86 ਸਹਾਇਕ ਪ੍ਰੋਫੈਸਰਾਂ ਅਤੇ 300 ਕਰਮਚਾਰੀਆਂ ਦੀ ਭਰਤੀ ਹੋਵੇਗੀ
ਚੰਡੀਗੜ੍ਹ, ਮਿਡਿਆ ਬਿਊਰੋ:
ਪੰਜਾਬ ਯੂਨੀਵਰਸਿਟੀ ਵਿਚ ਕਈ ਵਰ੍ਹਿਆਂ ਮਗਰੋਂ ਰੈਗੂਲਰ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਗਲੇ 4 ਤੋਂ 6 ਮਹੀਨਿਆਂ ਦੇ ਅੰਦਰ ਪੀਯੂ ਦੀਆਂ ਸਾਰੀਆਂ ਪ੍ਰਸ਼ਾਸਨਕ, ਵਿੱਦਿਅਕ ਤੇ ਨਾਨ-ਟੀਚਿੰਗ ਅਸਾਮੀਆਂ ’ਤੇ ਰੈਗੂਲਰ ਭਰਤੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪੀਯੂ ਚਾਂਸਲਰ ਦਫ਼ਤਰ ਵੱਲੋਂ ਪੀਯੂ ਪ੍ਰਸ਼ਾਸਨ ਨੂੰ ਐਡਹਾਕ ਨਿਯੁਕਤੀਆਂ ਲਈ ਝਾਡ਼ ਝੰਬ ਪਾਉਣ ਦੇ ਨਾਲ ਅਸਾਮੀਆਂ ਭਰਨ ਦੇ ਹੁਕਮ ਕੀਤੇ ਗਏ ਹਨ।
ਸੂਤਰਾਂ ਅਨੁਸਾਰ ਸਤੰਬਰ ਮਹੀਨੇ ਪਿੱਛੋਂ ਪੰਜਾਬ ਯੂਨੀਵਰਸਿਟੀ ਵਿਚ ਨੈਸ਼ਨਲ ਅਸੈੱਸਮੈਂਟ ਐਂਡ ਐਕ੍ਰੀਡੇਟੀਏਸ਼ਨਲ ਕੌਂਸਲ (ਨੈੱਕ) ਟੀਮ ਦੇ ਦੌਰੇ ਦੇ ਮੱਦੇਨਜ਼ਰ ਪੀਯੂ ਪ੍ਰਬੰਧਕਾਂ ਨੇ ਖਾਲੀ ਅਸਾਮੀਆਂ ਭਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੀਯੂ ਨੇ ਕਰੀਬ ਪੰਜ-ਛੇ ਵਰ੍ਹਿਆਂ ਤੋਂ ਅਸਥਾਈ ਨਿਯੁਕਤੀ ’ਤੇ ਚੱਲ ਰਹੇ ਰਜਿਸਟ੍ਰਾਰ ਤੇ ਡੀਨ ਕਾਲਜ ਡਵੈਲਪਮੈਂਟ (ਡੀਸੀਡੀਸੀ) ਜਿਹੇ ਦੋ ਮਹੱਤਵਪੂਰਨ ਅਸਾਮੀਆਂ ’ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਜਾਗਰਣ ਗਰੱੁਪ ਨੇ ਪਿਛਲੇ ਸਾਲ 10 ਅਕਤੂਬਰ ਦੇ ਅੰਕ ਵਿਚ ਪੀਯੂ ਵਿਚ ਕੁਲਪਤੀ ਤੋਂ ਇਲਾਵਾ ਕਰੀਬ 12 ਵੱਡੇ ਅਧਿਕਾਰਤ ਅਹੁਦਿਆਂ ’ਤੇ ਪ੍ਰੋਫੈਸਰ ਦੀ ਐਡਹਾਕ ਨਿਯੁਕਤੀ ਦੇ ਮਾਮਲੇ ਨੂੰ ਅਹਿਮੀਅਤ ਦੇ ਕੇ ਛਾਪਿਆ ਸੀ। ਪੀਯੂ ਦੇ ਸਾਬਕਾ ਸੈਨੇਟਰ ਡਾ. ਸੁਭਾਸ਼ ਸ਼ਰਮਾ ਨੇ ਚਾਂਸਲਰ ਦਫ਼ਤਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਮਗਰੋਂ ਪੀਯੂ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਗਿਆ ਸੀ।
ਦੇਸ਼ ਵਿਚ ਰੈਂਕਿੰਗ ਪੱਖੋਂ ਟਾਪ ਯੂਨੀਵਰਸਿਟੀ ਵਿਚ ਪੀਯੂ ਸ਼ੁਮਾਰ ਹੈ। ਕੁਲਪਤੀ ਨੂੰ ਛੱਡ ਕੇ ਕਰੀਬ 12 ਅਹਿਮ ਅਹੁਦਿਆਂ ’ਤੇ ਅਸਥਾਈ ਅਧਿਕਾਰੀਆਂ (ਪ੍ਰੋਫੈਸਰ) ਨਾਲ ਕੰਮ ਚੱਲ ਰਿਹਾ ਹੈ। ਵੱਖ-ਵੱਖ ਵਿਭਾਗਾਂ ਦੇ ਚਹੇਤੇ ਪ੍ਰੋਫੈਸਰਾਂ ਨੂੰ ਨਿਯੁਕਤ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਮਾਮਲੇ ਵਿਚ 4 ਸੈਨੇਟਰ ਪ੍ਰੋ. ਰੌਣਕੀ ਰਾਮ, ਪ੍ਰੋ. ਨਵਦੀਪ ਗੋਇਲ, ਪ੍ਰੋ. ਰਜਤ ਸੰਧੀਰ ਤੇ ਪ੍ਰੋ. ਜਤਿੰਦਰ ਗਰੋਵਰ ਤਕ ਕੁਲਪਤੀ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦੇ ਚੁੱਕੇ ਹਨ। ਕਈ ਪ੍ਰੋਫੈਸਰਾਂ ਨੇ ਤਾਂ 2 ਤੋਂ 3 ਕੁਰਸੀਆਂ ਦੀ ਜ਼ਿੰਮੇਵਾਰੀ ਲਈ ਹੈ। ਰੈਗੂਲਰ ਨਿਯੁਕਤੀ ਲਈ ਰਜਿਸਟ੍ਰਾਰ ਦਾ ਅਹੁਦਾ 2018 ਤੋਂ ਡੀਸੀਡੀਸੀ ਅਹੁਦਾ 2017 ਤੋਂ ਖਾਲੀ ਹੈ।
ਕੰਟਰੋਲਰ (ਇਮਤਿਹਾਨ) ਦੀ ਅਸਾਮੀ ਨਵੰਬਰ 2020 ਵਿਚ ਪ੍ਰੋ. ਪਰਵਿੰਦਰ ਸਿੰਘ ਦੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿਚ ਚਲੇ ਜਾਣ ਮਗਰੋਂ ਖਾਲੀ ਹੈ। ਡਾਇਰੈਕਟਰ ਸਪੋਰਟਸ, ਚੀਫ ਸਕਿਓਰਟੀ ਅਫਸਰ, ਚੀਫ ਲਾਇਬ੍ਰੇਰੀਅਨ, ਕੋਆਰਡੀਨੇਟਰ, ਐੱਨਐੱਸਐੱਸ ਜਿਹੇ ਅਹੁਦਿਆਂ ’ਤੇ ਅਸਥਾਈ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਕਾਬਿਲੇ ਜ਼ਿਕਰ ਹੈ ਕਿ ਰਜਿਸਟ੍ਰਾਰ ਸਾਰੇ ਪ੍ਰਸ਼ਾਸਨਕ ਕੰਮ-ਕਾਜ ਤੇ ਡੀਸੀਡੀਸੀ 195 ਕਾਲਜਾਂ ਦਾ ਮੁਖੀ ਹੁੰਦਾ ਹੈ। ਦੋਵਾਂ ਅਸਾਮੀਆਂ ’ਤੇ ਨਿਯੁਕਤੀਆਂ ਲਈ ਮੁਕਾਬਲਾ ਹੋਵੇਗਾ। ਸੂਚੀ ਵਿਚ ਕਾਨੂੁੰਨ ਵਿਭਾਗ ਦੇ ਚੇਅਰਮੈਨ ਪ੍ਰੋ. ਦਵਿੰਦਰ ਸਿੰਘ, ਸਾਬਕਾ ਡੀਸੀਡੀਸੀ ਪ੍ਰੋ. ਸੰਜੇ ਕੌਸ਼ਿਕ, ਐੱਫਡੀਓ ਵਿਕਰਮ ਨਈਅਰ, ਪ੍ਰਸ਼ਾਂਤ ਗੌਤਮ, ਸਵਿਤਾ ਕਾਂਸਲ, ਪ੍ਰੋ. ਸੋਨਲ ਚਾਵਲਾ, ਪ੍ਰੋ. ਯੋਜਨਾ, ਪ੍ਰੋ. ਮੀਨਾ ਸ਼ਰਮਾ, ਪ੍ਰੋ. ਪ੍ਰੋਮਿਲਾ, ਪ੍ਰੋ. ਲਤਿਕਾ, ਪ੍ਰੋ. ਅਸ਼ੋਕ ਦੇ ਨਾਲ ਹੀ ਸੈਨੇਟ ਵਿਚ ਕਾਲਜਾਂ ਤੋਂ ਪ੍ਰਿੰਸੀਪਲ ਚੋਣ ਖੇਤਰ ਤੋਂ ਜਿੱਤ ਕੇ ਆਏ ਕੁਝ ਪ੍ਰਿੰਸੀਪਲਾਂ ਦੇ ਨਾਂ ਸੰਭਾਵਤ ਉਮੀਦਵਾਰਾਂ ਵਿਚ ਮੰਨੇ ਜਾ ਰਹੇ ਹਨ।
86 ਅਸਿਸਟੈਂਟ ਪ੍ਰੋਫੈਸਰਾਂ ਤੇ 300 ਮੁਲਾਜ਼ਮਾਂ ਲਈ ਹੋਵੇਗੀ ਭਰਤੀ
ਪੀਯੂ ਵਿਚ ਅਧਿਆਪਕਾਂ ਦੀਆਂ 1600 ਅਸਾਮੀਆਂ ਪ੍ਰਵਾਨ ਹਨ ਪਰ ਸਿਰਫ਼ 650 ਅਧਿਆਪਕ ਕਾਰਜਸ਼ੀਲ ਹਨ। ਨੈੱਕ ਗ੍ਰੇਡਿੰਗ ਵਿਚ ਬਿਹਤਰ ਅੰਕ ਹਾਸਿਲ ਕਰਨ ਲਈ ਪੀਯੂ ਪ੍ਰਬੰਧਕ 85 ਅਸਿਸਟੈਂਟ ਪ੍ਰੋਫੈਸਰ ਤੇ 300 ਨਾਨ-ਟੀਚਿੰਗ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰੇਗਾ। ਭਰਤੀ ਨਾਲ ਜੁਡ਼ੀ ਫਾਈਲ ਨੂੰ ਸਿੱਖਿਆ ਮੰਤਰਾਲਾ ਤੋਂ ਪਾਸ ਕਰਵਾਉਣ ਲਈ ਭੇਜਿਆ ਹੈ। ਆਉਂਦੇ ਦੋ ਮਹੀਨਿਆਂ ਦੌਰਾਨ ਇਨ੍ਹਾਂ ਅਸਾਮੀਆਂ ’ਤੇ ਭਰਤੀ ਦੀ ਪ੍ਰਕਿਰਿਆ ਅਰੰਭੀ ਜਾਵੇਗੀ।