ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਹੁਣ 4 ਜੁਲਾਈ ਤੋਂ ਹੋਵੇਗਾ ਪਾਕਿਸਤਾਨ ‘ਚ ਅੰਦੋਲਨ

ਇਸਲਾਮਾਬਾਦ (ਮੀਡੀਆ ਬਿਊਰੋ): ਵਿਰੋਧੀ ਧਿਰ ਦੀਆਂ ਗਿਆਰਾਂ ਸਿਆਸੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਇਮਰਾਨ ਖ਼ਿਲਾਫ਼ ਅਗਲੇ ਗੇੜ ‘ਚ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਅੰਦੋਲਨ ਦੀ ਸ਼ੁਰੂਆਤ ਸਵਾਤ ਜ਼ਿਲ੍ਹੇ ਤੋਂ ਚਾਰ ਜੁਲਾਈ ਨੂੰ ਹੋਵੇਗੀ। ਪੀਡੀਐੱਮ ਦੇ ਕਨਵੀਨਰ ਫਜ਼ਲੁਰ ਰਹਿਮਾਨ ਨੇ ਦੱਸਿਆ ਕਿ ਸਵਾਤ ‘ਚ ਚਾਰ ਜੁਲਾਈ ਨੂੰ ਇਕ ਵੱਡੇ ਮੁਜ਼ਾਹਰੇ ਤੋਂ ਬਾਅਦ ਕਰਾਚੀ, ਇਸਲਾਮਾਬਾਦ ਤੇ ਹੋਰ ਸ਼ਹਿਰਾਂ ‘ਚ ਵੀ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਰਹਿਮਾਨ ਨੇ ਦੱਸਿਆ ਕਿ ਇਸ ਸਬੰਧੀ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਨਾਲ ਬੈਠਕ ਕਰ ਲਈ ਗਈ ਹੈ। ਬੈਠਕ ‘ਚ ਈਵੀਐੱਮ ਰਾਹੀਂ ਚੋਣ ਕਰਵਾਉਣ ਦੀ ਕੋਸ਼ਿਸ਼ ਨੂੰ ਵੀ ਘਪਲਾ ਮੰਨਿਆ ਗਿਆ ਹੈ। ਵਿਰੋਧੀ ਧਿਰ ਗਠਜੋੜ ਨੇ ਈਵੀਐੱਮ ਰਾਹੀਂ ਚੋਣ ਕਰਵਾਉਣ ਦੀ ਯੋਜਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਸੁਤੰਤਰ ਪੱਤਰਕਾਰ ਅਸਦ ਅਲੀ ਤੂਰ ‘ਤੇ ਜਾਨਲੇਵਾ ਹਮਲੇ ਕਾਰਨ ਵਿਦੇਸ਼ ‘ਚ ਹੋ ਰਹੀ ਆਲੋਚਨਾ ਤੋਂ ਬਾਅਦ ਖ਼ੁਫ਼ੀਆ ਏਜੰਸੀ ਆਈਐੱਸਆਈ ਬੈਕਫੁੱਟ ‘ਤੇ ਆ ਗਈ ਹੈ। ਏਜੰਸੀ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਹ ਉਸ ਨੂੰ ਬਦਨਾਮ ਕਰਨ ਦੀ ਗਿਣੀ ਮਿੱਥੀ ਸਾਜ਼ਿਸ਼ ਹੈ। ਪੱਤਰਕਾਰ ਤੂਰ ਨੇ ਦੱਸਿਆ ਸੀ ਕਿ ਹਮਲਾਵਰਾਂ ਨੇ ਕਿਹਾ ਸੀ ਕਿ ਉਹ ਆਈਐੱਸਆਈ ਤੋਂ ਹਨ। ਪਾਕਿ ਦੇ ਪੱਤਰਕਾਰਾਂ ਨੇ ਕਿਹਾ ਕਿ ਹੁਣ ਤੂਰ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share This :

Leave a Reply