇ 1977 ਤੋਂ 2007 ਤਕ ਹੋਈਆਂ 7 ਚੋਣਾਂ ਵਿਚ 5 ਵਾਰ ਅਕਾਲੀ ਦਲ ਦੇ ਦੋ ਵਾਰ ਕਾਂਗਰਸ ਨੇ ਜਿੱਤ ਦਰਜ ਕਰਵਾਈ ਹੈ। 1977 ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ ਰਣਜੀਤ ਸਿੰਘ ਨੇ 22428 ਵੋਟਾਂ ਹਾਸਲ ਕਰਕ ੇ ਜਿੱਤ ਦਰਜ ਕਰਵਾਈ ਸੀ, ਜਦੋਂਕਿ 1980 ’ਚ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਪੁੱਤਰ ਮਰਹੂਮ ਸੁਰਿੰਦਰ ਸਿੰਘ ਕੈਰੋਂ 1980 ’ਚ 26980 ਵੋਟਾਂ ਹਾਸਲ ਕਰਕੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਬਣੇ। 1985 ’ਚ ਸ਼੍ਰੋਮਣੀ ਅਕਾਲੀ ਦਲ ਦੇ ਹਰਭਜਨ ਸਿੰਘ 17388 ਵੋਟਾਂ ਹਾਸਲ ਕਰ ਕੇ ਵਿਧਾਇਕ ਬਣੇ। 1992 ਦੇ ਬਾਈਕਾਟ ਮੌਕੇ ਕਾਂਗਰਸ ਦੇ ਮਾਸਟਰ ਜਗੀਰ ਸਿੰਘ 4418 ਵੋਟਾਂ ਲੈ ਕੇ ਵਿਧਾਨ ਸਭਾ ਪਹੁੰਚੇ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵਜ਼ਾਰਤ ’ਚ ਮੰਤਰੀ ਬਣੇ। 1997 ’ਚ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 48339 ਵੋਟਾਂ ਲੈ ਕੇ ਜਿੱਤ ਦਰਜ ਕਰਵਾਈ ਅਤੇ ਕੈਬਨਿਟ ਵਜ਼ੀਰ ਬਣੇ, ਜਦੋਂਕਿ 2002 ਅਤੇ 2007 ਦੀਆਂ ਚੋਣਾਂ ਵਿਚ ਵੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲਡ਼ਦਿਆਂ 36153 ਅਤੇ 39846 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕਰਵਾਈ। ਹਾਲਾਂਕਿ 2012 ’ਚ ਹਲਕਾਬੰਦੀ ਤੋਂ ਬਾਅਦ ਇਹ ਹਲਕਾ ਖਤਮ ਹੋ ਗਿਆ ਅਤੇ ਨਾਲ ਹੀ ਰਣਜੀਤ ਸਿੰਘ ਬ੍ਰਹਮਪੁਰਾ ਜੋ ਖਡੂਰ ਸਾਹਿਬ ਹਲਕੇ ਵਿਚ ਚਲੇ ਗਏ ਸਨ, ਦਾ ਜੇਤੂ ਰੱਥ ਵੀ ਰੁਕ ਗਿਆ। ∙

ਤਰਨਤਾਰਨ ਹਲਕੇ ’ਚ 1972 ਤੋਂ 2017 ਤਕ 5 ਵਾਰ ਅਕਾਲੀ, 3 ਵਾਰ ਕਾਂਗਰਸ ਤੇ 2 ਵਾਰ ਆਜ਼ਾਦ ਬਣੇ ਵਿਧਾਇਕ

ਤਰਨਤਾਰਨ ਵਿਧਾਨ ਸਭਾ ਹਲਕੇ ’ਚ 1972 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਦਿਲਬਾਗ ਸਿੰਘ ਡਾਲੇਕੇ 32646 ਵੋਟਾਂ ਲੈ ਕੇ ਵਿਧਾਇਕ ਬਣੇ ਸਨ ਅਤੇ ਫਿਰ 1977 ’ਚ ਮਨਜਿੰਦਰ ਸਿੰਘ ਬਹਿਲਾ ਨੇ 18266 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਦਹਿਲੀਜ਼ ਟੱਪੀ। 1980 ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਲਾਲਪੁਰਾ 30053 ਵੋਟਾਂ ਲੈ ਕੇ ਵਿਧਾਇਕ ਬਣੇ ਤੇ 1985 ’ਚ 27199 ਵੋਟਾਂ ਨਾਲ ਮੁਡ਼ ਵਾਪਸੀ ਕੀਤੀ। 1992 ’ਚ ਅਕਾਲੀ ਦਲ ਵੱਲੋਂ ਕੀਤੇ ਬਾਈਕਾਟ ਦੇ ਚੱਲਦਿਆਂ ਕਾਂਗਰਸ ਦੇ ਦਿਲਬਾਗ ਸਿੰਘ ਡਾਲੇਕੇ ਬਿਨਾਂ ਮੁਕਾਬਲਾ ਵਿਧਾਇਕ ਬਣ ਗਏ ਸਨ ਤੇ 1997 ’ਚ ਪ੍ਰੇਮ ਸਿੰਘ ਲਾਲਪੁਰਾ ਨੇ ਮੁਡ਼ 45121 ਵੋਟਾਂ ਲੈ ਕੇ ਤਰਨਤਾਰਨ ਹਲਕੇ ’ਚ ਅਕਾਲੀ ਦਲ ਦੀ ਜਿੱਤ ਵਾਪਸ ਲਿਆਂਦੀ। 2002 ਹਰਮੀਤ ਸਿੰਘ ਸੰਧੂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲਡ਼ੀ ਅਤੇ 30560 ਵੋਟਾਂ ਲੈ ਕੇ ਵਿਧਾਨ ਸਭਾ ਵਿਚ ਪਹਿਲੀ ਵਾਰ ਪੁੱਜੇ। 2007 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹਰਮੀਤ ਸਿੰਘ ਸੰਧੂ ਹੀ ਆਪਣਾ ਉਮੀਦਵਾਰ ਬਣਾ ਦਿੱਤਾ ਅਤੇ 44841 ਵੋਟਾਂ ਲੈ ਕੇ ਦੂਸਰੀ ਵਾਰ ਵਿਧਾਇਕ ਬਣਨ ਵਿਚ ਕਾਮਯਾਬ ਰਹੇ। 2012 ਦੀਆਂ ਚੋਣਾਂ ਵਿਚ ਜਿੱਤ ਦੀ ਹੈਟ੍ਰਿਕ ਬਣਾਉਂਦਿਆਂ ਹਰਮੀਤ ਸਿੰਘ ਸੰਧੂ ਮੁਡ਼ ਚੋਣ ਜਿੱਤੇ, ਜਦੋਂਕਿ 2017 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ 59794 ਵੋਟਾਂ ਨਾਲ ਤਰਨਤਾਰਨ ਹਲਕੇ ਤੋਂ ਸਿੱਧੀ ਲਡ਼ਾਈ ’ਚ 45 ਸਾਲ ਬਾਅਦ ਕਾਂਗਰਸ ਦੀ ਸੀਟ ਵਾਪਸ ਲੈਣ ਵਿਚ ਕਾਮਯਾਬ ਹੋਏ। ਹਾਲਾਂਕਿ 2022 ਦੀਆਂ ਚੋਣਾਂ ’ਚ ਆਪ ਦੀ ਚੱਲੀ ਹਨੇਰੀ ਨੇ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਦਾ ਵੀ ਸਫ਼ਾਇਆ ਕਰ ਦਿੱਤਾ।

