ਡੇਰਾਬਸੀ, ਮੀਡੀਆ ਬਿਊਰੋ:
ਆਮ ਆਦਮੀ ਪਾਰਟੀ (AAP) ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ (Kuljit singh Randhawa) ਨੇ ਸ਼ੁਕਰਵਾਰ ਰਾਤੀਂ ਮੁਬਾਰਕਪੁਰ ਪੁਲਿਸ ਚੌਕੀ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਥੋਂ ਦੇ ਚੌਂਕੀ ਇੰਚਾਰਜ ਗੁਲਸ਼ਨ ਕੁਮਾਰ ਅਤੇ ਸਾਥੀਆਂ ਨੂੰ ਚੌਕੀ ‘ਚ ਸ਼ਰਾਬ ਪੀਂਦਿਆਂ ਫੜਿਆ। ਹਲਕਾ ਵਿਧਾਇਕ ਨੇ ਉਕਤ ਚੈਕਿੰਗ ਦੀ ਵੀਡੀਓਗ੍ਰਾਫੀ ਵੀ ਕਰਵਾਈ। ਉਨ੍ਹਾਂ ਚੌਕੀ ਇੰਚਾਰਜ ਨੂੰ ਝਿੜਕਦਿਆਂ ਕਿਹਾ ਕਿ ਕਾਨੂੰਨ ਦੀ ਰਾਖੀ ਕਰਨ ਵਾਲੇ ਜੇਕਰ ਕਾਨੂੰਨ ਤੋੜਣਗੇ ਤਾਂ ਦੇਸ਼ ਦਾ ਕੀ ਬਣੇਗਾ। ਚੌਕੀ ਇੰਚਾਰਜ ਨੇ ਪਹਿਲਾਂ ਤਾਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਬੱਚਿਆਂ ਦਾ ਵਾਸਤਾ ਪਾ ਕੇ ਮਾਫ਼ ਕਰ ਦੇਣ ਲਈ ਮਿੰਨਤਾਂ ਕੀਤੀਆਂ। ਵਿਧਾਇਕ ਨੇ ਮੌਕੇ ’ਤੇ ਡੀਐੱਸਪੀ ਡੇਰਾਬੱਸੀ ਗੁਰਬਖ਼ਸੀਸ ਸਿੰਘ ਮਾਨ ਨੂੰ ਬੁਲਾਇਆ ਜਿਨ੍ਹਾਂ ਚੌਕੀ ਇੰਚਾਰਜ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ’ਤੇ ਮੁਅੱਤਲ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਉਹ ਕਿਸੇ ਧਾਰਮਿਕ ਸਮਾਗਮ ਤੋਂ ਰਾਤੀਂ ਕਰੀਬ ਸਾਢੇ 9 ਵਜੇ ਵਾਪਸ ਆ ਰਹੇ ਸੀ ਜਦੋਂ ਉਹ ਮੁਬਾਰਕਪੁਰ ਪਹੁੰਚੇ ਤਾਂ ਚੌਕੀ ਦੇ ਹਾਲਾਤ ਦੇਖਣ ਲਈ ਅੰਦਰ ਚਲੇ ਗਏ ਜਿੱਥੇ ਪੁਲਿਸ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਸ਼ਰਮਾ ਸਾਥੀਆਂ ਸਮੇਤ ਸ਼ਰਾਬ ਪੀਂਦਾ ਮਿਲਿਆ। ਉਨ੍ਹਾਂ ਮੌਕੇ ’ਤੇ ਡੀਐੱਸਪੀ ਡੇਰਾਬੱਸੀ ਨੂੰ ਸੱਦਿਆ ਤੇ ਉਸ ਦੀ ਸਿਵਲ ਹਸਪਤਾਲ ‘ਚ ਜਾਂਚ ਕਰਵਾਉਣ ਲਈ ਖ਼ੂਨ ਤੇ ਪਿਸ਼ਾਬ ਦੇ ਦੋ-ਦੋ ਨਮੂਨੇ ਲਏ। ਇਨ੍ਹਾਂ ਵਿਚੋਂ ਇਕ ਨਮੂਨਾ ਵਿਧਾਇਕ ਨੇ ਪ੍ਰਾਈਵੇਟ ਲੈਬ ‘ਚ ਜਾਂਚ ਕਰਵਾਉਣ ਲਈ ਭੇਜਿਆ ਜਦੋਂਕਿ ਸਿਵਲ ਹਸਪਤਾਲ ਦੇ ਨਮੂਨਿਆਂ ਦੀ ਰਿਪੋਰਟ ਖਰੜ ਲੈਬ ਜਾਂਚ ਲਈ ਭੇਜੀ ਗਈ ਹੈ। ਰੰਧਾਵਾ ਨੇ ਆਖਿਆ ਕਿ ਉਹ ਸ਼ਰਾਬੀ ਪੁਲਿਸ ਅਫ਼ਸਰ ਨੂੰ ਨੌਕਰੀ ਤੋਂ ਬਰਖ਼ਾਸਤ ਕਰਵਾਉਣਗੇ।
ਓਧਰ ਚੌਂਕੀ ਇੰਚਾਰਜ ਗੁਲਸ਼ਨ ਨੇ ਆਖਿਆ ਕਿ ਉਹ ਡਿਊਟੀ ’ਤੇ ਸੀ। ਉਸਦੇ ਦੋਸਤ ਦਰਿੰਦਰ ਸਿੰਘ ਦਾ ਫ਼ੋਨ ਆਇਆ ਕਿ ਬਾਹਰ ਬੈਠ ਕੇ ਥੋੜ੍ਹੀ ਥਕਾਵਟ ਉਤਾਰ ਲੈਂਦੇ ਹਾਂ। ਉਨ੍ਹਾਂ ਆਪਣੇ ਕੰਮ ਦਾ ਹਵਾਲਾ ਦਿੱਤਾ ਤਾਂ ਉਸ ਮਗਰੋਂ ਉਹ ਬੋਤਲ ਚੌਕੀ ‘ਚ ਹੀ ਲੈ ਆਇਆ। ਇਸ ਮਗਰੋਂ ਉਹ ਪੈੱਗ ਪੀਣ ਹੀ ਲੱਗੇ ਸੀ ਕਿ ਹਲਕਾ ਵਿਧਾਇਕ ਮੌਕੇ ‘ਤੇ ਪਹੁੰਚ ਗਏ।