ਮੋਹਾਲੀ, ਮੀਡੀਆ ਬੀਊਰੋ:
ਇੱਥੇ ਆਮ ਆਦਮੀ ਪਾਰਟੀ ਦੇ ਲੀਡਰ ਦੀ ਕਾਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ। ਇਹ ਕਾਰ ‘ਆਪ’ ਲੀਡਰ ਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ ਕਾਰ ਦੇ ਸ਼ੀਸ਼ੇ ਭੰਨ੍ਹਣ ਦੀ ਘਟਨਾ ਨੂੰ ਬਦਲਾਖੋਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੀਸੀਟੀਵੀ ‘ਚ ਸ਼ਰਾਰਤੀ ਨੌਜਵਾਨ ਆਪਣੇ ਹੱਥਾਂ ‘ਚ ਪੱਥਰ ਤੇ ਇੱਟਾਂ ਲੈ ਕੇ ਸੜਕ ਤੋਂ ਲੰਘਦਾ ਦਿਖਾਈ ਦੇ ਰਹੇ ਹਨ। ਪੁਲਿਸ ਨੇ ਕੁਝ ਹੀ ਘੰਟਿਆਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਟ੍ਰੇਸ ਕਰ ਲਿਆ। ਸੋਹਲ ਨੇ ਦੱਸਿਆ ਕਿ ਇਸ ਘਟਨਾ ਨੂੰ ਜਿਹੜੇ ਪੰਜ ਨੌਜਵਾਨਾਂ ਨੇ ਅੰਜਾਮ ਦਿੱਤਾ ਸੀ, ਉਨ੍ਹਾਂ ਵਿੱਚ ਦੋ ਨਵਾਂਸ਼ਹਿਰ, ਦੋ ਸੈਕਟਰ-66 ਤੇ ਇਕ ਮੋਹਾਲੀ ਸ਼ਹਿਰ ਦਾ ਵਸਨੀਕ ਹੈ।
ਮੋਹਾਲੀ ਦੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੇ ਘਰ ਬਾਹਰ ਖੜ੍ਹੀ ਗੱਡੀ ਦੇ ਕਿਸੇ ਨੇ ਸ਼ੀਸ਼ੇ ਭੰਨ੍ਹ ਦਿੱਤੇ। ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਤੇ ਟਾਇਰ ਨੂੰ ਤੇਜ਼ਧਾਰ ਹਥਿਆਰ ਨਾਲ ਪਾੜ ਦਿੱਤਾ ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਵਾਰਦਾਤ ਨੂੰ ਪੰਜ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਨੌਜਵਾਨਾਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਪੀੜਤ ‘ਆਪ’ ਆਗੂ ਨੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ। ਉਕਤ ਨੌਜਵਾਨਾਂ ਨੂੰ ਪੁਲਿਸ ਵੱਲੋਂ ਥਾਣੇ ਸੱਦਿਆ ਗਿਆ ਜਿੱਥੇ ਨੌਜਵਾਨਾਂ ਦੇ ਮਾਪਿਆਂ ਨੇ ਸੋਹਲ ਤੋਂ ਲਿਖਤੀ ਮਾਫ਼ੀ ਮੰਗਦੇ ਹੋਏ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ।






















