ਚੰਡੀਗੜ੍ਹ, ਮੀਡੀਆ ਬਿਊਰੋ:
6 ਮਈ ਨੂੰ ਪੰਜਾਬ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਬਹੁਤ ਖ਼ਾਸ ਹੋਵੇਗੀ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਮੁੱਖ ਮਹਿਮਾਨ ਹੋਣਗੇ ਪਰ ਕਈ ਮਸ਼ਹੂਰ ਹਸਤੀਆਂ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਬਣ ਸਕਦੀਆਂ ਹਨ। ਕਨਵੋਕੇਸ਼ਨ ਸਬੰਧੀ ਗਠਿਤ ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਹੈ ਜਿਸ ’ਤੇ ਉਪ ਕੁਲਪਤੀ ਅਤੇ ਸੈਨੇਟ ਨੇ ਆਪਣੀ ਅੰਤਿਮ ਪ੍ਰਵਾਨਗੀ ਦੇਣੀ ਹੈ। ਸੂਤਰਾਂ ਅਨੁਸਾਰ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਵੀ ਕਨਵੋਕੇਸ਼ਨ ਵਿਚ ਬੁਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਨਾਜ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਨੂੰ ਪੀਯੂ ਦੇ ਵਿਸ਼ੇਸ਼ ਅਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮਿਸ ਯੂਨੀਵਰਸ ਹਰਨਾਜ਼ ਪੀਯੂ ਐਫੀਲੀਏਟਿਡ ਜੀਸੀਜੀ-42 ਕਾਲਜ ਵਿਚ ਐਮਏ ਪਬਲਿਕ ਐਡਮਨਿਸਟ੍ਰੇਸ਼ਨ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ। ਇਸ ਮੌਕੇ ਯੂਆਈਸੀਈਟੀ ਵਿਭਾਗ ਦੀ ਵਿਦਿਆਰਥਣ ਤੇ ਮਿਸ ਇੰਡੀਆ ਗ੍ਰੈਂਡ-2020 ਦਾ ਖਿਤਾਬ ਜਿੱਤਣ ਵਾਲੀ ਮਨਿਕਾ ਸਿਓਕੰਦ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਨੀਰਜ ਚੋਪਡ਼ਾ ਤੇ ਕਪਿਲ ਦੇਵ ਖੇਲ ਰਤਨ ਦੇ ਦਾਅਵੇਦਾਰ
ਪੀਯੂ ਦੇ ਵੱਕਾਰੀ ਖੇਡ ਰਤਨ ਐਵਾਰਡ ਲਈ ਕਮੇਟੀ ਅੱਗੇ ਦੋ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਵਿਚ ਓਲੰਪੀਅਨ ਨੀਰਜ ਚੋਪਡ਼ਾ ਅਤੇ ਸਾਬਕਾ ਕ੍ਰਿਕਟਰ ਕਪਿਲ ਦੇਵ ਦਾ ਨਾਂ ਸ਼ਾਮਲ ਹੈ। ਸੂਤਰਾਂ ਮੁਤਾਬਕ ਖੇਲ ਰਤਨ ਸਿਰਫ਼ ਇਕ ਖਿਡਾਰੀ ਨੂੰ ਦਿੱਤਾ ਜਾਣਾ ਹੈ, ਜਿਸ ਵਿਚ ਇਸ ਈਵੈਂਟ ਵਿਚ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਨੌਜਵਾਨ ਅਤੇ ਓਲੰਪਿਕ ਐਥਲੀਟ ਨੀਰਜ ਚੋਪਡ਼ਾ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਵਿਗਿਆਨ ਰਤਨ ਲਈ ਪੀਯੂ ਦੇ ਸਾਬਕਾ ਵਿਦਿਆਰਥੀ ਦਾ ਨਾਂ ਲਗਪਗ ਤੈਅ ਹੋ ਚੁੱਕਾ ਹੈ। ਕਮੇਟੀ ਨੇ ਸਾਹਿਤ ਰਤਨ ਸਬੰਧੀ ਆਪਣੀ ਰਿਪੋਰਟ ਵੀ ਉਪ ਕੁਲਪਤੀ ਨੂੰ ਸੌਂਪ ਦਿੱਤੀ ਹੈ। 26 ਅਪ੍ਰੈਲ ਨੂੰ ਪੀਯੂ ਸੈਨੇਟ ’ਚ ਸਾਰਿਆਂ ਦੇ ਨਾਂ ’ਤੇ ਅੰਤਿਮ ਮੋਹਰ ਲੱਗ ਜਾਵੇਗੀ।