ਨਵਾਂਸ਼ਹਿਰ, ਮੀਡੀਆ ਬਿਊਰੋ:
ਸ਼ਹੀਦੋਂ ਕੀ ਚਿਤਾਓ ਪਰ ਲਗੇਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ, ਮੇਰਾ ਰੰਗ ਦੇ ਬਸੰਤੀ ਚੋਲਾ ਤੇ ਇਨਕਲਾਬ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਨਾਲ ਗੁੰਜਦੀ ਸ਼ਹੀਦ-ਏ-ਆਜਮ ਸ ਭਗਤ ਸਿੰਘ ਦੇ ਅਜਾਇਬ ਘਰ, ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਅਤੇ ਪਿੰਡ ਖਟਕੜ ਕਲਾਂ ’ਚ ਅੱਜ ਸਾਰਾ ਦਿਨ ਰੌਣਕ ਰਹੀ। ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਾਇਬ ਘਰ ਵਿਖੇ ਆਪਣੇ ਦੌਰੇ ਦੌਰਾਨ ਟਵਿੱਟਰ ਅਕਾਉਟ ’ਤੇ ਚਲ ਰਹੀ ਵੀਡੀਓ ਦੌਰਾਨ ਕਿਹਾ ਕਿ ਦੇਸ਼ ਦੀ ਰਖਿਆ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਲਈ ਸੂਬਾ ਸਰਕਾਰ ਵੱਲੋਂ 1 ਕਰੋੜ ਰੁਪਏ ਦੂਜੇ ਦਿਨ ਹੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾ ਕੁਰਬਾਨ ਕਰਨ ਵਾਲਿਆਂ ਨੂੰ ਸਰਕਾਰ ਵਾਪਸ ਤਾਂ ਨਹੀਂ ਲਿਆ ਸਕਦੀ ਪਰ ਉਹ ਸ਼ਹੀਦਾਂ ਦੇ ਪਰਿਵਾਰ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਉਦਿਆਂ ਇਹ ਰਾਸ਼ੀ ਪਰਿਵਾਰ ਨੰ ਛੇਤੀ ਤੋਂ ਛੇਤੀ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ’ਤੇ ਔਖੀ ਘੜੀ ਆਵੇ। ਜਿਸ ’ਚ ਲੋਕਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀ ਪਵੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਸ਼ਹੀਦ ਦੇ ਪਰਿਵਾਰ ਦੇ ਦੁੱਖ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।
ਮੁੱਖ ਮੰਤਰੀ ਪੰਜਾਬ ਕੋਰੋਨਾ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਏ
ਭਾਵੇਂ ਦੇਸ਼ ਅਤੇ ਦੁਨਿਆ ਵਿਚ ਕੋਰੋਨਾ ਦੀ ਲਹਿਰ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਆਏ ਦਿਨ ਕੋਰੋਨਾ ਕਾਰਨ ਲੋਕਾਂ ਦੀ ਜਾਨ ਅਜਾੲੀਂ ਜਾ ਰਹੀ ਹੈ ਪਰ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ’ਚ ਸ਼ਾਮਲ ਹੋਣ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬੀਨੇਟ ਮੰਤਰੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਸਮੇਤ ਹੋਰ ਵਲੰਟੀਅਰ ਵੀ ਕੋਰੋਨਾ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਏ। ਨਾ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਣਕਾ ਮੁਨਾਸਿਬ ਸਮਝਿਆ ਗਿਆ। ਨਾ ਹੀ ਹੱਥਾਂ ਨੂੰ ਸੈਨੀਟਾਈਜ ਕਰਦੇ ਦਿੱਸੇ ਅਤੇ ਨਾ ਹੀ ਸਮਾਜਿਕ ਦੂਰੀ ਦਾ ਪਾਲਣ ਕਰਨਾ ਮੁਨਾਸਿਬ ਸਮਝਿਆ ਗਿਆ। ਜਿਸ ਤੋਂ ਕੋਰੋਨਾ ਨੂੰ ਲੈ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸੰਜੀਦਗੀ ਜਗ ਜਾਹਿਰ ਹੋ ਗਈ। ਇਹੇ ਨਹੀਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐੱਸਐੱਸਪੀ ਕੰਵਰਦੀਪ ਕੌਰ ਸਮੇਤ ਹੋਰ ਵੀ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਅਫ਼ਸਰ ਅਤੇ ਮੁਲਾਜ਼ਮ ਚਿਹਰੇ ਤੇ ਮਾਸਕ ਲਗਾਉਣ ਅਤੇ ਹੋਰਨਾਂ ਹਿਦਾਇਤਾਂ ਦਾ ਪਾਲਣ ਕਰਨ ਲਈ ਸੰਜੀਦਾ ਨਜ਼ਰ ਨਹੀਂ ਆਏ। ਅਜਿਹਾ ਹੀ ਕੁੱਝ 16 ਮਾਰਚ ਨੂੰ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੌਰਾਨ ਨਜ਼ਰ ਆਇਆ ਸੀ।
ਕੋਰੋਨਾ ਤੋਂ ਬਚਾਉਣ ਵਾਲੇ ਸਿਹਤ ਮੁਲਾਜ਼ਮਾਂ ਨੂੰ ਕੀਤਾ ਨਜ਼ਰ ਅੰਦਾਜ
ਜਦਕਿ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਨੂੰ ਦੇਖਦਿਆਂ ਸਿਹਤ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਡਿਉਟੀਆਂ ਮੁੱਖ ਗੇਟਾਂ ’ਤੇ ਬਕਾਇਦਾ ਮਾਸਕ ਲਗਾਏ ਅਤੇ ਹੱਥਾਂ ਵਿਚ ਸੈਨੀਟਾਈਜਰ ਲਏ ਤਾਈਨਾਤ ਰਹੇ ਪਰ ਨਾਂ ਤਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ, ਕੈਬੀਨੇਟ ਮੰਤਰੀਆਂ, ਜ਼ਿਲ੍ਹਾ ਅਫ਼ਸਰਾਂ ਨੂੰ ਹੱਥਾਂ ਨੂੰ ਸੈਨੀਟਾਈਜ ਕਰਨ ਲਈ ਪ੍ਰੇਰਿਤ ਕੀਤਾ ਗਿਆ ਨਾ ਹੀ ਕਿਸੇ ਪੁਲਿਸ ਅਫ਼ਸਰ ਜਾਂ ਪੁਲਿਸ ਮੁਲਾਜ਼ਮ ਵੱਲੋਂ ਉਨ੍ਹਾਂ ਵੱਲ ਬਣਦਾ ਗੌਰ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਪੰਜਾਬ, ਕੈਬੀਨੇਟ ਮੰਤਰੀਆਂ ਅਤੇ ਹੋਰਨਾਂ ਜ਼ਿਲ੍ਹਾ ਅਫ਼ਸਰਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਸੰਜੀਦਗੀ ਵਰਤੀ ਜਾਵੇਗੀ ਤਾਂ ਆਮ ਲੋਕਾਂ ਇਸ ਤੋਂ ਬਚਣ ਲਈ ਕਿਸ ਤਰ੍ਹਾਂ ਜਾਗਰੂਕ ਹੋਣਗੇ।