ਵਾਰ ਅਕਾਲੀ ਦਲ ਦੇ ਹੱਥ ਵਿਚ ਰਹੀ ਪੱਟੀ ਦੀ ਸੀਟ, ਕਾਂਗਰਸ ਜਿੱਤੀ 3 ਵਾਰ

ਪੱਟੀ ਹਲਕੇ ’ਚ 1972 ਤੋਂ 2017 ਤਕ ਹੋਈਆਂ 10 ਵਾਰ ਦੀਆਂ ਚੋਣਾਂ ਦੌਰਾਨ 7 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਤਿੰਨ ਵਾਰ ਕਾਂਗਰਸ ਦੇ ਹੱਥ ਵਾਗਡੋਰ ਗਈ ਹੈ। 1972 ਦੀ ਚੋਣ ਕਾਂਗਰਸ ਦੇ ਸੁਰਿੰਦਰ ਸਿੰਘ ਨੇ 31920 ਵੋਟਾਂ ਹਾਸਲ ਕਰ ਕੇ ਜਿੱਤੀ ਸੀ ਅਤੇ 1977, 1980 ਅਤੇ 1985 ’ਚ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਰੰਜਣ ਸਿੰਘ ਨੇ ਲਗਾਤਾਰ ਕ੍ਰਮਵਾਰ 24964, 29894 ਅਤੇ 31428 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕਰਵਾਈ। 1992 ਦੇ ਬਾਈਕਾਟ ਦੌਰਾਨ ਕਾਂਗਰਸ ਦੇ ਸੁਖਵਿੰਦਰ ਸਿੰਘ ਪੱਟੀ ਹਲਕੇ ਤੋਂ ਮਾਤਰ 6303 ਵੋਟਾਂ ਹਾਸਲ ਕਰ ਕੇ ਹੀ ਵਿਧਾਇਕ ਬਣਨ ਵਿਚ ਸਫਲ ਹੋਏ ਸਨ। ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਦੇ ਹੱਥੋਂ ਸੀਟ ਅਜਿਹੀ ਗਵਾਚੀ ਕਿ 1997, 2002, 2007 ਅਤੇ 2012 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ 60721, 44703, 55485 ਅਤੇ 64414 ਵੋਟਾਂ ਹਾਸਲ ਕਰ ਕੇ ਚਾਰ ਵਾਰ ਲਗਾਤਾਰ ਵਿਧਾਇਕ ਬਣਨ ਵਿਚ ਸਫਲ ਹੋਏ। ਤਰਨਤਾਰਨ ਜ਼ਿਲ੍ਹੇ ਦਾ ਪੱਟੀ ਹਲਕਾ ਅਜਿਹਾ ਬਣਿਆ, ਜਿੱਥੇ ਅਕਾਲੀ ਦਲ ਦੇ ਦੋ ਉਮੀਦਵਾਰਾਂ ਨਰੰਜਣ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕ੍ਰਮਵਾਰ ਤਿੰਨ ਅਤੇ ਚਾਰ ਵਾਰ ਲਗਾਤਾਰ ਜਿੱਤ ਦਰਜ ਕਰਵਾਈ। 2017 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਹਰਮਿੰਦਰ ਸਿੰਘ ਗਿੱਲ ਮੈਦਾਨ ਵਿਚ ਉੱਤਰੇ ਸਨ, ਜਿਨ੍ਹਾਂ ਨੇ 64617 ਵੋਟਾਂ ਲੈ ਕੇ ਅਕਾਲੀ ਦਲ ਨੂੰ ਮਾਤ ਦਿੱਤੀ ਅਤੇ 2022 ਦੀਆਂ ਚੋਣਾਂ ਵਿਚ ਇੱਥੋਂ ਵੀ ਅਕਾਲੀ ਦਲ ਤੇ ਕਾਂਗਰਸ ਦਾ ਸਫ਼ਾਇਆ ਹੋ ਗਿਆ।

Share This :

Leave a Reply